(ਸਮਾਜ ਵੀਕਲੀ)
ਆਕੇ ਦਿਲ ਵਾਲ਼ੇ ਵਿਹੜੇ ਵਿੱਚ ਬਹਿ ਗਿਆ
ਨਾ ਗਿਆ ਕਿਤੇ ਹੋਰ ਮਿੱਤਰੋ ।
ਸਾਡਾ ਸੁਖ ਚੈਨ ਚੁੱਪ ਚਾਪ ਲੈ ਗਿਆ
ਹੈ ਸੋਹਣਾ ਪੱਕਾ ਚੋਰ ਮਿੱਤਰੋ ।
ਆਕੇ ਸੁਪਨੇ ਚ ਪਹਿਲਾਂ ਸੂਹ ਲੈ ਗਿਆ
ਮਾਰ ਨਜ਼ਰਾਂ ਦੇ ਤੀਰ ਰੂਹ ਲੈ ਗਿਆ
ਉਹਦੀ ਤਸਵੀਰ ਨੈਣਾਂ ਵਿੱਚ ਲਹਿ ਗਈ
ਨਾ ਦਿੱਸੇ ਕੋਈ ਹੋਰ ਮਿੱਤਰੋ ।
ਬਣ ਬਰਛੀ ਉਹ ਸੀਨੇ ਵਿੱਚ ਲਹਿ ਗਿਆ
ਮਰਾਂ ਤਿਲ ਤਿਲ ਖਾਣਾ ਪੀਣਾ ਰਹਿ ਗਿਆ
ਉਹਦੇ ਦਰਸ਼ਨਾਂ ਦੀ ਸਿੱਕ ਇੱਕ ਰਹਿ ਗਈ
ਨਾ ਚਾਹਵਾਂ ਕੁਝ ਹੋਰ ਮਿੱਤਰੋ ।
ਭੋਲ਼ੇ ਭਾਲ਼ੇ ਅਸੀਂ ਰਾਹ ਜਾਂਦੇ ਫਸ ਗਏ
ਸਾਡੇ ਹੰਝੂਆਂ ਨੂੰ ਤੱਕ ਸੋਹਣੇ ਹੱਸ ਪਏ
ਆਪ ਚੰਨ ਵਾਂਗੂ ਬੱਦਲਾਂ ਚ ਛੁੱਪ ਗਏ
ਤੇ ਰੋਂਦੀ ਰਹੇ ਚਕੋਰ ਮਿੱਤਰੋ ।
ਉਹਦੀ ਯਾਦ ਵਿੱਚ ਦਿਨ ਰਾਤ ਗਾਲੀਏ
ਹਰ ਗਲੀ ਪਿੰਡ ਸ਼ਹਿਰ ਦੇਸ਼ ਭਾਲੀਏ
ਬਣ ਮਹਿਕ ਸਾਡੇ ਸਾਹਾਂ ਵਿੱਚ ਲਹਿ ਗਿਆ
ਨਾ ਵੱਸੇ ਕਿਤੇ ਹੋਰ ਮਿੱਤਰੋ ।
ਸਾਡਾ ਸੁਖ ਚੈਨ ਨੀਂਦਰਾਂ ਵੀ ਲੈ ਗਿਆ
ਹੈ ਸੋਹਣਾ ਪੱਕਾ ਚੋਰ ਮਿੱਤਰੋ ।
“ ਪਿਆਰਾ ਸਿੰਘ ਕੁੱਦੋਵਾਲ “