ਕਰਨਾਲ (ਸਮਾਜ ਵੀਕਲੀ): ਕਰਨਾਲ ਵਿੱਚ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ’ਤੇ ਪੁਲੀਸ ਨੇ ਅੱਜ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨੂੰ ਖੇਤਾਂ ਵਿੱਚ ਖਦੇੜ ਦਿੱਤਾ। ਲਾਠੀਚਾਰਜ ਵਿੱਚ ਕਈ ਕਿਸਾਨ ਜ਼ਖ਼ਮੀ ਹੋ ਗਏ। ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਮੁੜ ਬਸਤਾੜਾ ਟੌਲ ਪਲਾਜ਼ਾ ਜਾਮ ਕਰ ਦਿੱਤਾ। ਜੀਟੀ ਰੋਡ ‘ਤੇ ਪਹੁੰਚੇ ਹਜ਼ਾਰਾਂ ਕਿਸਾਨਾਂ ਨੂੰ ਕਾਬੂ ਕਰਨ ਲਈ ਭਾਰੀ ਪੁਲੀਸ ਬਲ ਮੌਜੂਦ ਹੈ ਪਰ ਕਿਸਾਨ ਖਾਸੇ ਨਾਰਾਜ਼ ਹਨ। ਲਾਠੀਚਾਰਜ ਤੋਂ ਬਾਅਦ ਹੋਈ ਪੱਥਰਬਾਜ਼ੀ ਕਾਰਨ ਜੀਟੀ ਰੋਡ ਵਿੱਚ ਫਸੇ ਕਈ ਵਾਹਨਾਂ ਨੂੰ ਨੁਕਸਾਨ ਪੁੱਜਿਆ। ਮੁੱਖ ਮੰਤਰੀ ਮਨੋਹਰ ਲਾਲ ਦੇ ਨਾਲ ਰਾਜ ਦੇ ਸਾਰੇ ਸੰਸਦ ਮੈਂਬਰ, ਵਿਧਾਇਕ ਅਤੇ ਪਾਰਟੀ ਦੇ ਹੋਰ ਨੇਤਾ ਅੱਜ ਕਰਨਾਲ ਪਹੁੰਚੇ ਹਨ ਤਾਂ ਜੋ ਪੰਚਾਇਤੀ ਚੋਣਾਂ ਦੀ ਰਣਨੀਤੀ ਤਿਆਰ ਕੀਤੀ ਜਾ ਸਕੇ। ਕਿਸਾਨਾਂ ਨੇ ਬੀਤੀ ਰਾਤ ਹੀ ਇਸ ਮੀਟਿੰਗ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ।
ਕਿਸਾਨਾਂ ਨੂੰ ਕਰਨਾਲ ਦੇ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਇਕੱਠੇ ਹੋਣਾ ਸੀ ਪਰ ਪੁਲੀਸ ਨੇ ਘਟਨਾ ਵਾਲੀ ਥਾਂ ‘ਤੇ ਰੇਲਵੇ ਰੋਡ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ। ਇਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂ ਆਲੇ ਦੁਆਲੇ ਦੇ ਪਿੰਡਾਂ ਤੋਂ ਸ਼ਹਿਰ ਆਏ ਪਿੰਡ ਵਾਸੀਆਂ ਨੂੰ ਸ਼ਹਿਰ ਵਿੱਚ ਦਾਖਲਾ ਨਾ ਮਿਲਿਆ ਤਾਂ ਉਨ੍ਹਾਂ ਨੇ ਸਥਾਨਕ ਲੋਕਾਂ ਦੇ ਨਾਲ ਸ਼ਹਿਰ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਵੀ ਕੀਤੇ। ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਪੂਰੇ ਹਰਿਆਣਾ ਵਿੱਚ ਜਾਮ ਦਾ ਸੱਦਾ ਦਿੱਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਸਮਾਗਮ ਦਾ ਵਿਰੋਧ ਕਰਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਠੀਚਾਰਜ ਦੀ ਘਟਨਾ ਦੀ ਜਾਂਚ ਕਰਵਾਈ ਜਾਵੇਗੀ ਅਤੇ ਕਸੂਰਵਾਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly