(ਸਮਾਜ ਵੀਕਲੀ)
ਸਭ ਤੋਂ ਪਹਿਲਾ ਮੈ ਖਿਮਾ ਦੀ ਜਾਚਕ ਹਾਂ ,ਅੱਠਵਾਂ ਅੰਕ ਲਿਖਣ ਵਿੱਚ ਦੇਰੀ ਹੋ ਗਈ ਕਿਉਂ ਕੇ ਕਿਸਾਨ ਮੋਰਚੇ ਦੀ ਸੇਵਾ ਵਿੱਚ ਰੁੱਝੀ ਸੀ ਤੇ ਹੁਣ ਆਪਾ ਕਿਸਾਨ ਮੋਰਚਾ ਜਿੱਤ ਗਏ ਹਾਂ ਜਿਸ ਦੀਆਂ ਸਭ ਨੂੰ ਤਹਿਦਿਲੋਂ ਮੁਬਾਰਕਾ ਜੀ।
ਅੱਠਵੇਂ ਅੰਕ ਵਿਚ ਗੱਲ ਕਰ ਰਹੇ ਹਾਂ ਫੇਰ ਪੇਟ ਸੰਬੰਧੀ ਤਕਲੀਫਾਂ ਤੇ ਦਿੱਕਤਾਂ ਬਾਰੇ
ਬਵਾਸੀਰ ਰੋਗ ਕੀ ਹੈ? ਤੇ ਇਸ ਤੋਂ ਬਚਾਅ
ਬਵਾਸੀਰ ਨੂੰ ਪਾਇਲਸ (Piles) ਵੀ ਕਿਹਾ ਜਾਂਦਾ ਹੈ, ਜੋ ਗੁਦਾ ਵਿਚ ਮੌਜੂਦ ਨਾੜੀਆਂ ਵਿਚ ਸੋਜ ਅਤੇ ਤਣਾਅ ਕਾਰਨ ਹੁੰਦਾ ਹੈ। ਬਵਾਸੀਰ ਤੋਂ ਪੀੜਤ ਲੋਕਾਂ ਨੂੰ ਆਪਣੀ ਖੁਰਾਕ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ।
ਅਨਿਯਮਿਤ ਜੀਵਨ ਸ਼ੈਲੀ ਅਤੇ ਖੁਰਾਕ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਗੰਭੀਰ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿੱਚੋਂ ਇੱਕ ਪਾਇਲਸ (ਬਵਾਸੀਰ) ਹੈ। ਇਸ ਵਿਚ ਸ਼ੌਚ (ਲੈਟਰੀਨ) ਕਰਨ ਵੇਲੇ ਬਹੁਤ ਜ਼ਿਆਦਾ ਦਰਦ ਅਤੇ ਖੁਜਲੀ ਹੁੰਦੀ ਹੈ। ਬਵਾਸੀਰ ਦੋ ਕਿਸਮਾਂ ਦੀ ਹੋ ਸਕਦੀ ਹੈ: ਇਕ ਖੂਨੀ ਬਵਾਸੀਰ ਅਤੇ ਦੂਜਾ ਮੱਸੇ ਵਾਲਾ ਬਵਾਸੀਰ
– ਗੁੱਦੇ ਦੀਆਂ ਨਾੜੀਆਂ ਦੀ ਸੋਜਿਸ਼ ਨੂੰ ਬਵਾਸੀਰ ਕਿਹਾ ਜਾਂਦਾ ਹੈ। ਜਦੋਂ ਪੱਖਾਨਾ ਕਰਨ ਲਗੇ ਛੋਟੀਆਂ ਨਾੜੀਆਂ ਦੀ ਪਰਤ ਜ਼ਿਆਦਾ ਖਿੱਚੀ ਜਾਂਦੀ ਹੈ ਅਤੇ ਪਤਲੀ ਹੋ ਜਾਂਦੀ ਹੈ। ਇਸ ਕਰਕੇ ਕਈ ਵਾਰ ਖਾਰਿਸ਼, ਬੇਅਰਾਮੀ ਅਤੇ ਖੂਨ ਨਿਕਲਣ ਲਗ ਜਾਂਦਾ ਹੈ। ਕਦੇ ਕਦੇ ਨਾੜੀਆਂ ਦੀ ਸੋਜਿਸ਼ ਜ਼ਿਆਦਾ ਵੱਧ ਜਾਂਦੀ ਹੈ ਅਤੇ ਗੁੱਦੇ ਦੇ ਰਸਤੇ ਤੋਂ ਬਾਹਰ ਢਿਲਕਣ ਲੱਗ ਜਾਂਦੀਆਂ ਹਨ। ਅਕਸਰ ਇਹ ਖੁਦ ਹੀ ਅੰਦਰ ਚਲੀਆਂ ਜਾਂਦੀਆਂ ਹਨ, ਨਹੀਂ ਤਾਂ ਹੱਥ ਨਾਲ ਹੌਲੀ ਹੌਲੀ ਅੰਦਰ ਕੀਤੀਆਂ ਜਾ ਸਕਦੀਆਂ ਹਨ।
ਬਵਾਸੀਰ ਦੀਆਂ ਕਿਸਮਾਂ:
ਅੰਦਰੂਨੀ ਬਵਾਸੀਰ (ਖੂਨੀ ਬਵਾਸੀਰ)
ਜਦੋਂ ਬਵਾਸੀਰ ਗੁੱਦੇ ਦੇ ਅੰਦਰਲੇ ਹਿੱਸੇ ਵਿੱਚ ਹੋਵੇ, ਤਾਂ ਇਸ ਨੂੰ ਪੀੜਤ ਨਾ ਦੇਖ ਸਕਦਾ ਅਤੇ ਨਾ ਮਹਿਸੂਸ ਕਰ ਸਕਦਾ ਹੈ। ਇਸ ਵਿੱਚ ਦਰਦ ਵੀ ਘੱਟ ਹੁੰਦਾ ਹੈ ਅਤੇ ਖੂਨ ਨਿਕਲਣਾ ਹੀ ਇਸ ਦਾ ਪ੍ਰਮੁੱਖ ਲੱਛਣ ਹੈ।
ਬਾਹਰੀ ਬਵਾਸੀਰ(ਮੱਸੇ ਵਾਲੀ ਬਾਦੀ ਬਵਾਸੀਰ)
ਜਦੋਂ ਬਵਾਸੀਰ ਗੁੱਦੇ ਦੇ ਬਾਹਰਲੇ ਹਿੱਸੇ ਦੀ ਚਮੜੀ ਵਿੱਚ ਹੋਵੇ ਤਾਂ ਇਸ ਵਿੱਚ ਖੂਨ ਨਿਕਲਣ ਦੇ ਨਾਲ ਦਰਦ ਵੀ ਜ਼ਿਆਦਾ ਹੁੰਦਾ ਹੈ। ਕਈ ਵਾਰੀ ਖੂਨ ਅੰਦਰ ਜੰਮਕੇ ਚਮੜੀ ਦਾ ਰੰਗ ਨੀਲਾ ਕਰ ਦਿੰਦਾ ਹੈ, ਜਿਸ ਕਰਕੇ ਖਾਰਸ਼ ਅਤੇ ਦਰਦ ਹੁੰਦਾ ਹੈ। ਖੂਨ ਬਾਹਰ ਨਿਕਲਣ ਤੋਂ ਬਾਅਦ ਪਿੱਛੇ ਬਚੀ ਸੁੰਗੜੀ ਹੋਈ ਚਮੜੀ ਪ੍ਰੇਸ਼ਾਨ ਕਰਦੀ ਹੈ।
ਬਵਾਸੀਰ ਦੇ ਕਾਰਨ:
ਕਾਰਨ : ਵੰਸ਼ ਪ੍ਰੰਪਰਾ, ਕਬਜ਼, ਸ਼ਰਾਬ, ਮੀਟ, ਤੰਬਾਕੂ, ਦਿਲ ਦੇ ਰੋਗ, ਫਾਸਟ ਫੂਡ, ਲਿਵਰ ਰੋਗ ਤੇ ਕਸਰਤ ਨਾ ਕਰਨਾ ਇਸ ਰੋਗ ਦੇ ਮੁੱਖ ਕਾਰਨ ਹਨ। ਇਨ੍ਹਾਂ ਵਿੱਚੋਂ ਕਿਸੇ ਵੀ ਕਾਰਨ ਕਰਕੇ ਗੁੱਦਾ ਉੱਪਰੀ ਹਿੱਸੇ ਦਾ ਲਹੂ ਇੱਕ ਖ਼ਾਸ ਸਿਰਾ ਦੁਆਰਾ (ਪੋਰਟਲ ਵੇਨ) ਲਿਵਰ ਵਿੱਚ ਜਾਂਦਾ ਹੈ। ਕਿਸੇ ਵੀ ਕਾਰਨ ਕਰਕੇ ਪੋਰਟਲ ਵੇਨ ਵਿੱਚ ਜ਼ਿਆਦਾ ਦਬਾਅ ਕਾਰਨ, ਉਹ ਲਹੂ ਵਾਪਸ ਨਹੀਂ ਜਾਂਦਾ ਤੇ ਉਲਟਾ ਗੁੱਦਾ ਦੀਆਂ ਧਮਣੀਆਂ ਨੂੰ ਫੁਲਾ ਦਿੰਦਾ ਹੈ, ਤੋਂ ਬਵਾਸੀਰ ਦਾ ਅਰੰਭ ਹੁੰਦਾ ਹੈ।
ਨਾੜੀਆਂ ਵਿੱਚ ਦਬਾਅ ਵੱਧ ਜਾਣ ਕਾਰਨ ਨਾੜੀਆਂ ਵਿੱਚ ਸੋਜਿਸ਼ ਆ ਜਾਂਦੀ ਹੈ ਅਤੇ ਨਾੜੀਆਂ ਵਿੱਚ ਖੂਨ ਨਾਲ ਭਰ ਜਾਂਦੀਆਂ ਹਨ। ਇਸ ਕਰਕੇ ਨਾੜੀਆਂ ਫੁਲ ਜਾਂਦੀਆਂ ਹਨ, ਜਿਸ ਨਾਲ ਤਕਲੀਫ਼ ਹੁੰਦੀ ਹੈ।
ਮਿਰਚ-ਮਸਾਲਿਆਂ ਤੋਂ ਪਰਹੇਜ਼ ਕਰੋ
ਬਹੁਤ ਸਾਰੇ ਲੋਕ ਮਿਰਚ ਅਤੇ ਮਸਾਲੇਦਾਰ ਮਸਾਲੇ ਵਾਲਾ ਭੋਜਨ ਬਹੁਤ ਪਸੰਦ ਕਰਦੇ ਹਨ, ਪਰ ਬਵਾਸੀਰ ਤੋਂ ਪੀੜਤ ਮਰੀਜ਼ਾਂ ਨੂੰ ਹਰੀ ਜਾਂ ਲਾਲ ਮਿਰਚਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਥਿਤੀ ਨੂੰ ਹੋਰ ਬਦਤਰ ਬਣਾਉਂਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਮਜ਼ਬੂਤ ਮਸਾਲੇ ਦੇ ਸੇਵਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ।
ਨਸ਼ਾ ਬੇਹਦ ਖਤਰਨਾਕ
ਬਵਾਸੀਰ ਮਰੀਜ਼ਾਂ ਲਈ ਨਸ਼ਾ ਕਰਨਾ ਖ਼ਤਰਨਾਕ ਹੋ ਸਕਦਾ ਹੈ। ਜੋ ਲੋਕ ਸੁਪਾਰੀ, ਗੁਟਖਾ, ਪਾਨ ਮਸਾਲੇ ਦੇ ਸ਼ੌਕੀਨ ਹਨ, ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬਵਾਸੀਰ ਦੇ ਮਰੀਜ਼ਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਕ ਵਾਰ ਜਦੋਂ ਨਸ਼ੇ ਦੀ ਆਦਰ ਪੈ ਜਾਂਦੀ ਹੈ ਤਾਂ ਉਨ੍ਹਾਂ ਦਾ ਪੇਟ ਨਸ਼ਾ ਕੀਤੇ ਬਿਨਾਂ ਸਾਫ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ ਜੇ ਕਿਸੇ ਨੂੰ ਨਸ਼ੇ ਦੀ ਆਦਤ ਹੈ ਤਾਂ ਬਵਾਸੀਰ ਦੀ ਸਥਿਤੀ ਗੰਭੀਰ ਹੋ ਸਕਦੀ ਹੈ।
ਬਾਹਰ ਖਾਣ ਤੋਂ ਪਰਹੇਜ਼ ਕਰੋ
ਬਵਾਸੀਰ ਦੇ ਮਰੀਜ਼ਾਂ ਨੂੰ ਬਾਹਰੀ ਭੋਜਨ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਹੋਟਲ ਜਾਂ ਰੈਸਟੋਰੈਂਟ ਵਿਚ ਉਪਲਬਧ ਖਾਣੇ ਵਿਚ ਵਧੇਰੇ ਮਸਾਲੇ ਅਤੇ ਤੇਲ ਹੁੰਦਾ ਹੈ, ਜਿਸ ਕਾਰਨ ਪਾਚਨ ਦੇ ਵਿਗੜਨ ਦਾ ਖ਼ਤਰਾ ਹੁੰਦਾ ਹੈ। ਅਜਿਹੇ ਲੋਕਾਂ ਨੂੰ ਵੀ ਮੀਟ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਜੋ ਵੀ ਮਾਸਾਹਾਰੀ ਭੋਜਨ ਬਣਾਇਆ ਜਾਂਦਾ ਹੈ, ਉਹ ਤੇਜ਼ ਮਸਾਲੇ ਨਾਲ ਹੀ ਸੁਆਦ ਲੱਗਦਾ ਹੈ।
ਜੰਕ ਫੂਡ ਖਾਣਾ ਬਹੁਤ ਸੁਆਦ ਹੁੰਦਾ ਹੈ, ਇਹ ਸਿਹਤ ਲਈ ਨੁਕਸਾਨਦੇਹ ਹੈ ਕਿਉਂਕਿ ਇਸ ਵਿਚ ਪੌਸ਼ਟਿਕ ਚੀਜ਼ਾਂ ਦੀ ਥਾਂ ਚਰਬੀ ਅਤੇ ਬੇਲੋੜੀ ਕਾਰਬੋਹਾਈਡਰੇਟ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਬਵਾਸੀਰ ਦੇ ਮਰੀਜ਼ਾਂ ਨੂੰ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
. ਪੁਰਾਣੀ ਕਬਜ਼ੀ ਜਾਂ ਦਸਤ
. ਪਖ਼ਾਨੇ ਕਰਨ ਲੱਗੇ ਜ਼ਿਆਦਾ ਜ਼ੋਰ ਲਗੌਣਾ।
. ਟਾਇਲਟ ਸੀਟ ਉੱਪਰ ਲੰਬੇ ਸਮੇਂ ਤੱਕ ਬੈਠਣਾ।
. ਮੋਟਾਪਾ।
. ਗਰਬ-ਅਵਸਥਾ।
. ਘੱਟ ਫਾਈਬਰ ਵਾਲਾ ਭੋਜਨ ਜਿਸ ਕਾਰਨ ਪਖ਼ਾਨਾ ਸਖ਼ਤ ਹੋ ਜਾਂਦਾ ਹੈ।
. ਬਜ਼ੁਰਗ ਅਵਸਥਾ
. ਨਸਾ ਦਾ ਕਮਜੋਰ ਹੋ ਜਾਣਾ
ਬਵਾਸੀਰ ਦੇ ਲੱਛਣ:
. ਗੁੱਦੇ ਦੇ ਆਲੇ ਦਵਾਲੇ ਖਾਰਿਸ਼ ਜਾਂ ਜਲਨ ਹੋਣਾ।
. ਪਖ਼ਾਨੇ ਨਾਲ ਖੂਨ ਆਉਣਾ।
. ਗੁੱਦੇ ਦੇ ਆਲੇ ਦਵਾਲੇ ਸੋਜਿਸ਼ ਅਤੇ ਗੰਢ ਹੋਣਾ।
ਬਵਾਸੀਰ ਦਾ ਪ੍ਰਹੇਜ਼ ਅਤੇ ਇਲਾਜ
. ਬਵਾਸੀਰ ਦਾ ਸੱਬ ਤੋਂ ਆਸਾਨ ਪ੍ਰਹੇਜ਼ ਹੈ ਕਿ ਕਬਜ਼ ਨਾ ਹੋਣ ਦਿਓ।
. ਖਾਣੇ ਵਿਚ ਫਾਈਬਰ ਦੀ ਮਾਤਰਾ ਵਧਾਓ :
. ਦਿਨ ਵਿੱਚ ਘਟੋ ਘੱਟ 25 ਤੋਂ 30 ਗ੍ਰਾਮ ਫਾਈਬਰ ਵਾਲੇ ਖਾਣੇ ਦਾ ਸੇਵਨ ਕਰੋ। ਦਾਲਾਂ, ਮਟਰ, ਫਲਿਆਂ, ਕਣਕ, ਬ੍ਰੋਕੱਲੀ, ਬ੍ਰੈਡ, ਰਾਜਮਾ, ਸੇਬ, ਕੇਲੇ ਆਦਿ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ।
. ਵੱਧ ਤੋਂ ਵੱਧ ਮੂਲੀ ਖਾਓ
. ਵੱਧ ਤੋਂ ਵੱਧ ਪਾਣੀ ਪੀਓ, ਜਿਸ ਨਾਲ ਕਬਜ਼ ਨਹੀਂ ਹੋਵੇਗੀ।
. ਹਲਕੀ ਕਸਰਤ ਕਰੋ
. ਕਬਜ਼ੀ ਠੀਕ ਕਰਨ ਲਈ ਜੁਲਾਬ ਦੀ ਵਰਤੋਂ ਧਿਆਨ ਨਾਲ ਕਰੋ :
ਕਈ ਜੁਲਾਬ ਅੰਤੜੀਆਂ ਨੂੰ ਦਬਾਅ ਵੱਧਾ ਦਿੰਦੇ ਹਨ ਜਿਸ ਨਾਲ ਅੰਤੜੀਆਂ ਦੀ ਝਿੱਲੀ ਸੁੰਗੜ ਕੇ ਪਖ਼ਾਨੇ ਨੂੰ ਬਾਹਰ ਨੂੰ ਧੱਕਦੀ ਹੈ। ਇਸ ਨਾਲ ਨਾੜੀਆਂ ਵਿਚ ਵੀ ਦਬਾਅ ਵੱਧ ਜਾਂਦਾ ਹੈ।
. ਪਖ਼ਾਨੇ ਦੀ ਹਾਜ਼ਤ ਨੂੰ ਨਜ਼ਰ ਅੰਦਾਜ਼ ਨਾ ਕਰੋ :
ਟਾਇਲਟ ਜਾਣ ਲਈ ਸਿਰਫ਼ ਇੱਕ ਨਿਯਮਤ ਸਮੇਂ ਨਾ ਰੱਖੋ। ਜੇਕਰ ਤੁਹਾਨੂੰ ਪਖ਼ਾਨੇ ਦੀ ਹਾਜ਼ਤ ਹੁੰਦੀ ਹੈ ਤਾਂ ਇੰਤਜ਼ਾਰ ਨਾ ਕਰੋ। ਟਾਲਣ ਨਾਲ ਪਖ਼ਾਨੇ ਸਖ਼ਤ ਹੋ ਸਕਦੇ ਹਨ।
. ਜ਼ੋਰ ਲਗਾਉਣ ਤੋਂ ਪ੍ਰਹੇਜ਼ ਕਰੋ :
ਜ਼ੋਰ ਲਗਾਉਣ ਨਾਲ਼ ਨਾੜੀਆਂ ਵਿੱਚ ਦਬਾਅ ਵੱਧ ਜਾਂਦਾ ਹੈ।
ਬਵਾਸੀਰ ਦੇ ਮਰੀਜ਼ ਇਹ ਚੀਜ਼ਾਂ ਜ਼ਰੂਰ ਖਾਣ
ਬਵਾਸੀਰ ਦੇ ਮਰੀਜ਼ਾਂ ਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ, ਕਿਉਂਕਿ ਉਨ੍ਹਾਂ ਵਿੱਚ ਬਹੁਤ ਸਾਰੇ ਐਂਟੀ-ਆਕਸੀਡੈਂਟ ਅਤੇ ਪੌਸ਼ਟਿਕ ਤੱਤ ਹੁੰਦੇ ਹਨ। ਪੱਤੇਦਾਰ ਸਬਜ਼ੀਆਂ ਖਾਣ ਨਾਲ ਪਾਚਨ ਬਿਹਤਰ ਹੁੰਦਾ ਹੈ। ਬਵਾਸੀਰ ਦੇ ਮਰੀਜ਼ਾਂ ਨੂੰ ਪਾਲਕ, ਗੋਭੀ, ਸ਼ਿੰਗਾਰਾ, ਗੋਭੀ ਖੀਰੇ, ਗਾਜਰ, ਪਿਆਜ਼ ਆਦਿ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਦਿਨ ਵਿਚ ਘੱਟੋ ਘੱਟ 3 ਤੋਂ 4 ਲੀਟਰ ਪਾਣੀ ਪੀਣਾ ਚਾਹੀਦਾ ਹੈ, ਕਿਉਂਕਿ ਜ਼ਿਆਦਾ ਪਾਣੀ ਪੀਣ ਨਾਲ ਜ਼ਹਿਰੀਲੇ ਪਿਸ਼ਾਬ ਰਾਹੀਂ ਬਾਹਰ ਨਿਕਲਦੇ ਹਨ. ਇਸ ਦੇ ਨਾਲ ਹੀ ਕਬਜ਼ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ।
ਬਵਾਸੀਰ ਦੇ ਮਰੀਜ਼ਾਂ ਨੂੰ ਜਵੇ (ਓਟਸ), ਬਰਾਉਨ ਰਾਈਸ (ਭੂਰੇ ਚਾਵਲ), ਮਲਟੀ ਗ੍ਰੇਨ ਬ੍ਰੈਡ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਉਹ ਆਸਾਨੀ ਨਾਲ ਹਜ਼ਮ ਹੋ ਜਾਂਦੇ ਹਨ ਅਤੇ ਲੈਟਰੀਨ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ। ਦਹੀਂ ਜਾਂ ਮੱਖਣ ਦੇ ਸੇਵਨ ਨਾਲ ਪਾਚਨ ਬਿਹਤਰ ਹੁੰਦਾ ਹੈ ਤਾਂ ਕਿ ਅੰਤੜੀਆਂ ਦੀ ਸਮੱਸਿਆ ਵਿਚ ਕੋਈ ਮੁਸ਼ਕਲ ਨਾ ਆਵੇ।
.ਮੂਲੀ ਦਾ ਸੇਵਨ ਬਵਾਸੀਰ ਵਿਚ ਵੀ ਲਾਭਕਾਰੀ ਹੋ ਸਕਦਾ ਹੈ। ਜੇ ਮੂਲੀ ਦਾ ਨਿਯਮਿਤ ਤੌਰ ‘ਤੇ ਸੇਵਨ ਕੀਤਾ ਜਾਵੇ ਤਾਂ ਬਵਾਸੀਰ ਦੀ ਸਮੱਸਿਆ ਠੀਕ ਹੋ ਜਾਂਦੀ ਹੈ।
. ਖੁਲੇ ਅਤੇ ਆਰਾਮਦਾਇਕ ਕੱਪੜੇ ਪਹਿਨੋ। ਸਿਨਥੇਟਿਕ ਕੱਪੜਿਆਂ ਦੀ ਜਗਾਹ ਕਾਟਨ ਤੋਂ ਬਣੇ ਕੱਪੜਿਆਂ ਨੂੰ ਤਰਜੀਹ ਦਿਓ।
. ਬਰਫ਼ ਨੂੰ ਕਿਸੇ ਕੱਪੜੇ ਜਾਂ ਤੋਲਿਆ ਵਿੱਚ ਪਾਕੇ ਟਕੋਰ ਕਰੋ। ਇਸ ਨਾਲ ਦਰਦ ਅਤੇ ਸੋਜਿਸ਼ ਨੂੰ ਕੁੱਝ ਸਮੇਂ ਲਈ ਆਰਾਮ ਮਿਲੇਗਾ।
. ਕਵਾਂਰ ਗੰਦਲ ਦੀ ਜੈੱਲ ਨੂੰ ਗੁੱਦੇ ਦੀ ਚਮੜੀ ਤੇ ਲਗਾਉਣ ਨਾਲ ਖਾਰਿਸ਼ ਅਤੇ ਜਲੂਣ ਘੱਟ ਜਾਂਦੀ ਹੈ।
. ਗਰਮ ਪਾਣੀ ਨਾਲ ਨਹਾਉਣ ਤੋਂ ਬਾਅਦ ਚਮੜੀ ਨੂੰ ਚੰਗੀ ਤਰਾਹ ਸੁੱਕਾ ਲਵੋ। ਇਸ ਨਾਲ ਜਲੂਣ ਅਤੇ ਜਲਣ ਨੂੰ ਅਰਾਮ ਮਿਲੇਗਾ।
. ਖਾਰਿਸ਼ ਹੋਣ ’ਤੇ ਗੁੱਦੇ ਦੀ ਚਮੜੀ ’ਤੇ ਖੁਰਕ ਨਾ ਕਰੋ।
ਫਾਈਬਰ ਵਾਲੀਆਂ ਚੀਜਾਂ ਜਿਆਦਾ ਖਾਓ ਪਾਣੀ ਜਿਆਦਾ ਪੀਓ, ਚਿੰਤਾ ,ਤਣਾਓ ਤੇ ਕਲੇਸ਼ਾਂ ਤੋ ਦੂਰ ਰਹੋ ਖੁੱਦ ਖੁਸ਼ ਰਹੋ ਤੇ ਦੂਜਿਆਂ ਨੂੰ ਵੀ ਖੁਸ਼ ਰੱਖੋ।
ਨੌਵੇਂ ਅੰਕ ਵਿਚ ਗੱਲ ਕਰਾਗੇ ਫੇਰ ਪੇਟ ਸੰਬੰਧੀ ਤਕਲੀਫਾਂ ਫੈਟੀ ਲੀਵਰ ਜਿਗਰ ਦਾ ਵੱਧ ਜਾਣਾ ਤੇ ਦਿੱਕਤਾਂ ਬਾਰੇ
ਵਾਹਿਗੁਰੂ ਤੁਹਾਨੂੰ ਸਾਰੇ ਰੋਗਾਂ ਤੋਂ ਬਚਾਵੇ,
ਇਹੀ ਕਾਮਨਾ ਕਰਦੀ ਹੈ ਤੁਹਾਡੀ ਅਪਣੀ ਡਾਕਟਰ
ਡਾ ਲਵਪ੍ਰੀਤ ਕੌਰ “ਜਵੰਦਾ”
9814203357
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly