ਉਹ ਪਾਗਲ ਨਹੀ ਸੀ 

ਰਮੇਸ਼ ਸੇਠੀ ਬਾਦਲ

(ਸਮਾਜ ਵੀਕਲੀ)

ਜਦੋ ਵੀ ਉਸ ਨੂੰ ਥੋੜੀ ਜਿਹੀ ਸੁਰਤ ਆਉੱਦੀ ਉਹ ਇੱਕੋ ਹੀ ਫਿਕਰਾ ਬੋਲਦਾ । ਡਾਕ ਸਹਿਬ ਮੈ ਪਾਗਲ ਨਹੀ ਹਾਂ।ਮੈ ਪਾਗਲ ਨਹੀ ਹਾਂ। ਤੇ ਡਾਕਟਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਸੀ ਝੱਟ ਉਸ ਦੇ ਨਸੇ ਦਾ ਟੀਕਾ ਲਾ ਦਿੰਦੇ ਉਹ ਟੀਕਾ ਨਾ ਲਵਾਉਣ ਦੀ ਪੂਰੀ ਕੋਸਿਸ ਕਰਦਾ। ਪਰ ਅਸੀ ਆਪਣੀ ਸਹੂਲੀਅਤ ਲਈ ਉਸਦੇ ਜਬਰੀ ਟੀਕਾ ਲਾ ਹੀ ਦਿੰਦੇ।ਤੇ ਉਹ ਪੰਜ ਮਿੰਟਾ ਵਿੱਚ ਹੀ ਸੋ ਜਾਂਦਾ। ਹਸਪਤਾਲ ਦਾ ਸਾਰਾ ਸਟਾਫ ਉਸ ਕੋਲੋ ਬਹੁਤ ਪ੍ਰੇਸਾਨ ਸੀ। ਕਿਉਕਿ ਉਹ ਹਰ ਨਰਸ ਡਾਕਟਰ ਕੰਪਾਊਡਰ ਤੇ ਸਫਾਈ ਵਾਲਾ ਜੋ  ਵੀ ਉਸ ਦੇ ਨੇੜੇ ਜਾਂਦਾ ਇਹ ਉਸ ਨੂੰ ਆਪਣੀ ਰਾਮ ਕਹਾਣੀ ਸੁਣਾਉਣੀ ਸੁਰੂ ਕਰ ਦਿੰਦਾ।ਬਹੁਤ ਲੰਮੀਆਂ ਲੰਮੀਆਂ ਗੱਲਾਂ ਕਰਦਾ। ਕਿਸੇ ਗੱਲ ਦਾ ਕੋਈ ਸਿਰਾ ਨਹੀ ਸੀ ਹੁੰਦਾ। ਪਰ ਇਹ ਜਰੂਰ ਆਖਦਾ ਡਾਕ ਸਾਹਿਬ ਮੈ ਪਾਗਲ ਨਹੀ ਹਾਂ। ਡਾਕ ਸਾਹਿਬ ਮੈ ਪਾਗਲ ਨਹੀ ਹਾਂ।
ਭਾਰਤ ਦਿਮਾਗੀ ਹਸਪਤਾਲ ਵਿੱਚ ਅਕਸਰ ਅਜਿਹੇ ਮਰੀਜ ਆਉਂਦੇ ਹੀ ਰਹਿੰਦੇ ਹਨ। ਸਾਨੂੰ ਇੱਕੋ ਗੱਲ ਸਿਖਾਈ ਜਾਂਦੀ ਹੈ ਕਿ ਕੋਈ ਵੀ ਪਾਗਲ ਆਪਣੇ ਆਪ ਨੂੰ ਪਾਗਲ ਮੰਨਣ ਲਈ ਤਿਆਰ ਨਹੀ ਹੁੰਦਾ। ਤੇ ਨਸ਼ੇ  ਦਾ ਟੀਕਾ ਹੀ ਉਸ ਦਾ ਹੱਲ ਹੁੰਦਾ ਹੈ।ਇਸਦਾ ਪਤਾ ਲੈਣ  ਬਹੁਤ ਸਾਰੇ ਲੋਕ ਆਉਂਦੇ ਹਨ । ਜਿਵੇਂ ਇਹ ਪੜ੍ਹਿਆ ਲਿਖਿਆ ਹੈ ਇਸਦੇ ਰਿਸਤੇਦਾਰ ਵੀ ਪੜ੍ਹੇ ਲਿਖੇ ਤੇ ਚੰਗੀਆਂ ਪੋਸਟਾ ਤੇ ਲੱਗੇ ਹੋਏ ਲਗਦੇ ਹਨ। ਉਹ ਅਕਸਰ ਸਵੇਰੇ ਸ਼ਾਮ ਹਸਪਤਾਲ ਵਿੱਚ ਗੇੜਾ ਮਾਰਦੇ ਹਨ ।ਪਰ ਇਹ ਉਹਨਾ ਨੂੰ ਵੇਖ ਕੇ ਜਿਆਦਾ ਚੀਕਦਾ ਤੇ ਕਦੇ ਕਦੇ ਉਹਨਾਂ ਨੂੰ ਆਪਣੇ ਕਮਰੇ ਵਿੱਚੋ ਹੀ ਬਾਹਰ ਕੱਢ ਦਿੰਦਾ ਤੇ ਉਹ ਵੀ ਭਾਰੀ ਮਨ ਨਾਲ ਬਾਹਰ ਨਿੱਕਲ ਜਾਂਦੇ।  ਇਹ ਉਹਨਾ ਨੂੰ ਗੰਦੀਆਂ ਗਾਲ੍ਹਾਂ ਵੀ ਕੱਢਦਾ।
ਮੈਨੂੰ ਇਸ ਹਸਪਤਾਲ ਚ ਕੰਮ ਕਰਦੀ ਨੂੰ ਚਾਹੇ ਪੰਜ ਛੇ ਸਾਲ ਹੋ ਗਏ ਹਨ। ਹਜਾਰਾਂ ਮਰੀਜ ਆਏ ਤੇ ਹਜਾਰਾਂ ਦਾ ਇਲਾਜ ਕੀਤਾ ਪਰ ਕਦੇ ਕਿਸੇ ਮਰੀਜ ਦਾ ਪਿਛੋਕੜ ਜਾਨਣ ਦੀ ਕੋਸਿਸ ਨਹੀ ਕੀਤੀ।ਇਸ ਮਰੀਜ ਦੀਆਂ ਗੱਲਾਂ ਮੈਨੂੰ ਕੁਝ ਸੱਚ ਜਿਹੀਆਂ ਲੱਗਦੀਆਂ। ਮੇਰਾ ਬਥੇਰਾ ਦਿਲ ਕਰਦਾ ਕਿ  ਇਸ ਦੀ ਵਿਥਿਆ ਸੁਣਾ। ਪਰ ਹਸਪਤਾਲ ਦੇ ਨਿਯਮ ਇਸ ਗੱਲ ਦੀ ਇਜਾਜਤ ਨਹੀ ਸੀ ਦਿੰਦੇ। ਬਾਕੀ ਡਾਕਟਰ ਸਾਹਿਬ ਵੀ ਕਿਸੇ ਹਸਪਤਾਲ ਦੇ ਮੁਲਾਜਮ ਦੀ ਕਿਸੇ ਮਰੀਜ ਨਾਲ ਨੇੜਤਾ ਬਰਦਾਸਤ ਨਹੀ ਸੀ ਕਰਦੇ।ਕਿਉਕਿ ਜਦੋ ਕੋਈ ਹਸਪਤਾਲ ਦਾ ਵਰਕਰ ਮਰੀਜ ਨਾਲ ਨੇੜਤਾ ਵਧਾਏਗਾ ਤਾਂ ਉਹ ਹਸਪਤਾਲ ਦਾ ਅਨੁਸ਼ਾਸਨ ਭੰਗ ਕਰਨ ਦੀ ਕੋਸਿਸ ਕਰੇਗਾ। ਪਰ ਇਹ ਹਰ ਇੱਕ ਨੂੰ ਡਾਕ ਸਹਿਬ ਆਖਕੇ ਹੀ ਬਲਾਉਂਦਾ ਜੋ ਵੀ ਇਸ ਦੇ ਬੈਡ ਦੇ ਨੇੜੇ ਆਉਂਦਾ ।ਬਾਕੀ ਦੇ ਕਰਮਚਾਰੀ ਇਸ ਦੀਆਂ ਗੱਲਾਂ ਤੇ ਹੱਸਦੇ ਪਰ ਪਤਾ ਨਹੀ ਕਿਉਂ ਮੈਨੂੰ ਇਹ ਮਰੀਜ ਚ ਅਪਨੱਤ ਜਿਹੀ ਦਿਸਦੀ ਤੇ ਮੈਨੂੰ ਆਪਣੇ ਪਾਪਾ ਦੀ ਝਲਕ ਜਿਹੀ ਨਜਰ ਆਉੱਦੀ। ਪਰ ਫਿਰ ਵੀ ਮੈ ਆਪਣੇ ਕੰਮ ਵੱਲ ਹੀ ਧਿਆਨ ਦਿੰਦੀ।
             ਉਸ  ਦਿਨ ਤਾਂ ਇਸ ਨੇ ਹੱਦ ਹੀ ਕਰ ਦਿੱਤੀ ਇਸ ਨੇ ਟੀਕਾ ਲਾਉਂਦੀ ਦੀ ਮੇਰੀ ਬਾਂਹ ਫੜ੍ ਲਈ। ਤੇ ਕਹਿੰਦਾ ਪਹਿਲਾ ਮੇਰੀ ਗੱਲ ਸੁਣੋਂ ਫਿਰ ਟੀਕੇ ਚਾਹੇ ਇੱਕ ਦੀ ਬਜਾਏ ਦੋ ਲਾ ਦਿਉ। ਮੈ ਕਿਹਾ ਚੰਗਾ ਦੱਸੋ ਤੇ ਮੈ ਇਸ ਦੇ ਬੈਡ ਦੇ ਕਿਨਾਰੇ ਤੇ ਹੀ ਬੈਠ ਗਈ।ਇਸਨੇ ਅਜੇ ਬੋਲਣਾ ਹੀ ਸੁਰੂ ਕੀਤਾ ਸੀ ਤੇ ਇਹ ਹੁਭਕੀਆਂ ਭਰਕੇ ਰੋਣ ਲੱਗ ਪਿਆ। ਕਾਫੀ ਦੇਰ ਰੋਣ ਤੌ ਬਾਅਦ ਜਦੋ ਇਹ ਚੁੱਪ ਹੋਇਆ ਤਾਂ ਕਹਿੰਦਾ ਡਾਕ ਸਾਹਿਬ ਮੈ ਪਾਗਲ ਨਹੀ ਹਾਂ। ਮੈ ਕਿਹਾ ਇਹ ਤਾਂ ਮੈਨੂੰ ਪਤਾ ਹੈ ਅੱਗੇ ਦੱਸੋ ਗੱਲ ਕੀ ਹੈ ਤੁਸੀ  ਇਸ ਤਰਾਂ ਕਿਉ ਕਰਦੇ ਹੋ। ਕਿਉ ਤੁਸੀ  ਸਾਰਿਆਂ ਨੂੰ ਪ੍ਰੇਸ਼ਾਨ ਨ ਕਰਦੇ ਹੋ। ਆਂਟੀ ਜੀ  ਕਿੰਨਾ ਰੋਦੇ ਹਨ। ਬਾਕੀ ਰਿਸਤੇਦਾਰ ਕਿੰਨਾ ਪ੍ਰੇਸ਼ਾਨ ਹਨ ਤੁਹਾਡੇ ਕਰਕੇ। ਮੈ ਉਸ ਨੂੰ ਵਲਚਾ ਕੇ ਪੁੱਛਣ ਦੀ ਕੋਸਿਸ ਕੀਤੀ।ਮੇਰੇ ਉਸ ਨੂੰ ਆਦਰ ਨਾਲ ਬਲਾਉਣ ਦਾ ਹੀ ਅਸਰ ਸੀ ਕਿ ਉਹ ਆਰਾਮ ਨਾਲ ਬੈਠ ਗਿਆ ਤੇ ਉਸ ਨੇ ਫਿਰ ਤੋਂ ਬੋਲਣਾ ਸੁਰੂ ਕੀਤਾ।
ਡਾਕ ਸਾਹਿਬ ਦਰ ਅਸਲ ਗੱਲ ਇਹ ਹੈ ਕਿ ਮੈਨੂੰ ਇਹਨਾਂ ਨੇ ਹੀ ਦੁਖੀ ਕੀਤਾ ਹੈ ਜਿਹੜੇ ਅੱਜ ਮੇਰੇ ਹਮਦਰਦ ਬਣਦੇ ਹਨ। ਆਹ ਜੋ  ਤਿੰਨ ਚਾਰ ਫਿਰਦੇ ਹਨ ਲੋਕਾਂ ਦੀ ਹਮਦਰਦੀ ਬਟੋਰਦੇ ਇਹ ਹੀ ਮੇਰੀ ਇਸ ਹਾਲਤ   ਦੇ ਜਿੰਮੇਵਾਰ ਹਨ। ਮੇਰੀ ਖੁਸਹਾਲ  ਜਿੰੰਦਗੀ ਨੂੰ ਖਤਮ ਕਰਨ ਵਾਲੇ ਇਹੀ ਹਨ। ਮੈ  ਕੀ ਕੀ ਦੱਸਾਂ।ਮੈ ਇਹਨਾ ਹੀ ਹਾਂ ਵਿਚ ਹਾਂ ਨਹੀ ਮਿਲਾਈ।  ਇਹ ਚਾਰੇ ਮੇਰੇ ਹੀ ਖਿਲਾਫ ਹੋ ਗਏ। ਮੇਰੇ ਖਿਲਾਫ ਹੀ ਸ਼ਾਜਿਸ਼ਾ  ਘੜ੍ਣ ਲੱਗ ਪਏ। ਇਹਨਾ ਦੀਆਂ ਕਰਤੂਤਾਂ ਤੇ ਨਲਾਇਕੀਆਂ ਨੇ ਮੈਨੂੰ ਹੀ ਪਾਗਲ ਕਰ ਦਿੱਤਾ।
ਆਹ ਜਿਹੜਾ ਸਭ ਤੋ ਵੱਡਾ ਹੈ ਨਿਮਰਤਾ ਦੀ ਮੂਰਤ ਨਜਰ ਆਉਂਦਾ ਹੈ ਇਹ  ਮਾਂ ਪਿਉ ਨੂੰ ਪੈਨਸਨ ਬਦਲੇ ਰੋਟੀ ਦਿੰਦਾ ਹੈ । ਮਾਂ ਪਿਉ ਦੇ ਬੋਲਣ ਤੇ ਸਮਾਜ ਵਿੱਚ ਵਰਤਣ ਤੇ ਪੂਰੀ ਪਾਬੰਦੀ ਲਾਈ ਬੈਠਾ ਹੈ।ਇਹ ਮਾਂ ਦੇ ਫੋਨ ਤੇ ਵੀ ਕੰਟਰੋਲ ਰੱਖਦਾ  ਹੈ। ਇਸ ਨੂੰ ਭੈਣਾਂ ਦੇ ਬਾਰ ਬਾਰ ਪੇਕੇ ਆਉਣ ਤੇ ਵੀ ਇਤਰਾਜ ਹੈ।ਇਸੇ ਕਰਕੇ ਹੀ ਇਸਨੇ ਆਪਣੀ  ਸਕੀ ਭੈਣ ਨੂੰ  ਆਪਣੇ ਘਰੇ ਆਉਣ ਤੋ ਰੋਕ ਦਿੱਤਾ। ਮਾਂਵਾਂ ਧੀਆਂ ਨੂੰ ਦੁੱਖ ਸੁਖ ਸਾਂਝਾ ਨਹੀ ਕਰਨ ਦਿੰਦਾ। ਹਾਂ ਜੀ ਜੀ ਕਰਨ ਨੂੰ ਬਹੁਤ ਹੁਸਿaਆਰ ਹੈ। ਮਾਮਾ ਮਾਸੀ ਭੂਆ ਗੱਲ ਕੀ ਹਰ ਇੱਕ ਨੂੰ ਪੈਰੀ ਪੈਣਾ ਇਸ ਦੀ ਆਦਤ ਹੈ । ਪਰ ਦਿਲ ਦਾ ਖੋਟਾ ਹੈ ਤੇ ਕਿਸੇ ਦਾ ਵੀ ਸਕਾ ਨਹੀ। ਇਹ ਆਦਤਣ ਭਾਨੀ ਮਾਰ ਹੈ। ਇਹੀ ਬਾਕੀ ਦੇ ਤਿੰਨੇ ਭਰਾਞਾਂ ਨੂੰ ਆਪਣੇ ਮਗਰ ਲਾਈ ਫਿਰਦਾ ਹੈ।ਪੈਸੇ ਦਾ ਪੀਰ ਤੇ ਚੀਪੜ ਹੈ । ਹੁਣ ਤੂੰ ਹੀ ਦੱਸ ਮੈ ਇਸ ਦੇ ਗੁਣ ਕਿਵੇ ਗਾਂਵਾਂ ਤੇ ਕਿਸ ਮੂੰਹ ਨਾਲ ਇਸ ਨੂੰ  ਜੀ  ਜੀ   ਆਖਾਂ ? ਕੀ ਮੈ ਵੀ ਇਸ ਦੀਆਂ ਗੱਲ ਨਾਲ ਸਹਿਮਤ ਹੋ ਜਾਵਾਂ? ਜੇ ਨਹੀ ਤਾਂ ਫਿਰ  ਮੈ ਪਾਗਲ ਹਾਂ।
ਤੇ ਹੁਣ ਗੱਲ ਇਸ ਦੂਜੇ ਦੀ ਕਰਦੇ ਹਾਂ। ਪੜ੍ਹਿਆ ਲਿਖਿਆ ਅਫਸਰ ਹੈ ਪਰ ਦਿਮਾਗ ਦਾ ਕੋਰਾ ਹੈ। ਬਸ ਇਸ ਨੂੰ ਆਪਣੇ ਸਹੁਰੇ ਤੇ ਬੱਚੇ ਹੀ ਦਿਸਦੇ ਹਨ। ਕਿਸੇ ਭੈਣ ਭਰਾ ਭੂਆ ਮਾਸੀ ਨਾਲ ਕੋਈ ਮਤਲਬ ਨਹੀ ।ਹਾਂ ਵੱਡੇ ਨਾਲ ਇਸ ਦੀ ਸੁਰੂ ਤੋ ਹੀ ਨਹੀ ਬਣੀ ਕਿਉਕਿ ਇਹ ਵੱਡੇ ਦਾ ਸਾਂਢੂ ਨਹੀ ਬਣਿਆ ਤੇ ਇਸ ਦਾ ਖੋਰ ਵੱਡੇ ਤੇ ਉਸ ਦੇ ਘਰਆਲੀ ਨੇ ਦਿਲੋ ਨਹੀ ਗਵਾਇਆ। ਪਰ ਹੁਣ ਇਹ ਭਰਾਵਾਂ ਦੀ ਯੂਨੀਅਨ ਦਾ ਸਰਗਰਮ ਮੈਬਰ ਹੈ। ਪੁਰਾਣੇ ਮਿਹਣੇ ਦੇਣ ਦੇ ਮਾਮਲੇ ਵਿੱਚ ਜਨਾਨੀਆਂ ਵੀ ਇਸ ਤੋ ਕਾਫੀ ਪਿੱਛੇ ਹਨ।ਇਸ ਦੇ ਆਧਾਰ ਹੀਣ ਤਰਕ ਜੱਗ ਤੋ ਨਿਰਾਲੇ ਹੁੰਦੇ ਹਨ।ਤੇ ਇਸ ਦਾ ਗੁੱਸਾ ਵੀ ਕੀ ਕਰਨਾ।ਬੱਚੇ ਵੀ ਇਸ ਤੇ ਹਸਦੇ ਹਨ।ਬਹਤਾ ਸਿਆਣਾ ਬਣਦਾ ਹੈ ਤੇ ਇਹੀ ਮੈਨੂੰ ਪਾਗਲ ਦਸਦਾ ਹੈ।ਪਰ ਮੈਨੂੰ ਤਾਂ ਇਹ ਪਾਗਲ ਲੱਗਦਾ ਹੈ। ਜਦੋ ਕਿ ਮੈ ਪਾਗਲ ਨਹੀ ਹਾਂ । ਪਾਗਲ ਤਾਂ ਇਹ ਹੈ।
ਆਹ ਨਿੱਕਾ, ਪਤਾ ਨਹੀ ਇਸ ਨੇ ਆਪਣੀ ਅਕਲ ਕਿੱਥੇ ਗਹਿਣੇ ਰੱਖੀ ਹੋਈ ਹੈ ਠੀਕ ਹੈ ਵੱਡੇ ਦਾ ਕਹਿਣਾ ਮੰਨਕੇ ਉਸ ਦਾ ਸਾਢੂ ਬਣ ਗਿਆ । ਪਰ ਇਸ ਦਾ ਇਹ ਮਤਲਬ ਵੀ ਤਾਂ ਨਹੀ ਕਿ ਇਸ ਦੀ ਆਪਣੀ ਜਮੀਰ ਮਰ ਗਈ।ਵੱਡੇ ਨੂੰ ਤੇ ਉਸਦੀ ਘਰਵਾਲੀ ਯਾਨੀ ਆਪਣੀ ਸਾਲੀ ਨੂੰ ਖੁਸ ਕਰਨ ਦਾ ਮਾਰਾ ਸਾਰੇ ਰਿਸਤੇ ਨਾਤਿਆਂ ਨੂੰ ਤਾਕ ਵਿੱਚ ਰੱਖਕੇ ਹਰ ਇੱਕ ਨੂੰ ਅਵਾ ਤਵਾ ਬੋਲਦਾ ਹੈ। ਤੇ ਵੱਡੇ ਦੀਆਂ ਉਗਲਾਂ ਤੇ ਚੜ੍ਹਿਆ ਹਰ ਕਿਸੇ ਦੀ ਬੇਇਜਤੀ ਕਰਨ ਲੱਗਿਆ ਪਲ ਨਹੀ ਲਾਉਂਦਾ। ਮਾਂ ਪਿਉ ਦਾ ਹਮਦਰਦ ਬਨਣ ਦਾ ਢੋਂਗ ਕਰਨ ਵਾਲਾ ਇਹ ਅੱਸੀ ਸਾਲਾ ਮਾਂ ਪਿਉ ਨੂੰ ਇੱਕਲਿਆਂ ਛੱਡ ਕੇ ਸਹਿਰ ਆ ਗਿਆ ਸੀ।ਇਸ ਨੇ ਇਹ ਨਹੀ ਸੋਚਿਆ ਸੱਤਰ ਸਾਲਾ ਬਜੁਰਗ ਮਾਂ ਰੋਟੀ ਕਿਵੇ ਪਕਾਵੇਗੀ ?ਇਹਨੇ ਕਦੇ ਨਹੀ ਸੋਚਿਆ ਕਿ ਮਾਂ ਪਿਉ ਨੇ ਇਸ ਨੂੰ ਕਿਵੇ ਪੜਾਇਆ ਹੈ। ਤੇ ਉਸੇ ਮਾਂ ਨੂੰ ਭੱਜ ਭੱਜ ਪੈਂਦਾ ਹੈ। ਭੈਣ ਦਾ ਦੁਸਮਨ ਬਣਿਆ ਬੈਠਾ ਹੈ ਤੇ ਇਹ ਭੁੱਲ ਗਿਆ ਇਸ ਦੀ ਧੀ ਵੀ ਕਿਸੇ ਦੀ ਭੈਣ ਹੈ। ਜਿਵੇ ਤੂੰ ਆਪਣੇ ਮਾਂ ਪਿਉ ਤੇ ਭੇਣ ਨਾਲ ਕੀਤੀ ਹੈ ਜੇ ਕਲ੍ਹ ਨੂੰ ਤੇਰੇ ਪੁੱਤ ਨੇ ਵੀ ਇਹੀ ਕੀਤੀ ਤਾਂ  ਫਿਰ ਕੀ ਕਰੇਗਾ। ਇਹੀ ਸੱਚ ਮੈ ਇਸ ਨੂੰ ਕਿਹਾ ਤਾਂ ਇਹ ਮੈਨੂੰ ਪਾਗਲ ਦੱਸਦਾ ਹੈ।
ਹੁਣ ਤੂੰ ਹੀ ਦੱਸ ਬੇਟਾ ਮੈ ਪਾਗਲ ਹਾਂ ਜਾ ਇਹ ਪਾਗਲ ਹਨ ਜਿੰਨਾ ਨੇ ਮਾਂ ਪਿਉ ਦੀ ਸੰਘੀ ਘੁੱਟ ਰੱਖੀ ਹੈ। ਵੈਸੇ ਹਾਂ ਤਾਂ ਮੈ ਪਾਗਲ ਹੀ ਜੋ  ਇੰਨੇ ਸਾਲ ਇਹਨਾ ਦੇ ਜੁਲਮ ਦੇਖਦਾ ਆਇਆ ਤੇ ਚੁੱਪ ਰਿਹਾ।ਜੇ ਸੱਚ ਬੋਲਣਾ ਪਾਗਲਪਣ ਹੈ ਤਾਂ ਤੂੰ ਮੇਰੇ ਇੱਕ ਟੀਕਾ ਹੋਰ ਲਾ ਦੇ।
 ਨਹੀ ਅੰਕਲ ਤੁਸੀ ਬਿਲਕੁਲ ਠੀਕ ਹੋ।ਤੁਸੀ ਸੱਚੇ ਹੋ।  ਅੰਕਲ ਮੈੰਨੂ ਮੇਰੇ ਤੇ ਸਰਮ ਆਉਂਦੀ ਹੈ ਕਿ  ਮੈ ਵੀ ਤੁਹਾਨੂੰ ਪਾਗਲ ਸਮਝਦੀ ਰਹੀ। ਮੇਰੀਆਂ ਅੱਖਾਂ ਤੋ ਪਰਲ ਪਰਲ ਹੰਝੂ ਡਿਗਣ ਲੱਗੇ। ਮੈਨੂੰ ਲੱਗਿਆ ਅੰਕਲ ਤਾਂ ਪਾਗਲ ਨਹੀ ਹਨ ਪਰ ਮੈ ਜਰੂਰ ਪਾਗਲ ਸੀ ਜੋ  ਇਹਨਾ ਨੂੰ ਪਾਗਲ ਸਮਝ ਕੇ ਰੋਂ ਨਸ਼ੇ  ਦਾ ਟੀਕਾ ਲਾਉਂਦੀ ਰਹੀ।
ਮੈ ਬਿਨਾ ਟੀਕਾ ਲਾਏ ਹੀ ਅਣਖਾਧੀ ਰੋਟੀ ਵਾਲਾ ਆਪਣਾ ਟਿਫਨ ਚੁੱਕ ਕੇ ਸਦਾ ਲਈ ਉਸ ਹਸਪਤਾਲ ਚੋ ਬਾਹਰ ਆ ਗਈ ਜਿੱਥੇ ਇੰਨੇ ਸਮਝਦਾਰ ਲੋਕ ਪਾਗਲਾਂ ਦੇ ਬੈਡ ਤੇ ਪਾਗਲ ਬਣੇ ਪਏ ਹਨ ਤੇ ਅਸਲ ਪਾਗਲ ਮੀਜਾਜਪੁਰਸੀ  ਕਰਦੇ ਨਜਰ ਆਉਂਦੇ ਹਨ।ਅਤੇ ਲੌਕਾਂ ਚ ਸਿਆਣੇ ਸਮਝਦਾਰ  ਹੋਣ ਦਾ ਦਾਅਵਾ ਕਰਦੇ ਹਨ।
ਰਮੇਸ ਸੇਠੀ ਬਾਦਲ
ਮੋ 98 766 27 233

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ -ਵਿਅੰਗ : ਤਾਇਆ ਬਿਸ਼ਨਾ ਖੜਾ ਚੌਰਾਹੇ ‘ਚ !
Next articleਕਵਿਤਾ / ਮਾਣ ਨਾ ਕਰੀ ਸੋਹਣਿਆਂ