ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤੀ ਹਵਾਈ ਸੈਨਾ ਨੇ ਤਾਮਿਲਨਾਡੂ ਦੇ ਕੁੰਨੂਰ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ਬਾਰੇ ‘ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਲਈ ਕਿਹਾ ਹੈ। ਇਸ ਹਾਦਸੇ ’ਚ ਸੀਡੀਐੱਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਫ਼ੌਜੀ ਅਧਿਕਾਰੀ ਹਲਾਕ ਹੋ ਗੲੇ ਸਨ। ਹਵਾਈ ਸੈਨਾ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਹੈਲੀਕਾਪਟਰ ਹਾਦਸੇ ਪਿੱਛੇ ਕਿਸੇ ਸਾਜ਼ਿਸ਼ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਉਧਰ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟਾਂ ਦਾ ਨੋਟਿਸ ਲੈਂਦਿਆਂ ਕਰਨਾਟਕ ਦੇ ਮੁੱਖ ਮੰਤਰੀ ਬਾਸਵਰਾਜ ਬੋਮਈ ਨੇ ਪੁਲੀਸ ਨੂੰ ਕਿਹਾ ਹੈ ਕਿ ਅਜਿਹੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਆਰੰਭੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮੰਦਭਾਗੇ ਹਾਦਸੇ ਬਾਰੇ ਗ਼ਲਤ ਜਾਣਕਾਰੀ ਨਹੀਂ ਦਿੱਤੀ ਜਾਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਹਾਦਸੇ ’ਚ ਬਚੇ ਹਵਾਈ ਸੈਨਾ ਦੇ ਗਰੁੱਪ ਕੈਪਟਨ ਵਰੁਣ ਸਿੰਘ ਦੀ ਛੇਤੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਕਿਹਾ ਕਿ ਉਸ ਦਾ ਬੰਗਲੂਰੂ ਦੇ ਕਮਾਂਡ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ। ਹੈਲੀਕਾਪਟਰ ਹਾਦਸੇ ਦੀ ਜਾਂਚ ਲਈ ਤਿੰਨੋਂ ਸੇਵਾਵਾਂ ਦੀ ਕਮੇਟੀ ਬਣਾਈ ਗਈ ਹੈ ਜਿਸ ਦੀ ਅਗਵਾਈ ਹਵਾਈ ਫ਼ੌਜ ਦੀ ਸਿਖਲਾਈ ਕਮਾਂਡ ਦੇ ਮੁਖੀ ਮਾਰਸ਼ਲ ਮਾਨਵੇਂਦਰ ਸਿੰਘ ਕਰ ਰਹੇ ਹਨ। ਇਕ ਟਵੀਟ ’ਚ ਹਵਾਈ ਸੈਨਾ ਨੇ ਕਿਹਾ ਕਿ ਜਾਂਚ ਤੇਜ਼ੀ ਨਾਲ ਮੁਕੰਮਲ ਕੀਤੀ ਜਾਵੇਗੀ ਅਤੇ ਹੈਲੀਕਾਪਟਰ ਹਾਦਸੇ ਬਾਰੇ ਤੱਥ ਸਾਹਮਣੇ ਲਿਆਂਦੇ ਜਾਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਸੰਸਦ ’ਚ ਿਦੱਤੇ ਬਿਆਨ ਦੌਰਾਨ ਜਾਂਚ ਦੇ ਹੁਕਮ ਦੀ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਹਵਾਈ ਫੌਜ ਦੀ ਅਗਵਾਈ ਹੇਠ ਟੀਮ ਹੈਲੀਕਾਪਟਰ ਹਾਦਸੇ ਦੀ ਜਾਂਚ ਕਰੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly