(ਸਮਾਜ ਵੀਕਲੀ)
ਰਤਨ ਦੀ ਆਪਣੀ ਤਨਖਾਹ ਭਾਂਵੇ ਗੁਜਾਰੇ ਜੋਗੀ ਹੀ ਸੀ, ਪਰ ਲੋੜਵੰਦਾਂ ਦੀ ਮਦਦ ਕਰ ਕੇ ਉਸ ਨੂੰ ਬੁਹਤ ਸੁਖ ਮਿਲਦਾ। ਇਕ ਰਾਤ ਉਹ ਸਕੂਟਰ ‘ਤੇ ਕਿੱਧਰੋਂ ਆ ਰਿਹਾ ਸੀ ਕਿ ਉਸ ਨੂੰ ਪੈਟਰੋਲ ਪੰਪ ਦੇ ਨਜਦੀਕ ਇਕ ਆਦਮੀ, ਜਿਸ ਨਾਲ ਉਸ ਦੀ ਪਤਨੀ ਅਤੇ ਬੱਚਾ ਵੀ ਸੀ, ਖੜੇ ਦਿਖਾਈ ਦਿਤੇ l ਉਨ੍ਹਾਂ ਦੇ ਨਜਦੀਕ ਆ ਕੇ ਉਸ ਨੇ ਮਹਿਸੂਸ ਕੀਤਾ ਕਿ ਉਹ ਬਹੁਤ ਹੀ ਪਰੇਸ਼ਾਨ ਨਜ਼ਰ ਆ ਰਹੇ ਹਨ l ਰਤਨ ਤੋਂ ਰਿਹਾ ਨਾ ਗਿਆ ਅਤੇ ਉਸਨੇ ਉਸ ਸੱਜਣ ਨੂੰ ਉਨ੍ਹਾਂ ਦੀ ਪਰੇਸਾਨੀ ਦਾ ਕਾਰਨ ਪੁੱਛਿਆ l ਉਸ ਸੱਜਣ ਨੇ ਦੱਸਿਆ ਕੇ ਅਜੇ ਉਨ੍ਹਾਂ ਨੇ ਇੱਥੋਂ ਕਾਫੀ ਦੂਰ ਜਾਣਾ ਹੈ, ਪਰ ਉਨ੍ਹਾਂ ਦੇ ਸਕੂਟਰ ‘ਚੋਂ ਪੈਟਰੋਲ ਖ਼ਤਮ ਹੋ ਗਿਆ ਹੈ l ਪੈਟਰੋਲ ਪੰਪ ਬੰਦ ਹੈ । ਅਤੇ ਇਥੇ ਨੇੜੇ -ਤੇੜੇ ਹੋਰ ਕੋਈ ਪੈਟਰੋਲ ਪੰਪ ਵੀ ਨਹੀਂ l ਰਤਨ ਉਨ੍ਹਾਂ ਦੀ ਗੱਲ ਸੁਣ ਕੇ ਸੋਚੀ ਪੈ ਗਿਆ l
ਥੋੜੀ ਦੇਰ ਮਗਰੋਂ ਉਹ ਕੁਝ ਦੂਰੀ ‘ਤੇ ਖੜੇ ਆਪਣੇ ਸਕੂਟਰ ਕੋਲ ਗਿਆ ਅਤੇ ਡਿੱਗੀ ‘ਚੋਂ ਬੋਤਲ ਕੱਢ ਕੇ ਆਪਣੇ ਸਕੂਟਰ ‘ਚੋਂ ਪੈਟਰੋਲ ਕੱਢਿਆ ਅਤੇ ਉਨ੍ਹਾਂ ਨੂੰ ਦਿੰਦਿਆਂ ਬੋਲਿਆ, “ਲਓ ਜੀ, ਇਸ ‘ਚੋਂ ਇਨ੍ਹਾਂ ਕੁ ਪੈਟਰੋਲ ਹੈ ਕਿ ਤੁਸੀ ਸੋਖੇ ਹੀ ਆਪਣੀ ਮੰਜਲ ‘ਤੇ ਪਹੁੰਚ ਜਾਓਗੇ l” ਉਸ ਸੱਜਣ ਦੇ ਚਿਹਰੇ ‘ਤੇ ਮੁਸਕਰਾਹਟ ਫੈਲ ਗਈ l ਪੈਟਰੋਲ ਪਾ ਕੇ ਉਸ ਦਾ ਧੰਨਵਾਦ ਕਰਦੇ ਉਹ ਸਭ ਉਥੋਂ ਚੱਲ ਪਏl
ਅਜੇ ਉਹ ਥੋੜੀ ਦੂਰ ਹੀ ਗਏ ਸੀ ਕੇ ਉਹ ਸੱਜਣ ਪਿਛੇ ਬੈਠੀ ਔਰਤ ਨੇ ਰਤਨ ਵੱਲ ਦੇਖਦਿਆਂ ਅਤੇ ਮੁਸਕਰਾਦਿਆਂ ਇਕ ਪਰਚੀ ਉਸ ਵੱਲ ਉਲਾਰ ਦਿਤੀ l
ਰਤਨ ਇਹ ਸੋਚ ਕੇ ਕਿ ਸ਼ਾਇਦ ਉਨ੍ਹਾਂ ਦਾ ਕੁਝ ਡਿਗ ਪਿਆ ਹੈ l ਭੱਜ ਕੇ ਉਸ ਪਰਚੀ ਨੂੰ ਚੁੱਕਿਆ l ਪਰਚੀ ਖੋਲੀ ਤਾਂ ਉਹ ਅੰਤਾਂ ਦਾ ਹੈਰਾਨ ਹੋ ਗਿਆ l ਲਿਖਿਆ ਸੀ, ‘ਤੁਸੀਂ ਮੈਨੂੰ ਬਹੁਤ ਚੰਗੇ ਲੱਗੇ …. ਪਲੀਜ ਇਸ ਨੰਬਰ ‘ਤੇ ਫੋਨ ਜਰੂਰ ਕਰਨਾ, ਮੈਨੂੰ ਇੰਤਜ਼ਾਰ ਰਹੇਗਾ l’ ਨਾਲ ਹੀ ਇਕ ਮੋਬਾਈਲ ਨੰਬਰ ਲਿਖਿਆ ਸੀ l ਰਤਨ ਸ਼ਰਮਸਾਰ ਹੋਇਆ ਥਾਏਂ ਗੱਡਿਆ ਗਿਆ।
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ. ਏ ,ਬੀ. ਐੱਡ ।ਫ਼ਿਰੋਜ਼ਪੁਰ ਸ਼ਹਿਰ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly