ਚੰਡੀਗੜ੍ਹ, (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਹਿੰਸਾ ਤੋਂ ਬਾਅਦ ਕੇਂਦਰ ਅਤੇ ਯੂਪੀ ਸਰਕਾਰ ਦੇ ਤਾਨਾਸ਼ਾਹ ਰਵੱਈਏ ਖ਼ਿਲਾਫ਼ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਹਰਿਆਣਾ ਕਾਂਗਰਸ ਦਾ ਵੱਡਾ ਜਥਾ ਪਾਣੀਪਤ ਦੇ ਸੰਜੈ ਚੌਕ ਤੋਂ ਲਖੀਮਪੁਰ ਲਈ ਰਵਾਨਾ ਹੋਇਆ। ਜਥੇ ਨੂੰ ਪੁਲੀਸ ਨੇ ਹਰਿਆਣਾ-ਉੱਤਰ ਪ੍ਰਦੇਸ਼ ਬਾਰਡਰ ’ਤੇ ਹੀ ਰੋਕ ਦਿੱਤਾ। ਪੁਲੀਸ ਦੀ ਕਾਰਵਾਈ ਤੋਂ ਬਾਅਦ ਹਰਿਆਣਾ ਕਾਂਗਰਸ ਦੇ ਆਗੂਆਂ ਨੇ ਬਾਰਡਰ ’ਤੇ ਹੀ ਧਰਨਾ ਦੇ ਦਿੱਤਾ। ਕਾਂਗਰਸੀਆਂ ਨੇ ਮੋਦੀ ਅਤੇ ਯੋਗੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਰਿਆਣਾ ਕਾਂਗਰਸ ਦੇ ਇੰਚਾਰਜ ਵਿਵੇਕ ਬਾਂਸਲ, ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕਾਂਗਰਸੀ ਵਿਧਾਇਕ ਅਤੇ ਹੋਰ ਵਰਕਰ ਵੀ ਮੌਜੂਦ ਸਨ।
ਸ੍ਰੀ ਬਾਂਸਲ ਨੇ ਕਿਹਾ ਕਿ ਲਖੀਮਪੁਰ ’ਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤ ਆਸ਼ੀਸ਼ ਮਿਸ਼ਰਾ ਨੇ ਗੱਡੀ ਨਾਲ ਕੁਚਲ ਦਿੱਤਾ। ਇਸ ਤੋਂ ਭਾਜਪਾ ਦੀ ਮਾਨਸਿਕਤਾ ਦਾ ਪਤਾ ਚੱਲਦਾ ਹੈ। ਭਾਜਪਾ ਆਗੂ ਕਿਸਾਨ ਅੰਦੋਲਨ ਦੀ ਆਵਾਜ਼ ਨੂੰ ਦਬਾਉਣ ਲਈ ਡੰਡੇ ਦੀ ਵਰਤੋਂ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਨੂੰ ਸੰਵਿਧਾਨਕ ਅਹੁਦੇ ’ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਲਖੀਮਪੁਰ ਖੀਰੀ ਘਟਨਾ ਦੀ ਹਾਈ ਕੋਰਟ ਦੇ ਜੱਜਾਂ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਤਾਂ ਜੋ ਉਹ ਜਾਂਚ ਨੂੰ ਕਿਸੇ ਢੰਗ ਨਾਲ ਪ੍ਰਭਾਵਿਤ ਨਾ ਕਰ ਸਕੇ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹਰ ਦੁੱਖ-ਸੁੱਖ ’ਚ ਨਾਲ ਖੜ੍ਹੀ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ 10 ਮਹੀਨੇ ਤੋਂ ਸੰਘਰਸ਼ ਕਰ ਰਿਹਾ ਹੈ ਜਿਸ ਦੌਰਾਨ 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ ਹੈ। ਕਾਂਗਰਸੀ ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਵੀ ਭੜਕਾਊ ਬਿਆਨ ਦੇਣ ਲਈ ਮੁਆਫ਼ੀ ਮੰਗਣ ਦੀ ਅਪੀਲ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly