(ਸਮਾਜ ਵੀਕਲੀ)
ਵੋਟਾਂ ਪਈਆਂ, ਨਤੀਜੇ ਆਏ, ਬਸ ਹੁਣ ਸਰਕਾਰ ਬਣਨੀ ਬਾਕੀ ਹੈ, ਬਾਕੀ ਸਭ ਤੁਹਾਡੇ ਸਾਹਮਣੇ ਹੈ ,ਆਪ ਦੀ ਵੱਡੀ ਜਿੱਤ ਹੋ ਗਈ ਹੈ। ਰਵਾਇਤੀ ਰਾਜਸੀ ਪਾਰਟੀਆਂ ਨੂੰ ਦਰਕਿਨਾਰ ਕਰਕੇ ਜਨਤਾ ਨੇ ਆਪਣਾ ਫਤਵਾ ਸੁਣਾ ਦਿੱਤਾ ਹੈ। ਜਨਤਾ ਸਿਆਣੀ ਹੋ ਰਹੀ ਹੈ ਜਾਂ ਆਪਣੇ ਹੱਕ ਲੱਭ ਰਹੀ ਹੈ? ਇਹ ਤਾਂ ਜਿੱਤਣ ਵਾਲੀ ਪਾਰਟੀ ਨੂੰ ਸੋਚਣਾ ਪਵੇਗਾ।ਹਰ ਵਾਰ ਜਿਸ ਨੂੰ ਜਿਤਾਇਆ ਉਸ ਤੋਂ ਬਹੁਤ ਆਸਾਂ ਉਮੀਦਾਂ ਲਾਈਆਂ ਸੀ। ਹੁਣ ਤੁਹਾਡੇ ਤੋਂ ਵੀ ਇਸ ਜਨਤਾ ਨੂੰ ਬਹੁਤ ਉਮੀਦਾਂ ਹਨ।
ਰਵਾਇਤੀ ਪਾਰਟੀਆਂ ਦੀ ਫੇਰ ਬਦਲ , ਵਾਅਦੇ, ਪਹਿਲਾਂ ਪਹਿਲ ਇੱਕ ਇੱਕ ਵਾਰ (ਪੰਜ ਸਾਲ ਲਈ), ਫੇਰ ਦੋ ਦੋ ਵਾਰ (ਦਸ ਦਸ ਸਾਲ) ਮੌਕੇ ਦਿੱਤੇ।ਪਰ ਆਮ ਜਨਤਾ ਦੀ ਝੋਲੀ ਕੀ ਪਿਆ, ਬੇਰੁਜ਼ਗਾਰੀ, ਨਸ਼ੇ ,ਧਰਨੇ, ਮੁਜਾਹਰੇ ,ਲਾਠੀਆਂ ,ਡੰਡੇ ਤੇ ਪਾਣੀ ਦੀਆਂ ਬੁਛਾੜਾਂ। ਮੈਨੀਫੈਸਟੋ ਵਿੱਚ ਕੁਝ ਹੋਰ,ਗੱਦੀ ਤੇ ਬੈਠਦੇ ਕੁਝ ਹੋਰ। ਲੋਕਤੰਤਰ ਸਾਡਾ ਤਹਿਸ ਨਹਿਸ,ਵਿਚਾਰੀ ਜਨਤਾ ਪ੍ਰਯੋਗ ਕਰਦੀ ਰਹੀ ,ਬਦਲ ਕਰਦੀ ਰਹੀ,ਪਰ ਇਹਨਾਂ ਨੇਤਾਵਾਂ ਨੇ ਤਾਂ ਲੋਕਾਂ ਅਤੇ ਲੋਕਤੰਤਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਸੀ। ਕਿਹੜੀ ਜ਼ਾਤ, ਕਿਹੜੇ ਦਿਖਾਵੇ,ਕਿਹੜੇ ਪਾਖੰਡ ਕਰਕੇ ਜਨਤਾ ਖੁਸ਼ ਹੋਵੇਗੀ,ਉਹ ਅਪਣਾ ਕੇ ਉਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਜੁਟ ਜਾਣਾ। ਜਿੱਤਣ ਤੋਂ ਬਾਅਦ ਚਾਰ ਕੁ ਸਾਲ ਐਸ਼ ਪ੍ਰਸਤੀ ਕਰਕੇ ਪੰਜਵੇਂ ਸਾਲ ਅਗਲੀਆਂ ਵੋਟਾਂ ਲੈਣ ਲਈ ਬਰਸਾਤੀ ਡੱਡੂਆਂ ਵਾਲੀ ਟੈਂ ਟੈਂ ਸ਼ੁਰੂ ਕਰ ਦੇਣੀ।
ਭਾਈ ਤੁਹਾਡੀ ਸਰਕਾਰ ਬਣੀਂ ਹੈ, ਵਧਾਈ ਦੇ ਹੱਕਦਾਰ ਹੋ। ਤੁਸੀਂ ਪਹਿਲੀ ਵਾਰ ਪੰਜਾਬ ਦੀ ਕਮਾਂਡ ਸੰਭਾਲ ਰਹੇ ਹੋ। ਜਨਤਾ ਨੂੰ ਬਹੁਤ ਉਮੀਦਾਂ ਹਨ ਤੁਹਾਡੇ ਤੋਂ,ਬਾਕੀ ਤਾਂ ਸਭ ਵਕਤ ਹੀ ਦੱਸੇਗਾ। ਜਨਤਾ ਬਹੁਤ ਸਿਆਣੀ ਹੋ ਗਈ ਹੈ,ਯਾਦ ਰੱਖਿਓ,ਜੇ ਉਹ ਸਿਆਸਤ ਦੇ ਵੱਡੇ ਵੱਡੇ ਥੰਮ ਹਿਲਾ ਸਕਦੀ ਹੈ ਤਾਂ ਉਹ ਤੁਹਾਡੇ ਲਈ ਵੀ ਤੁਹਾਡੀ ਕਾਰਗੁਜ਼ਾਰੀ ਮੁਤਾਬਕ ਤੁਹਾਨੂੰ ਪਿਆਰ ਨਿਵਾਜਣ ਨੂੰ ਤਿਆਰ ਬਰ ਤਿਆਰ ਬੈਠੀ ਹੈ।ਵੋਟਰ ਜਾਗ ਪਿਆ ਹੈ।ਉਹ ਰਿਸ਼ਤਿਆਂ,ਸਬੰਧਾਂ, ਰਿਸ਼ਵਤਾਂ ਭਾਵ ਖਾਣ ਪੀਣ ਵਾਲੀ ਪ੍ਰਵਰਿਤੀ ਤੋਂ ਬਹੁਤ ਉੱਚਾ ਉੱਠ ਚੁੱਕਿਆ ਹੈ।ਉਹ ਤੁਹਾਡੇ ਹਰ ਕੰਮ ਦੀ ਤੁਲਨਾ ਪਹਿਲੀਆਂ ਸਰਕਾਰਾਂ ਨਾਲ ਜ਼ਰੂਰ ਕਰਨਗੇ। ਅੱਜ ਦਾ ਨਾਗਰਿਕ ਬਹੁਤ ਜਾਗਰੂਕ ਹੋ ਚੁੱਕਿਆ ਹੈ।ਉਹ ਆਪਣਾ ਅੱਜ ਸੰਵਾਰ ਕੇ ਕੱਲ੍ਹ ਦਾ ਨਿਰਮਾਣ ਕਰਨਾ ਚਾਹੁੰਦਾ ਹੈ।ਜੇ ਉਸ ਨੂੰ ਇਸ ਵਿੱਚ ਵੀ ਕੋਈ ਸੇਂਧ ਲੱਗਦੀ ਨਜ਼ਰ ਆਈ ਤਾਂ ਉਹ ਆਪਣੀ ਤਾਕਤ ਵਰਤਣ ਲੱਗਿਆ ਦੇਖਦਾ ਨਹੀਂ।
ਅੱਜ ਦੀ ਨਵੀਂ ਸਵੇਰ, ਨਵੀਂ ਸਰਕਾਰ ਨਵੀਂ ਪਾਰਟੀ ਨਾਲ ਬਣ ਰਹੀ ਹੈ। ਜਨਤਾ ਤੁਹਾਡੇ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਲੈ ਕੇ ਖੜੀ ਹੈ। ਉਸ ਨੇ ਇੱਕ ਇੱਕ ਵਾਅਦੇ ਦਾ ਮੁਲਾਂਕਣ ਕਰਨਾ ਹੈ, ਹਿਸਾਬ ਲੈਣਾ ਹੈ, ਤੁਸੀਂ ਉਹਨਾਂ ਨੂੰ ਕਿਹਾ ਕੀ ਸੀ ਅਤੇ ਤੁਸੀਂ ਕਰ ਕੀ ਰਹੇ ਹੋ।ਜਿੱਥੇ ਏਧਰ ਓਧਰ ਭੱਜਣ ਦੀ ਕੋਸ਼ਿਸ਼ ਕੀਤੀ ਓਥੇ ਹੀ ਤੁਹਾਡੇ ਨੰਬਰ ਘੱਟ ਹੋ ਜਾਣਗੇ। ਉਸ ਨੇ ਬਹੁਤ ਉਮੀਦ ਨਾਲ ਤੁਹਾਨੂੰ ਜਿਤਾਇਆ ਹੈ। ਤੁਸੀਂ ਵੀ ਉਹਨਾਂ ਦੀਆਂ ਉਮੀਦਾਂ ਤੇ ਪੂਰੀ ਤਰ੍ਹਾਂ ਖਰੇ ਉਤਰਨਾ। ਆਪਣੇ ਨੰਬਰ ਕਟਵਾਉਣ ਦੀ ਥਾਂ ਵਧਾਉਣ ਦੀ ਕੋਸ਼ਿਸ਼ ਕਰਿਓ। ਨਹੀਂ ਤਾਂ ਇਹ ਫ਼ੇਲ੍ਹ ਕਰਨ ਲੱਗੇ ,ਬੱਸ ਏਨਾ ਹੀ ਸਮਾਂ ਲਗਾਉਂਦੀ ਹੈ ਜਿੰਨ੍ਹਾਂ ਤੁਸੀਂ ਅੱਜ ਜਿੱਤ ਦੇ ਰੂਪ ਵਿੱਚ ਦੇਖਿਆ ਹੈ। ਇਸ ਜਨਤਾ ਵਿੱਚ ਰਬ ਵਸਦਾ ਹੈ।ਇਹ ਸਭ ਜਾਣਦੀ ਹੈ।ਇਸ ਜਿੱਤ ਦੀ ਮੁਬਾਰਕ ਹੋਵੇ ਪਰ ਜਨਤਾ ਦੀ ਉਮੀਦ ਨਾ ਕਦੇ ਤੋੜਿਓ।
ਸਰਕਾਰ ਬਣਦੇ ਹੀ, ਪਹਿਲਾਂ ਆਪਣੇ ਕੀਤੇ ਵਾਅਦਿਆਂ ਦੀ ਸੂਚੀ ਲੈ ਕੇ ਬੈਠ ਜਾਇਓ।ਇਹ ਜਨਤਾ ਆਪਣੇ ਰਾਜ ਦੇ ਮਸਲਿਆਂ ਦੇ ਨਾਲ ਨਾਲ ਉਹਨਾਂ ਨਾਲ਼ ਉਹਨਾਂ ਦੀ ਭਲਾਈ ਲਈ ਕੀਤੇ ਵਾਅਦੇ ਵੀ ਪੂਰੇ ਹੁੰਦੇ ਦੇਖਣਾ ਚਾਹੁੰਦੀ ਹੈ। ਇਹ ਜਨਤਾ ਜਨਾਰਦਨ ਹੈ ਸਭ ਜਾਣਦੀ ਹੈ,ਇਸ ਨੂੰ ਤੁਹਾਡੇ ਤੋਂ ਬਹੁਤ ਉਮੀਦ ਹੈ…।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly