*ਉਹ ਮੋਹ-ਪਿਆਰ ਤੇ ਮੁਹੱਬਤ ਨੀ ਡੌਨਲੋਡ ਹੋਣੀ ਗੂਗਲ ਬਾਬੇ ਤੋਂ ,ਜਿਹੜੀ ,,,,,,,,,!*

(ਸਮਾਜ ਵੀਕਲੀ)  ਤਬਦੀਲੀ ਕੁਦਰਤ ਦਾ ਨਿਯਮ ਹੈ ਤੇ ਇਹ ਨਿਰੰਤਰ ਚੱਲਦਾ ਰਹਿੰਦਾ ਹੈ। ਪਰ ਕਈ ਵਾਰ ਇਹ ਨਿਯਮ ਇੰਨਾ ਅੱਗੇ ਵਧ ਜਾਂਦਾ ਹੈ ਕਿ ਇਹ ਇਨਸਾਨੀ ਰਿਸ਼ਤਿਆਂ ਚੋਂ ਮੋਹ-ਪਿਆਰ ਹੀ ਖਤਮ ਕਰ ਦਿੰਦਾ ਹੈ,ਜਿਹਾ ਕਿ ਅਜੋਕੇ ਦੌਰ ਵਿੱਚ ਹੋ ਰਿਹਾ ਹੈ। ਤਬਦੀਲੀ ਦੇ ਇਸ ਦੌਰ ਨੇ ਦੁਨੀਆਂ ਨੂੰ ਇਨਸਾਨ ਦੀ ਮੁੱਠੀ ਵਿੱਚ ਬੰਦ ਕਰ ਦਿੱਤਾ ਹੈ। ਇਸ ਦੌਰ ਵਿਚ ਦੇਸ਼-ਦੁਨੀਆਂ ਦੀਆਂ ਖਬਰਾਂ ਮਿੰਟਾਂ-ਸਕਿੰਟਾਂ ਵਿੱਚ ਜੰਗਲ ਦੀ ਅੱਗ ਵਾਂਗ ਫੈਲਦੀਆਂ ਹਨ ਜਾਂ ਅਜੋਕੀ ਭਾਸ਼ਾ ਵਿੱਚ ਇਹ ਕਹਿ ਲੳ ਕਿ “ਵਾਇਰਲ ” ਹੋ ਜਾਂਦੀਆਂ ਹਨ। ਪਿਛਲਖੁਰੀ ਝਾਤ ਮਾਰਿਆਂ ਅਸੀਂ ਜਾਣਦੇ ਹਾਂ ਕਿ ਤਬਦੀਲੀ ਦੇ ਇਸ ਦੌਰ ਨੇ ਚਿੱਠੀਆਂ ਤੋਂ ਤਾਰ, ਤਾਰ ਤੋੰ ਲੈਂਡਲਾਈਨ ਫੋਨ,  ਲੈਂਡਲਾਈਨ ਤੋਂ ਪੇਜਰ ਸੰਦੇਸ਼,ਪੇਜਰ ਸੰਦੇਸ਼ਾਂ ਤੋਂ ਈ-ਮੇਲ,ਈ-ਮੇਲ ਤੋਂ ਵੱਟਸਅਪ,ਫੇਸਬੁੱਕ,ਇੰਸਟਾਗਰਾਮ ਤੱਕ ਬਦਲਦਿਆਂ ਦੇਰ ਨੀਂ ਲਗਾਈ ਤੇ ਦੁਨੀਆਂ ਨੂੰ ਇਨਸਾਨ ਦੀ ਮੁੱਠੀ ਚ ਕੈਦ ਕਰ ਦਿੱਤਾ।  ਇਸ ਸਾਰੇ ਕਾਸੇ ਨੇ ਜਿੱਥੇ ਇਨਸਾਨੀ ਸੋਚਣ-ਸ਼ਕਤੀ ਦਾ ਘੇਰਾ ਮੋਕਲਾ ਕੀਤਾ ਹੈ,ਉੱਥੇ ਇਸ ਨੇ ਇਨਸਾਨੀ/ਪਰਿਵਾਰਕ ਮੋਹ-ਪਿਆਰ ਦੇ ਘੇਰੇ ਨੂੰ ਸੁੰਗੇੜ ਦਿੱਤਾ ਹੈ। ਇੱਕ ਕਮਰੇ ਵਿੱਚ ਬੈਠੇ ਪਰਿਵਾਰ ਦੇ ਪੰਜ-ਸੱਤ ਜੀਅ ਵੀ ਇਕੱਠੇ ਹੋਣ ਦੇ ਬਾਵਜੂਦ ਵੀ ਇਕੱਲੇ-ਇਕੱਲੇ ਦਿਖਾਈ ਦੇ ਰਹੇ ਹਨ। ਕਿਉਂਕਿ ਸਾਰੇ ਆਪੋ-ਆਪਣੇ ਫੋਨ ਤੇ ਵਿਅਸਤ ਹੁੰਦੇ ਨੇ। ਇਸ ਤਰ੍ਹਾਂ ਲੱਗਦੈ,ਜਿਵੇਂ ਕਿਸੇ ਕੋਲ ਇੱਕ-ਦੂਜੇ ਨਾਲ ਗੱਲ ਕਰਨ ਦੀ ਵਿਹਲ ਨਾਂ ਹੋਵੇ।
ਪਿਛਲਖੁਰੀ ਸਾਢੇ ਤਿੰਨ-ਚਾਰ ਦਹਾਕੇ ਪਿੱਛੇ ਨਜਰ ਮਾਰੀਏ ਤਾਂ ਪਰਿਵਾਰਕ ਮੋਹ-ਪਿਆਰ ਛੱਡ,ਪਿੰਡ ਪੱਧਰ ਦੀ ਭਾਈਚਾਰਕ ਸਾਂਝ ਚੇਤੇ ਆ ਜਾਂਦੀ ਹੈ,ਜਿਹਦੇ ਵਿੱਚ ਅੰਤਾਂ ਦਾ ਮੋਹ-ਪਿਆਰ ਹੁੰਦਾ ਸੀ।  ਉਹਨਾਂ ਸਮਿਆਂ ਚ ਬਹੁਤੇ ਕੰਮ ਹੱਥੀਂ ਕੀਤੇ ਜਾਂਦੇ ਸਨ। ਕਣਕ ਦੀ ਵਢਾਈ ਤੋਂ ਲਾ ਪਿੜਾਂ ਦੀ ਸੰਭਾਈ ਤੱਕ ਸਾਰੇ ਕੰਮ ਆਪਸੀ ਭਾਈਚਾਰਕ ਸਾਂਝ ਨਾਲ ਨਬੇੜੇ ਜਾਂਦੇ ਸੀ। ਕਿਸੇ ਪਰਿਵਾਰ ਨੇ ਪਿੜ ਸਭਾਂਈ ਚ ਪਿੱਛੇ ਰਹਿ ਜਾਣਾ ਤਾਂ ਆਂਢ-ਗੁਆਂਢ ਨੇ ਆਪ ਹੀ ਅਗਲੇ ਦਾ ਦਰਵਾਜਾ ਖੜਕਾ ਕੇ ਕਹਿ ਦੇਣਾ ਕਿ ਭਾਈ ਅੱਜ ਤੁਹਾਡੇ ਆਵਤ ਆ। ਰੋਟੀ-ਪਾਣੀ ਤਿਆਰ ਕਰਨ ਦਾ ਸੁਨੇਹਾ ਦੇ ਸਾਰਿਆਂ ਨੇ ਰਲ ਖੇਤ ਜਾ ਵੱਜਣਾ ਤੇ ਸਾਰਾ ਕੰਮ ਨਿਬੇੜ ਘਰ ਆਉਣਾ। ਅੱਜ ਸਾਡੀ ਸੋਚ ਇਸ ਕਦਰ ਸੁੰਗੜ ਗਈ ਹੈ ਕਿ ਅਸੀਂ ਕਿਸੇ ਦੀ ਮਦਦ ਕਰ  ਕੇ ਵੀ ਉਸ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦੇ ਹਾਂ।
ਅਜੋਕੇ ਦੌਰ ਦੀਆਂ  ਸੁੱਖ-ਸਹੂਲਤਾਂ ਨੇ ਇਨਸਾਨ ਨੂੰ ਸੌਖਿਆਂ ਵੀ ਕਰ ਦਿੱਤਾ ਹੈ। ਵੰਨ-ਸੁਵੰਨੇ ਪਹਿਰਾਵੇ ਪਹਿਨਾ ਤੇ ਭਾਂਤ-ਭਾਂਤ ਦੇ ਇਤਰ-ਫੁਲੇਲਾਂ ਨੇ ਇਨਸਾਨ ਨੂੰ ਜਿੱਥੇ ਬੰਦੇ ਤੋਂ ਜੈਂਟਲਮੈਨ  ਤਾਂ ਬਣਾ ਦਿੱਤਾ ਹੈ ਪਰ ਰਿਸ਼ਤਿਆਂ ਚੋਂ ਮੋਹ-ਪਿਆਰ,ਮੁਹੱਬਤ ਦੀ ਖੁਸ਼ਬੂ ਨੂੰ ਮਨਫੀ ਕਰ ਦਿੱਤਾ ਹੈ। ਘਰਾਂ ਦੇ ਵਿਹੜਿਆਂ ਦੀਆਂ ਉਹ ਨਿੰਮਾਂ/ਬਕੈਣਾਂ ਗੰਦ ਪਾਉਣ ਦੇ ਬਹਾਨੇ ਅਸੀਂ ਪੁੱਟ ਸੁੱਟੀਆਂ ਹਨ,ਜਿਹਨਾਂ ਦੀ ਛਾਵੇਂ ਬੈਠ ਅਸੀਂ ਇਨਸਾਨੀ ਰਿਸ਼ਤਿਆਂ ਦੀ ਠੰਡਕ ਮਾਣਦੇ ਸਾਂ।
 ਅੱਜ ਹਰ ਤੀਜਾ ਬੰਦਾ  ਡਿਪ੍ਰੈਸ਼ਨ ਦਾ ਸਿਕਾਰ ਹੈ। ਰੋਜਾਨਾ ਅਖਬਾਰੀ/ਸੋਸਲ ਮੀਡੀਆ ਪਲੇਟਫਾਰਮ ਤੇ ਅਨੇਕਾਂ ਖਬਰਾਂ ਪੜਨ-ਸੁਣਨ ਨੂੰ ਮਿਲਦੀਆਂ ਨੇ ਕਿ ਫਲਾਨੀ ਥਾਂ ਫਲਾਨੇ ਨੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਆਤਮਹੱਤਿਆ ਕੀਤੀ, ਵਗੈਰਾ-ਵਗੈਰਾ। ਇਸ ਦੇ ਜਿੱਥੇ ਹੋਰ ਅਨੇਕਾਂ ਕਾਰਨ ਹਨ, ਉੱਥੇ ਇਨਸਾਨ ਦਾ ਇਕਲਾਪਾ ਵੀ ਇਸ ਦਾ ਇੱਕ ਵੱਡਾ ਕਾਰਨ ਹੈ। ਪਰਿਵਾਰ ਚ ਰਹਿ ਕੇ ਵੀ ਅਸੀਂ ਇਕਲਾਪੇ ਦੇ ਸ਼ਿਕਾਰ ਹੋ ਚੁੱਕੇ ਹਾਂ। ਬਿਮਾਰੀਆਂ ਤਾਂ ਪਹਿਲਾਂ ਵੀ ਹੁੰਦੀਆਂ ਸਨ/ਫੈਲਦੀਆਂ ਸਨ। ਪਰ ਉਸ ਸਮੇਂ “ਬੰਦਾ ਬੰਦੇ ਦੀ ਦਾਰੂ  ਹੁੰਦਾ ਹੈ”, ਵਾਲੀ ਕਹਾਵਤ ਸੱਚ ਹੁੰਦੀ ਸੀ। ਸਾਡਾ ਦਾਦਾ ਆਖਦਾ ਹੁੰਦਾ ਸੀ ਕਿ ਅਸੀਂ ਮਾੜੇ ਤੋਂ ਮਾੜਾ ਤੇ ਚੰਗੇ ਤੋਂ ਚੰਗਾ ਸਮਾਂ ਵੀ ਦੇਖਿਆ। ਪਰ ਆਉਣ ਵਾਲਾ ਸਮਾਂ ਇਹੋ ਜਿਹਾ ਵੀ ਆਏਗਾ ਕਿ ਬੰਦਾ,ਬੰਦੇ ਤੋਂ ਡਰ-ਡਰ ਕੇ ਭੱਜਿਆ ਕਰੂ। ਉਹਦੀਆਂ ਗੱਲਾਂ ਸਾਨੂੰ ਅੱਜ ਸੱਚ ਪ੍ਰਤੀਤ ਹੋ ਰਹੀਆਂ ਜਾਪਦੀਆਂ ਨੇ। ਅਸੀਂ  ਆਪਣੇ ਵਿੱਚ  ਨਿੱਜਤਾ,ਈਰਖਾ, ਸਾੜਾ,ਹੰਕਾਰ ਇਸ ਕਦਰ ਭਰ ਲਿਆ ਹੈ ਕਿ ਅਸੀਂ ਇਕ ਦੂਜੇ ਤੋਂ ਸੁਭਾਵਿਕ ਹੀ ਡਰਦੇ-ਫਿਰਦੇ ਹਾਂ।
ਤਬਦੀਲੀ ਦੇ ਇਸ ਦੌਰ ਵਿੱਚ ਜਿੱਥੇ ਜੰਮਦੇ ਬੱਚੇ ਦੇ ਹੱਥ ਵਿੱਚ ਫੜਿਆ ਮੋਬਾਇਲ ਫੋਨ ਦੇਖ ਕੁਝ ਮਾਪੇ ਇਹ ਕਿਆਸ ਕਰਦੇ ਨੇ ਕਿ ਇਹਨੇ ਥੋੜੇ ਜਿਹੇ ਚਿਰ ਵਿੱਚ ਇਸ ਫੋਨ ਚ ਫਿੱਟ ਗੂਗਲ ਬਾਬੇ ਰਾਹੀਂ ਸਾਰਾ ਕੁਝ ਡੌਨਲੋਡ ਕਰ ਲਿਆ ਕਰਨਾਂ ਹੈ ਤਾਂ ਉਦੋਂ ਕਿਤੇ ਨਾਂ ਕਿਤੇ ਇਹ ਸੋਚ ਵੀ ਹਾਵੀ ਹੋਣ ਲੱਗਦੀ ਹੈ ਕਿ  ਭਾਵੇਂ ਇਹ ਅਜੋਕੇ ਬੱਚੇ ਗੂਗਲ ਬਾਬੇ ਤੋਂ ਦੁਨੀਆਂ ਭਰ ਦੀ ਹਰ ਸ਼ੈਅ ਡੌਨਲੋਡ ਕਰ ਲੈਣ ਪਰ ਇਸ ਤੋਂ ਉਹ ਮੋਹ-ਪਿਆਰ/ਮੁਹੱਬਤ ਡੌਨਲੋਡ ਨੀ ਹੋਣੀ, ਜਿਹੜੀ ਬੰਦੇ ਨੂੰ ਬੰਦਾ ਬਣਾਉਣ ਚ ਸਹਾਈ ਹੁੰਦੀ ਆ। ਸੋ ਆਉ ਅਸੀਂ ਇਹ ਮੋਹ-ਪਿਆਰ/ਮੁਹੱਬਤ ਆਪਣੇ ਦਿਲਾਂ ਅੰਦਰ  ਪੱਕੇ ਤੌਰ ਤੇ ਡੌਨਲੋਡ ਕਰ ਕੇ ਰੱਖੀਏ ।
ਆਮੀਨ
ਬਲਵੀਰ ਸਿੰਘ ਬਾਸੀਆਂ 
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵੇਰਕਾ ਮਿਲਕ ਪਲਾਂਟ ਜਲੰਧਰ ਵੱਲੋ ਧਰਮਕੋਟ (ਮੋਗਾ) ਵਿਚ ਜਾਗਰੂਕਤਾ ਕੈਂਪ ਲਗਾਇਆ
Next articleबोधिसत्व अंबेडकर पब्लिक स्कूल के स्टाफ ने स्कूल के चेयरमैन तथा प्रिंसिपल के साथ किया पंजाब में बने बौद्ध विहारों का भ्रमण