ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸਿਵਲ ਸਰਜਨ ਦਫ਼ਤਰ ਦੇ ਘਿਰਾਓ ਦਾ ਐਲਾਨ
ਮਾਨਸਾ (ਸਮਾਜ ਵੀਕਲੀ) ( ਔਲਖ ) ਪਿਛਲੇ ਲੱਗਭਗ ਦੋ ਸਾਲ ਤੋਂ ਸਿਹਤ ਮੁਲਾਜ਼ਮ ਕੋਵਿਡ ਮਹਾਂਮਾਰੀ ਨਾਲ ਸਬੰਧਤ ਕੰਮਾਂ ਵਿੱਚ ਬਿਨਾਂ ਕਿਸੇ ਐਤਵਾਰ ਅਤੇ ਗਜ਼ਟਿਡ ਛੁੱਟੀ ਤੋਂ ਲਗਾਤਾਰ ਡਿਊਟੀਆਂ ਨਿਭਾਉਂਦੇ ਆ ਰਹੇ ਹਨ। ਕਿਸੇ ਵੀ ਐਮਰਜੈਂਸੀ ਹਾਲਾਤਾਂ ਵਿੱਚ ਅੱਜ ਵੀ ਸਿਹਤ ਕਾਮੇ 24 ਘੰਟੇ ਕੰਮ ਕਰਨ ਲਈ ਤਿਆਰ ਬਰ ਤਿਆਰ ਹਨ ਪਰ ਅੱਜ ਦੇ ਸਮਾਨ ਹਾਲਾਤਾਂ ਵਿੱਚ ਜਦੋਂ ਕਰੋਨਾ ਦਾ ਕੋਈ ਕੇਸ ਨਹੀਂ ਆ ਰਿਹਾ ਅਤੇ ਟੀਕਾਕਰਨ ਵੀ ਕਾਫੀ ਹੱਦ ਤੱਕ ਹੋ ਚੁੱਕਾ ਹੈ ਤੱਦ ਵੀ ਉੱਚ ਅਧਿਕਾਰੀਆਂ ਵੱਲੋਂ ਆਪਣੇ ਆਂਕੜਿਆਂ ਦੀ ਖੇਡ ਖੇਡਦਿਆਂ ਐਤਵਾਰ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ ਸਿਹਤ ਕਾਮਿਆਂ ਦੀਆਂ ਜ਼ਬਰੀ ਡਿਊਟੀਆਂ ਲਗਾ ਕੇ ਛੁੱਟੀ ਦੇ ਬੁਨਿਆਦੀ ਹੱਕ ਤੇ ਡਾਕਾ ਮਾਰਿਆ ਜਾ ਰਿਹਾ ਹੈ। ਇਸਦੇ ਰੋਸ ਵਜੋਂ ਮਾਨਸਾ ਜ਼ਿਲ੍ਹੇ ਦੇ ਸਿਹਤ ਕਾਮਿਆਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਿਹਤ ਮੁਲਾਜ਼ਮ ਤਾਲਮੇਲ ਕਮੇਟੀ ਦੇ ਬੈਨਰ ਹੇਠ ਇੱਕ ਹੰਗਾਮੀ ਮੀਟਿੰਗ ਸੱਦੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਹਤ ਮੁਲਾਜ਼ਮ ਤਾਲਮੇਲ ਕਮੇਟੀ ਦੇ ਬੁਲਾਰੇ ਜਗਦੀਸ਼ ਸਿੰਘ ਪੱਖੋ ਨੇ ਕਿਹਾ ਕਿ ਛੁੱਟੀ ਵਾਲੇ ਦਿਨ ਡਿਊਟੀਆਂ ਲਗਾਉਣ ਦਾ ਜੋ ਗੈਰ ਸੰਵਿਧਾਨਕ ਹੁਕਮ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਵੱਲੋਂ ਥੋਪਿਆ ਜਾ ਰਿਹਾ ਹੈ ਦੇ ਸਬੰਧ ਵਿੱਚ ਅਨੇਕਾਂ ਵਾਰ ਤਾਲਮੇਲ ਕਮੇਟੀ ਵੱਲੋਂ ਸਬੰਧਤ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਪ੍ਰੰਤੂ ਛੁੱਟੀ ਵਾਲੇ ਦਿਨਾਂ ਵਿੱਚ ਮੁਲਾਜ਼ਮਾਂ ਦੀਆਂ ਡਿਊਟੀਆਂ ਉਸੇ ਤਰ੍ਹਾਂ ਲਗਾਈਆਂ ਜਾ ਰਹੀਆਂ ਹਨ। ਇਸ ਦੇ ਵਿਰੋਧ ਵਿੱਚ ਬੀਤੇ ਐਤਵਾਰ ਜ਼ਿਲ੍ਹੇ ਦੇ ਸਮੂਹ ਸਿਹਤ ਮੁਲਾਜ਼ਮਾਂ ਵੱਲੋਂ ਉਕਤ ਡਿਊਟੀਆਂ ਦਾ ਵਿਰੋਧ ਕਰਦੇ ਹੋਏ ਮੁਕੰਮਲ ਬਾਈਕਾਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਜ਼ਬਰੀ ਡਿਊਟੀਆਂ ਲਗਾਉਣ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਂਦੇ ਦਿਨਾਂ ਵਿੱਚ ਜ਼ਿਲ੍ਹੇ ਦੇ ਸਮੂਹ ਸਿਹਤ ਕਾਮੇ ਸਿਵਲ ਸਰਜਨ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਦੇਣ ਲਈ ਮਜਬੂਰ ਹੋਣਗੇ।
ਮੀਟਿੰਗ ਦੌਰਾਨ ਤਾਲਮੇਲ ਕਮੇਟੀ ਦੇ ਬੁਲਾਰੇ ਡਾਕਟਰ ਅਰਸ਼ਦੀਪ ਸਿੰਘ ਨੇ ਕਿਹਾ ਕਿ ਜਿਥੇ ਸਿਹਤ ਮੁਲਾਜ਼ਮਾਂ ਦੀ ਅਣਥੱਕ ਮਿਹਨਤ ਸਦਕਾ ਵੱਖ ਵੱਖ ਖੇਤਰਾਂ ਵਿੱਚ ਸਿਹਤ ਵਿਭਾਗ ਨੂੰ ਸਨਮਾਨ ਪ੍ਰਾਪਤ ਹੋ ਰਹੇ ਹਨ ਉਥੇ ਸਿਹਤ ਅਧਿਕਾਰੀਆਂ ਵੱਲੋਂ ਸਿਹਤ ਕਰਮਚਾਰੀਆਂ ਦੇ ਛੁੱਟੀ ਦੇ ਹੱਕ ਨੂੰ ਹੀ ਖੋਹਿਆ ਜਾ ਰਿਹਾ ਹੈ। ਇਸ ਮੌਕੇ ਤੇ ਬੋਲਦਿਆਂ ਮੁਲਾਜ਼ਮ ਆਗੂ ਰਾਜਵੀਰ ਕੌਰ ਨੇ ਕਿਹਾ ਜ਼ਿਲੇ ਦੇ ਉੱਚ ਅਧਿਕਾਰੀ ਸ਼ਾਇਦ ਇਹ ਗੱਲ ਭੁੱਲ ਗਏ ਹਨ ਕਿ ਮੁਲਾਜ਼ਮ ਹੋਣ ਦੇ ਨਾਲ ਨਾਲ ਅਸੀਂ ਆਪਣੇ ਪਰਿਵਾਰਾਂ ਦੇ ਮੁੱਖ ਮੈਂਬਰ ਵੀ ਹਾਂ ਜਿਸ ਕਰਕੇ ਸਾਨੂੰ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਹਨ।
ਉਨ੍ਹਾਂ ਕਿਹਾ ਕਿ ਹਫਤੇ ਵਿੱਚ ਐਤਵਾਰ ਜਾਂ ਗਜ਼ਟਿਡ ਛੁੱਟੀ ਹੀ ਹੁੰਦੀ ਹੈ ਜਿਸ ਦੌਰਾਨ ਅਸੀਂ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਦੇ ਨਾਲ ਨਾਲ ਹੋਰ ਘਰੇਲੂ ਕੰਮ ਨਿਪਟਾਉਣੇ ਹੁੰਦੇ ਹਨ। ਜਿਸ ਕਰਕੇ ਸਾਨੂੰ ਸੰਘਰਸ਼ ਦੇ ਰਾਹ ਤੁਰਨਾ ਪਿਆ ਹੈ। ਇਸ ਮੌਕੇ ਚਾਨਣ ਦੀਪ ਸਿੰਘ, ਡਾ. ਵਿਸ਼ਵਜੀਤ ਸਿੰਘ, ਸੰਦੀਪ ਸਿੰਘ, ਕੇਵਲ ਸਿੰਘ, ਜਗਦੇਵ ਸਿੰਘ, ਹਰਪਾਲ ਸਿੰਘ, ਰਵਿੰਦਰ ਕੁਮਾਰ, ਉਸ਼ਾ ਦੇਵੀ, ਕਰਮਜੀਤ ਕੌਰ, ਅਮਨਦੀਪ ਕੌਰ, ਸ਼ਵਿੰਦਰ ਕੌਰ, ਵੀਰਜੀਤ ਕੌਰ, ਕਿਰਨਜੀਤ ਕੌਰ, ਵਰਿੰਦਰ ਕੌਰ, ਪ੍ਰਦੀਪ ਸਿੰਘ, ਹਰਦੀਪ ਸਿੰਘ, ਰੁਪਿੰਦਰ ਸਿੰਘ, ਤਰਸੇਮ ਸਿੰਘ, ਹਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਨਿਰਭੈ ਸਿੰਘ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly