ਨਵੀਂ ਦਿੱਲੀ (ਸਮਾਜ ਵੀਕਲੀ): ਖ਼ਬਰਾਂ ਦੇ ਚੈਨਲ ‘ਐੱਨਡੀਟੀਵੀ ਇੰਡੀਆ’ ਨੇ ਜਾਣਕਾਰੀ ਦਿੱਤੀ ਹੈ ਕਿ ਹਾਥਵੇਅ ਕੇਬਲ ਨੈੱਟਵਰਕ ਨੇ ਬੀਤੇ ਦਿਨ ਆਪਣੇ ਪਾਪੂਲਰ ਪੈਕ ’ਚੋਂ ਚੈਨਲ ਨੂੰ ਬਾਹਰ ਕਰ ਦਿੱਤਾ ਹੈ। ਚੈਨਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਚੈਨਲ ਦਾ ਸਮਰਥਨ ਕਰਨ ਅਤੇ ਕੇਬਲ ਨੈੱਟਵਰਕ ਨੂੰ ਪੁੱਛਣ ਕਿ ਉਨ੍ਹਾਂ ਵੱਲੋਂ ਦਿੱਤੇ ਜਾਂਦੇ ਚੈਨਲ ਪੈਕ ਵਿੱਚੋਂ ਐੱਨਡੀਟੀਵੀ ਇੰਡੀਆ ਨੂੰ ਕਿਉਂ ਹਟਾਇਆ ਗਿਆ ਹੈ। ਐੱਨਡੀਟੀਵੀ ਕਨਵਰਜੈਂਸ ਦੀ ਮੁਖੀ ਸੁਪਰਨਾ ਸਿੰਘ ਅਤੇ ਸੀਨੀਅਰ ਕਾਰਜਕਾਰੀ ਸੰਪਾਦਕ ਰਵੀਸ਼ ਕੁਮਾਰ ਨੇ ਆਪਣੇ ਟਵਿੱਟਰ ਹੈਂਡਲਾਂ ’ਤੇ ਟਵੀਟ ਕਰਕੇ ਲੋਕਾਂ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਨੈੱਟਵਰਕ ਆਪਰੇਟਰ ਨੂੰ ਟਵੀਟ ਕਰਕੇ ਐੱਨਡੀਟੀਵੀ ਇੰਡੀਆ ਚੈਨਲ ਦਾ ਕੁਨੈਕਸ਼ਨ ਮੰਗਣ।
ਇਸੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਵੱਲੋਂ ਹਾਥਵੇਅ ਕੇਬਲ ਵੱਲੋਂ ਐੱਨਡੀਟੀਵੀ ਇੰਡੀਆ ਨੂੰ ਹਟਾਏ ਜਾਣ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਨਿਰਪੱਖ ਪੱਤਰਕਾਰਾਂ ਦੀ ਜ਼ੁਬਾਨਬੰਦੀ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਪਣਾ ਵਿਰੋਧ ਜਰਨਾ ਤਾਂ ਦੂਰ ਦੀ ਗੱਲ, ਸਗੋਂ ਜਾਇਜ਼ ਆਲੋਚਨਾ ਸੁਣਨ ਲਈ ਵੀ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਗੋਦੀ ਮੀਡੀਆ ਸਰਕਾਰ ਦੀਆਂ ਫਿਰਕੂ ਫਾਸ਼ੀਵਾਦੀ ਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਜਾਇਜ਼ ਠਹਿਰਾਉਂਦਾ ਹੈ, ਉਨ੍ਹਾਂ ਵੱਲੋਂ ਭੜਕਾਊ ਮਾਹੌਲ ਸਿਰਜਣ ਤੇ ਉਕਸਾਹਟ ਪੈਦਾ ਕਰਨ ’ਤੇ ਵੀ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ।
ਆਗੂਆਂ ਨੇ ਕਿਹਾ ਕਿ ਯੂਨੀਅਨ ਇਸ ਚੈਨਲ ਨੂੰ ਕੇਬਲ ਨੈੱਟਵਰਕ ਦੇ ਪਾਪੂਲਰ ਪੈਕ ’ਚੋਂ ਹਟਾਏ ਜਾਣ ਨੂੰ ਪ੍ਰੈੱਸ ਦੀ ਜ਼ੁਬਾਨਬੰਦੀ ਸਮਝਦੀ ਹੈ ਤੇ ਇਸ ਚੈਨਲ ਸਣੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨਾਲ ਡੱਟ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਰਵੀਸ਼ ਕੁਮਾਰ ਆਪਣੇ ਪ੍ਰਾਈਮ ਟਾਈਮ ਸ਼ੋਅ ਵਿੱਚ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਬਾਰੇ ਗੱਲ ਕਰਦਾ ਹੈ, ਜਿਸ ਲਈ ਰਵੀਸ਼ ਨੂੰ ਰੈਮਨ ਮੈਗਸੇਸੇ ਐਵਾਰਡ ਨਾਲ ਵੀ ਨਿਵਾਜਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਮੰਗ ਕਰਦੀ ਹੈ ਕਿ ‘ਐੱਨਡੀਟੀਵੀ ਇੰਡੀਆ’ ’ਤੇ ਪਾਬੰਦੀਆਂ ਲਗਾਉਣੀਆਂ ਬੰਦ ਕੀਤੀਆਂ ਜਾਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly