ਟਰੈਫਿਕ ਸਮੱਸਿਆ ਦੇ ਹੱਲ ਲਈ ਚੰਡੀਗੜ੍ਹ ਵਿੱਚ ਮੈਟਰੋ ਲਿਆਉਣ ਦਾ ਮੁੱਦਾ ਚੁੱਕਿਆ

0
22

ਚੰਡੀਗੜ੍ਹ (ਸਮਾਜ ਵੀਕਲੀ):  ਚੰਡੀਗੜ੍ਹ ਨੂੰ ਵਿਕਾਸ ਦੇ ਰਾਹ ’ਤੇ ਤੇਜ਼ੀ ਨਾਲ ਅੱਗੇ ਤੋਰਨ ਲਈ ਸਲਾਹਕਾਰ ਕੌਂਸਲ ਦੀ ਮੀਟਿੰਗ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਹੇਠ ਅੱਜ ਇੱਥੇ ਹੋਈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸ਼ਹਿਰ ਵਿੱਚ ਟਰੈਫ਼ਿਕ ਸਮੱਸਿਆ ਦਾ ਮੁੱਦਾ ਚੁੱਕਿਆ। ਭਾਜਪਾ ਆਗੂ ਸੱਤਿਆਪਾਲ ਜੈਨ ਨੇ ਕਿਹਾ ਕਿ ਸ਼ਹਿਰ ਨੂੰ ਟਰੈਫ਼ਿਕ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਮੈਟਰੋ ਨੂੰ ਲਿਆਂਦਾ ਜਾਣਾ ਚਾਹੀਦਾ ਹੈ। ਸ਼ਹਿਰ ਵੱਚ ਮੈਟਰੋ ਲਿਆਉਣ ਦੀ ਤਜਵੀਜ਼ ਦੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਅਤੇ ਹੋਰ ਕਈ ਮੈਂਬਰਾਂ ਨੇ ਹਮਾਇਤ ਕੀਤੀ, ਜਦੋਂ ਕਿ ਸੰਸਦ ਮੈਂਬਰ ਕਿਰਨ ਖੇਰ ਨੇ ਮੈਟਰੋ ਲਿਆਉਣ ਦੀ ਤਜਵੀਜ਼ ਦਾ ਵਿਰੋਧ ਕੀਤਾ ਪਰ ਭਾਜਪਾ ਆਗੂ ਸੰਜੈ ਟੰਡਨ ਨੇ ਮੈਟਰੋ ਦੀ ਹਮਾਇਤ ਕੀਤੀ।

ਸਲਾਹਕਾਰ ਕੌਂਸਲ ਦੀ ਮੀਟਿੰਗ ਵਿੱਚ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਸ਼ਹਿਰ ਦੇ ਪਿੰਡਾਂ ਦੇ ਵਿਕਾਸ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਲਾਲ ਡੋਰੇ ਤੋਂ ਬਾਹਰ ਕੋਈ ਵੀ ਨਵੀਂ ਉਸਾਰੀ ਨਹੀਂ ਹੋਣੀ ਚਾਹੀਦੀ, ਜਦੋਂ ਕਿ ਪੁਰਾਣੀ ਨਾਜਾਇਜ਼ ਉਸਾਰੀਆਂ ਨੂੰ ਵੀ ਢਾਹਿਆ ਜਾਵੇਗਾ। ਸਲਾਹਕਾਰ ਨੇ ਪਿੰਡਾਂ ਦੇ ਵਿਕਾਸ ਲਈ ਪਿੰਡਾਂ ਦੇ ਲੋਕਾਂ ਦਾ ਸਹਿਯੋਗ ਮੰਗਿਆ ਤਾਂ ਜੋ ਛੇਤੀ ਸ਼ਹਿਰਾਂ ਦੀ ਤਰਜ਼ ’ਤੇ ਪਿੰਡਾਂ ਦਾ ਵਿਕਾਸ ਕੀਤਾ ਜਾ ਸਕੇ। ਇਸ ਮੌਕੇ ਲਾਲ ਡੋਰੇ ਤੋਂ ਬਾਹਰ ਦੀਆਂ ਉਸਾਰੀਆਂ ਨੂੰ ਢਾਹੁਣ ਦਾ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਲਾਲ ਡੋਰੇ ਤੋਂ ਬਾਹਰ ਦੀਆਂ ਉਸਾਰੀਆਂ ਨੂੰ ਢਾਹੁਣ ਦੀ ਥਾਂ ਉਨ੍ਹਾਂ ਨੂੰ ਰੈਗੂਲਰ ਕਰ ਦੇਣਾ ਚਾਹੀਦਾ ਹੈ ਅਤੇ ਨਵੀਂ ਉਸਾਰੀ ਨਹੀਂ ਹੋਣ ਦੇਣੀ ਚਾਹੀਦੀ।

ਇਸ ਮੌਕੇ ਵਾਤਾਵਰਨ ਬਾਰੇ ਕਮੇਟੀ ਨੇ ਸਰਕਾਰੀ ਵਿਭਾਗਾਂ ਵਿੱਚ ਕਾਗਜ਼ ਰਹਿਤ ਕੰਮ ਕਰਨ, ਈਮੇਲਾਂ ਦੀ ਵਰਤੋਂ, ਡਿਜੀਟਲ ਤਕਨਾਲੋਜੀ ਅਤੇ ਸ਼ਹਿਰ ਵਿੱਚੋਂ ਪਲਾਸਟਿਕ ਦੇ ਕੂੜੇ ਨੂੰ ਹਟਾਉਣ ਲਈ ਸੀਐੱਸਆਰ ਨੀਤੀ ਨੂੰ ਲਾਗੂ ਕਰਨ ਦੀ ਸਿਫਾਰਿਸ਼ ਕੀਤੀ। ਸਿਹਤ ਬਾਰੇ ਕਮੇਟੀ ਨੇ ਸ਼ਹਿਰ ਦੇ ਮੁੱਖ ਤਿੰਨ ਹਸਪਾਤਲ ਪੀਜੀਆਈ, ਸੈਕਟਰ-16 ਅਤੇ 32 ਦੇ ਸਰਕਾਰੀ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਵਧਆਉਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਡਿਸਪੈਂਸਰੀਆਂ ਨੂੰ ਹੋਰ ਆਧੁਨਿਕ ਕੀਤਾ ਜਾਣਾ ਚਾਹੀਦਾ ਹੈ। ਯੂਟੀ ਪ੍ਰਸ਼ਾਸਕ ਨੇ ਅਧਿਕਾਰੀਆਂ ਨੂੰ ਡਿਸਪੈਂਸਰੀਆਂ ’ਚ ਸੁਧਾਰ ਯਕੀਨੀ ਬਨਾਉਣ ਦੇ ਆਦੇਸ਼ ਦਿੱਤੇ। ਕਾਨੂੰਨ ਵਿਵਸਥਾ ਬਾਰੇ ਕਮੇਟੀ ਨੇ ਸ਼ਹਿਰ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਪੁਲੀਸ ਦੀ ਗਸ਼ਟ ਵਧਾਉਣ ’ਤੇ ਜ਼ੋਰ ਦਿੱਤਾ। ਇਸ ਮੌਕੇ ਖੇਡਾਂ ਬਾਰੇ ਕਮੇਟੀ ਨੇ ਸ਼ਹਿਰ ਵਿੱਚ ਖੇਡਾਂ ਦੀ ਪੱਧਰ ਉੱਚਾ ਚੁੱਕਣ ਲਈ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ’ਤੇ ਜ਼ੋਰ ਦਿੱਤਾ।

ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਸਲਾਹਕਾਰ ਕੌਂਸਲ ਦੀ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਦੇ ਸੁਝਾਵਾਂ ’ਤੇ ਵਿਚਾਰ ਕਰਨ ਅਤੇ ਸ਼ਹਿਰ ਦੇ ਵਿਕਾਸ ਲਈ ਜਲਦ ਫ਼ੈਸਲੇ ਲੈਣ ਦਾ ਭਰੋਸਾ ਦਿੱਤਾ।

ਮੀਟਿੰਗ ਵਿੱਚ ਸੰਸਦ ਮੈਂਬਰ ਕਿਰਨ ਖੇਰ, ਸੱਤਿਆਪਾਲ ਜੈਨ, ਮੇਅਰ ਸਰਬਜੀਤ ਕੌਰ, ਸਲਾਹਕਾਰ ਧਰਮਪਾਲ, ਗ੍ਰਹਿ ਸਕੱਤਰ ਨਿਤੀਨ ਕੁਮਾਰ ਯਾਦਵ, ਵਿੱਤ ਸਕੱਤਰ ਵਿਜੈ ਨਾਮਦੇਰਾਓ, ਡੀਜੀਪੀ ਪਰਵੀਰ ਰੰਜਨ ਸਣੇ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।

11ਵੀਂ ਜਮਾਤ ਵਿੱਚ ਦਾਖਲਾ ਨਾ ਲੈ ਸਕਣ ਵਾਲੇ ਪਾੜਿ੍ਹਆਂ ਲਈ ਯੋਜਨਾ ਤਿਆਰ ਕੀਤੀ ਜਾਵੇ: ਪ੍ਰਸ਼ਾਸਕ

ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ 11ਵੀਂ ਜਮਾਤ ਵਿੱਚ ਦਾਖਲਾ ਨਾ ਲੈ ਸਕਣ ਵਾਲੇ ਵਿਦਿਆਰਥੀਆਂ ਲਈ ਯੋਜਨਾ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਵਿਦਿਆਰਥੀਆਂ ਦਾ ਸਾਲ ਖਰਾਬ ਨਾ ਹੋਵੇ। ਪ੍ਰਸ਼ਾਸਕ ਨੇ ਸ਼ਹਿਰ ਦੇ ਨਿੱਜੀ ਸਕੂਲਾਂ ਵਿੱਚ 25 ਫ਼ੀਸਦ ਸੀਟਾਂ ਈਡਬਲਿਊਐੱਸ ਵਿਦਿਆਰਥੀਆਂ ਲਈ ਲਾਜ਼ਮੀ ਕਰਨ ਦੇ ਆਦੇਸ਼ ਦਿੱਤੇ ਹਨ। ਪ੍ਰਸ਼ਾਸਕ ਨੇ ਕਿਹਾ ਕਿ ਸ਼ਹਿਰ ਵਿੱਚ ਬੱਚਿਆ ਨੂੰ ਸਿੱਖਿਆ ਮੁਹੱਈਆ ਕਰਵਾਉਣ ਲਈ 10 ਨਵੇਂ ਸਕੂਲ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly