
ਮਾਨਸਾ , (ਸਮਾਜ ਵੀਕਲੀ) ( ਚਾਨਣ ਦੀਪ ਸਿੰਘ ਔਲਖ ) ਕੋਹੜ ਰੋਗ (ਲੈਪਰੋਸੀ) ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਿਹਤ ਵਿਭਾਗ ਮਾਨਸਾ ਵੱਲੋਂ ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਲੈਪਰੋਸੀ ਅਫਸਰ ਡਾ. ਨਿਸ਼ਾਂਤ ਗੁਪਤਾ ਅਤੇ ਐਸ ਐਮ ਓ ਖਿਆਲਾ ਕਲਾਂ ਡਾ ਬਲਜਿੰਦਰ ਕੌਰ ਦੀ ਰਹਿਨੁਮਾਈ ਹੇਠ ਵਿਲੱਖਣ ਜਾਦੂ ਸ਼ੋਅ ਆਯੋਜਿਤ ਕੀਤੇ ਗਏ। ਇਹ ਕਾਰਜਕ੍ਰਮ ਸਿਹਤ ਵਿਭਾਗ ਤੇ ਰਾਸ਼ਟਰੀ ਕੋਹੜ ਰੋਗ ਨਿਯੰਤਰਣ ਪ੍ਰੋਗਰਾਮ (ਐੱਨਐੱਲਈਪੀ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਜਾਦੂ ਸ਼ੋਅ ਦਾ ਮੁੱਖ ਉਦੇਸ਼ ਲੋਕਾਂ ਵਿੱਚ ਕੋਹੜ ਰੋਗ ਬਾਰੇ ਸਹੀ ਜਾਣਕਾਰੀ ਦੇਣਾ, ਇਸ ਨਾਲ ਜੁੜੀਆਂ ਗਲਤਫਹਿਮੀਆਂ ਨੂੰ ਦੂਰ ਕਰਨਾ ਤੇ ਕੋਹੜ ਪੀੜਤ ਵਿਅਕਤੀਆਂ ਨਾਲ ਸਮਾਜਿਕ ਭੇਦਭਾਵ ਖ਼ਤਮ ਕਰਨਾ ਸੀ। ਜਾਦੂਗਰ ਜਗਦੇਵ ਅਲਾਰਮ ਵੱਲੋਂ ਆਪਣੇ ਅਨੋਖੇ ਜਾਦੂਈ ਤਰੀਕਿਆਂ ਰਾਹੀਂ ਮਨੋਰੰਜਨਕ ਢੰਗ ਨਾਲ ਕੋਹੜ ਰੋਗ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਾਦੂਗਰ ਵੱਲੋਂ ਵੱਖ ਵੱਖ ਕਲਾਕ੍ਰਿਤੀਆਂ ਦਿਖਾਉਂਦੇ ਦੱਸਿਆ ਗਿਆ ਕਿ ਕੋਹੜ (ਲੈਪਰੋਸੀ) ਇੱਕ ਗਲਤ ਸਮਝੀ ਜਾਣ ਵਾਲੀ ਬਿਮਾਰੀ ਹੈ, ਕੋਹੜ ਮਾਈਕੋਬੈਕਟੀਰੀਅਮ ਲੈਪ੍ਰੇ ਨਾਂਮਕ ਬੈਕਟੀਰੀਆ ਕਾਰਨ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕੋਹੜ ਰੋਗ ਬਾਰੇ ਕਈ ਗਲਤ ਧਾਰਨਾਵਾਂ ਹਨ, ਜਿਵੇਂ ਕਿ ਕੋਹੜ ਛੂਹਣ ਨਾਲ ਫੈਲਦੀ ਹੈ ਪਰ ਅਸਲ ਵਿਚ ਇਹ ਲੰਬੇ ਸਮੇਂ ਤਕ ਇੱਕ ਅਣਉਪਚਾਰਿਤ ਰੋਗੀ ਨਾਲ ਸਪਰਸ਼ ਕਰਨ ਜਾਂ ਨਜ਼ਦੀਕੀ ਸੰਪਰਕ ਵਿੱਚ ਰਹਿਣ ਨਾਲ ਹੀ ਫੈਲਦੀ ਹੈ। ਇਸ ਤੋਂ ਇਲਾਵਾ ਇਹ ਵੀ ਧਾਰਨਾ ਪ੍ਰਚੱਲਿਤ ਹੈ ਕਿ ਕੋਹੜ ਰੋਗ ਦਾ ਇਲਾਜ ਨਹੀਂ, ਪਰ ਜੇਕਰ ਸਮੇਂ ਸਿਰ ਇਲਾਜ ਕਰਵਾਇਆ ਜਾਵੇ ਤਾਂ ਕੋਹੜ ਰੋਗ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ। ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਕੋਹੜ ਰੋਗ ਪੀੜਤ ਆਮ ਜੀਵਨ ਨਹੀਂ ਜੀਅ ਸਕਦੇ ਪਰ ਅਸਲ ਵਿੱਚ ਇਲਾਜ ਦੇ ਬਾਅਦ ਉਹ ਵੀ ਹੋਰ ਲੋਕਾਂ ਵਾਂਗ ਆਮ ਜੀਵਨ ਜੀਅ ਸਕਦੇ ਹਨ। ਇਸ ਜਾਦੂ ਸ਼ੋਅ ਵਿੱਚ ਜਾਦੂਗਰ ਵੱਲੋਂ ਕੋਹੜ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਤਰੀਕੇ ਅਪਣਾਏ ਗਏ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਲੈਪਰੋਸੀ ਅਫਸਰ ਡਾ. ਨਿਸ਼ਾਂਤ ਗੁਪਤਾ ਨੇ ਦੱਸਿਆ ਕਿ ਕੋਹੜ ਕੋਈ ਸ਼ਰਾਪ ਨਹੀਂ, ਇਹ ਇੱਕ ਇਲਾਜਯੋਗ ਬਿਮਾਰੀ ਹੈ। ਇਸ ਦਾ ਇਲਾਜ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਉਪਲਬਧ ਹੈ ਅਤੇ ਇਹ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਹੜ ਪੀੜ੍ਹਤਾਂ ਨਾਲ ਸਾਮਾਜਿਕ ਭੇਦਭਾਵ ਨਾ ਕਰੋ, ਉਹ ਵੀ ਆਮ ਜੀਵਨ ਜੀਅ ਸਕਦੇ ਹਨ। ਜੇਕਰ ਕਿਸੇ ਨੂੰ ਇਸ ਰੋਗ ਦੇ ਲੱਛਣ ਦਿੱਸਣ ਤਾਂ ਉਹ ਤੁਰੰਤ ਸਿਹਤ ਕੇਂਦਰ ਜਾਂ ਹਸਪਤਾਲ ਜਾਂ ਕੇ ਉਚਿਤ ਇਲਾਜ ਲਵੋ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਅਤੇ ਰਾਸ਼ਟਰੀ ਕੋਹੜ ਨਿਯੰਤਰਣ ਪ੍ਰੋਗਰਾਮ (ਐਨਐਲਈਪੀ) ਵੱਲੋਂ ਜ਼ਿਲ੍ਹਾ ਮਾਨਸਾ ਅਧੀਨ ਦੋ ਮੈਜਿਕ ਸ਼ੋਅ ਇੱਕ ਐੱਮ ਸੀ ਐੱਚ ਮਾਨਸਾ ਅਤੇ ਦੂਜਾ ਸੀ ਐੱਚ ਸੀ ਖਿਆਲਾ ਕਲਾਂ ਵਿਖੇ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕੋਹੜ ਪੀੜਤਾਂ ਦੀ ਪਛਾਣ, ਉਨ੍ਹਾਂ ਦਾ ਇਲਾਜ ਤੇ ਸਮਾਜ ਵਿਚ ਉਨ੍ਹਾਂ ਦਾ ਪੁਨਰਵਾਸ ਯਕੀਨੀ ਬਣਾਇਆ ਜਾ ਰਿਹਾ ਹੈ।ਸਿਹਤ ਵਿਭਾਗ ਨੇ ਲੋਕਾਂ ਨੂੰ ਕੋਹੜ ਬਾਰੇ ਜਾਗਰੂਕ ਹੋਣ ਅਤੇ ਹੋਰ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਾਉਣ ਦੀ ਅਪੀਲ ਕੀਤੀ। ਇਸ ਜਾਦੂ ਸ਼ੋਅ ਨੇ ਲੋਕਾਂ ਦਾ ਮਨੋਰੰਜਨ ਵੀ ਕੀਤਾ ਅਤੇ ਕੋਹੜ ਬਾਰੇ ਮਹੱਤਵਪੂਰਨ ਜਾਣਕਾਰੀ ਵੀ ਦਿੱਤੀ। ਇਹ ਸਮਾਜਿਕ ਜਾਗਰੂਕਤਾ ਵਧਾਉਣ ਦੀ ਇੱਕ ਨਵੀਨਤਮ ਕੋਸ਼ਿਸ਼ ਸੀ, ਜੋ ਕਿ ਲੋਕਾਂ ‘ਚ ਕੋਹੜ ਬਾਰੇ ਗਲਤਫਹਿਮੀਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਮੌਕੇ ਕੇਵਲ ਸਿੰਘ ਬੀ ਈ ਈ, ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ, ਚਾਨਣ ਦੀਪ ਸਿੰਘ, ਬਲਜੀਤ ਸਿੰਘ, ਸਿਸਟਰ ਨੀਨਾ, ਸਰਬਜੀਤ ਕੌਰ, ਹਰਦੀਪ ਕੌਰ, ਹਰਪਾਲ ਕੌਰ, ਦਿਲਰਾਜ ਕੌਰ, ਸੁਖਵਿੰਦਰ ਕੌਰ, ਦਿਦਾਰ ਸਿੰਘ, ਜੱਗਾ ਸਿੰਘ ਅਤੇ ਸੀ ਐੱਚ ਸੀ ਵਿਖੇ ਆਏ ਮਰੀਜ਼ ਤੇ ਉਨ੍ਹਾਂ ਦੇ ਰਿਸ਼ਤੇਦਾਰ ਹਾਜ਼ਰ ਸਨ।