ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਹਿੰਮ ਸਿਹਤਮੰਦ ਪੰਜਾਬ ਤਹਿਤ ਜਿਲੇ ਵਿੱਚ ਲੋਕਾਂ ਨੂੰ ਸਾਫ ਅਤੇ ਮਿਆਰੀ ਖਾਧ ਪਦਾਰਥ ਮੁੱਹਈਆ ਕਰਵਾਉਣ ਲਈ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋ ਲੋਕਾਂ ਨੂੰ ਜਾਗਰੂਕ ਕਰਨ ਦੇ ਸਾਰਥਕ ਯਤਨ ਕੀਤੇ ਜਾਂਦੇ ਹਨ। ਇਸ ਦੇ ਤਹਿਤ ਅੱਜ ਫੂਡ ਸੇਫਟੀ ਅਫ਼ਸਰ ਸ੍ਰੀ ਮੁਨੀਸ਼ ਸੋਢੀ ਦੀ ਅਗਵਾਈ ਹੇਠ ਤਲਵਾੜਾ ਦੇ ਨੇੜਲੇ ਪਿੰਡ ਅਮਰੋਹ ਵਿਖੇ ਦੁਕਾਨਦਾਰਾਂ ਲਈ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਜਿਸ ਵਿੱਚ ਨੇੜੇ ਦੇ ਪਿੰਡਾਂ ਦੇ 28 ਦੇ ਕਰੀਬ ਉਹਨਾਂ ਦੁਕਾਨਦਾਰਾਂ ਨੇ ਹਿੱਸਾ ਲਿਆ ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਵੇਚਣ ਦਾ ਕੰਮ ਕਰਦੇ ਹਨ। ਉਹਨਾਂ ਨੂੰ ਵਿਭਾਗੀ ਨਿਯਮਾਂ ਦੀ ਜਾਣਕਾਰੀ ਦਿੰਦਿਆ ਮੌਕੇ ਤੇ ਹੀ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਲਾਇਸੈਂਸ ਬਣਾਏ ਗਏ। ਫੂਡ ਸੇਫਟੀ ਅਫ਼ਸਰ ਮੁਨੀਸ਼ ਸੋਢੀ ਨੇ ਦੁਕਾਨਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕੋਈ ਵੀ ਮਿਆਦ ਪੁਗਾ ਚੁੱਕੀਆਂ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਨਾ ਵੇਚਣ, ਸਗੋਂ ਅਜਿਹੀਆਂ ਵਸਤੂਆਂ ਨੂੰ ਤੁਰੰਤ ਨਸ਼ਟ ਕਰਨ ਤਾਂ ਜੋ ਕਿਸੇ ਵੀ ਵਿਅਕਤੀ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ। ਜੇਕਰ ਕੋਈ ਦੁਕਾਨਦਾਰ ਮਿਆਦ ਪੁੱਗ ਚੁੱਕੀਆਂ ਵਸਤੂਆਂ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਨਿਯਮਾਂ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐੱਲ.ਟੀ. ਰਾਜਵੀਰ ਕੌਰ, ਅਰਵਿੰਦਰਜੀਤ ਸਿੰਘ ਅਤੇ ਨਰੇਸ਼ ਕੁਮਾਰ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj