HOME ਹਰਿਆਣਾ ਕਮੇਟੀ ਪ੍ਰਧਾਨ ਝੀਂਡਾ ਰੱਜ ਕੇ ਕਰ ਰਿਹਾ ਗੁਰੂ ਕੀ ਗੋਲਕ ਦੀ...

ਹਰਿਆਣਾ ਕਮੇਟੀ ਪ੍ਰਧਾਨ ਝੀਂਡਾ ਰੱਜ ਕੇ ਕਰ ਰਿਹਾ ਗੁਰੂ ਕੀ ਗੋਲਕ ਦੀ ਦੁਰਵਰਤੋਂ – ਜਥੇਦਾਰ ਮੰਡੇਬਰ

2
ਝੀਂਡਾ ਦੇ ਜਨਮ-ਦਿਨ ਦੇ ਸੱਦਾ-ਪੱਤਰ ਵੰਡ ਰਹੇ ਹਰਿਆਣਾ ਕਮੇਟੀ ਦੀਆਂ ਗੱਡੀਆਂ ਤੇ ਮੁਲਾਜ਼ਮ
ਮੇਰਾ ਪ੍ਰੋਗਰਾਮ ਹਰਿਆਣਾ ਕਮੇਟੀ ਬਣਨ ਦੇ ਸ਼ੁਕਰਾਨੇ ਵਜੋਂ ਪਹਿਲਾਂ ਦਾ ਰੱਖਿਆ ਹੋਇਆ ਹੈ, ਅਤੇ ਪੰਜਾਬ ਹੜ੍ਹ ਪੀੜਤਾਂ ਦੀ ਹਰ ਹੀਲੇ ਸਹਾਇਤਾ ਕਰ ਰਹੇ ਹਾਂ – ਜਗਦੀਸ਼ ਸਿੰਘ ਝੀਂਡਾ
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰਾਂ ਅਤੇ ਸਿੱਖ ਸੰਗਤਾਂ ਵਿੱਚੋਂ ਆਪਣਾ ਭਰੋਸਾ ਗਵਾ ਚੁੱਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅੱਜ ਕੱਲ੍ਹ ਗੁਰੂ ਕੀ ਗੋਲਕ ਦੀ ਰੱਜ ਕੇ ਦੁਰਵਰਤੋਂ ਕਰ ਰਿਹਾ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੀਡੀਆ ਨਾਲ ਇੱਕ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਜਨਰਲ ਸਕੱਤਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ । ਜਥੇਦਾਰ ਮੰਡੇਬਰ ਨੇ ਦੱਸਿਆ ਕਿ ਜਗਦੀਸ਼ ਸਿੰਘ ਝੀਂਡਾ ਆਪਣਾ 73ਵਾਂ ਜਨਮ-ਦਿਨ 5 ਸਤੰਬਰ ਨੂੰ ਆਪਣੇ ਪਿੰਡ ਝੀਂਡਾ ਵਿੱਚ ਮਨਾ ਰਿਹਾ ਹੈ ਜਿਸ ਦੇ ਸੱਦਾ-ਪੱਤਰ ਗੁਰੂ ਕੀ ਗੋਲਕ ਵਿੱਚੋਂ ਤੇਲ ਪਾ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੱਡੀਆਂ ਉੱਪਰ ਕਮੇਟੀ ਦੇ ਮੁਲਾਜ਼ਮ ਪਿੰਡਾਂ ਵਿੱਚ ਵੰਡ ਰਹੇ ਹਨ ਜੋ ਕਿ ਸਿੱਧੇ ਤੌਰ ਤੇ ਗੁਰੂ ਕੀ ਗੋਲਕ ਦੀ ਦੁਰਵਰਤੋਂ ਹੈ । ਜਥੇਦਾਰ ਮੰਡੇਬਰ ਨੇ ਕਿਹਾ ਕਿ ਪਹਿਲੀ ਗੱਲ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਦਾ ਸਾਲ ਚੱਲ ਰਿਹਾ ਹੈ, ਦੂਸਰਾ ਹਰਿਆਣਾ ਪੰਜਾਬ ਵਿੱਚ ਹੜਾਂ ਦੀ ਮਾਰ ਨਾਲ ਲੋਕ ਘਰੋਂ ਬੇਘਰ ਹੋ ਰਹੇ ਹਨ ।ਪੀੜਤ ਪਰਿਵਾਰਾਂ ਕੋਲ ਪੁੱਜਣ ਦੀ ਬਜਾਏ ਝੀਂਡਾ ਸਰਕਾਰੀ ਦਫ਼ਤਰਾਂ ਵਿੱਚ ਲੀਡਰਾਂ ਅਤੇ ਅਫਸਰਾਂ ਨੂੰ ਆਪਣੇ ਜਨਮ-ਦਿਨ ਦੇ ਸੱਦਾ-ਪੱਤਰ ਵੰਡਦਾ ਫਿਰ ਰਿਹਾ ਹੈ ਅਤੇ ਬੁੱਢੇ ਵਾਰੇ ਆਪਣਾ ਜਨਮ-ਦਿਨ ਮਨਾ ਰਿਹਾ ਹੈ । ਉਹਨਾਂ ਆਖਿਆ ਕਿ ਪਹਿਲਾਂ ਵੀ ਝੀਂਡਾ ਨੇ 26 ਜੂਨ ਨੂੰ ਕਾਲਾ ਦਿਵਸ ਪ੍ਰੋਗਰਾਮ ਉੱਤੇ ਪੂਰੇ ਹਰਿਆਣਾ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਵਿੱਚੋਂ ਗੁਰੂ ਕੀ ਗੋਲਕ ਦਾ ਤੇਲ ਗੱਡੀਆਂ ਵਿੱਚ ਪਾ ਕੇ ਮੁਲਾਜ਼ਮਾਂ ਨੂੰ ਸੱਦ ਕੇ ਗੁਰੂ ਕੀ ਗੋਲਕ ਦੀ ਦੁਰਵਰਤੋਂ ਕੀਤੀ ਸੀ।  ਝੀਂਡਾ ਨੇ ਦੋ ਗੱਡੀਆਂ 13-14 ਮੁਲਾਜ਼ਮ ਆਪਣੇ ਨਾਲ ਟਾਸਕ ਫੋਰਸ ਪੀ.ਏ ਤੇ ਡਰਾਈਵਰਾਂ ਦੇ ਰੂਪ ਵਿੱਚ ਲਗਾ ਕੇ ਗੁਰੂ ਕੀ ਗੋਲਕ ਦੀ ਰੱਜ ਕੇ ਦੁਰਵਰਤੋਂ ਕਰ ਰਿਹਾ ਹੈ । ਉਨਾਂ ਕਿਹਾ ਕਿ ਦੂਜਿਆਂ ਨੂੰ ਬੀਜੇਪੀ ਦੇ ਏਜੰਟ ਕਹਿਣ ਵਾਲਾ ਝੀਂਡਾ ਅੱਜ ਸਵੇਰੇ- ਦੁਪਹਿਰੇ-ਸ਼ਾਮ ਬੀਜੇਪੀ ਦੇ ਲੀਡਰਾਂ ਤੇ ਅਫਸਰਾਂ ਕੋਲ ਆਪਣੀ ਪ੍ਰਧਾਨਗੀ ਬਚਾਉਣ ਵਾਸਤੇ ਲੇਲੜੀਆਂ ਕੱਢਦਾ ਫਿਰਦਾ ਤਰਲੇ ਲੈ ਰਿਹਾ ਹੈ। ਮੰਡੇਬਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪ੍ਰਧਾਨ ਝੀਂਡਾ ਤੋਂ ਗੁਰੂ ਕੀ ਗੋਲਕ ਦੀ ਦੁਰਵਰਤੋਂ ਦੀ ਪਾਈ ਪਾਈ ਦਾ ਹਿਸਾਬ ਲਿਆ ਜਾਵੇਗਾ। ਇਸ ਮੁੱਦੇ ਤੇ ਜਦੋਂ ਹਰਿਆਣਾ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਮੈਂ ਹਰਿਆਣਾ ਕਮੇਟੀ ਬਣਨ ਦੀ ਖੁਸ਼ੀ ਵਿੱਚ ਸਮਾਗਮ 5 ਸਤੰਬਰ ਦਾ ਰੱਖਿਆ ਸੀ ਉਹ ਵੀ ਡੇਢ ਮਹੀਨਾ ਪਹਿਲਾਂ ਜਦੋਂ ਪੰਜਾਬ ਚ ਹੜ ਨਹੀਂ ਆਏ ਸਨ, ਹੁਣ ਮੈਂ ਰੱਦ ਕਿਵੇਂ ਕਰ ਦਵਾਂ, ਨਾਲੇ ਜਿਸਨੇ ਬਦਨਾਮੀ ਕਰਨੀ ਹੈ ਕਰੀ ਜਾਵੇ ਮੈ ਪੰਜਾਬ ਲੰਗਰ ਪੱਕੇ ਪਰਸ਼ਾਦੇ, ਸਬਜ਼ੀ ਅਤੇ ਕੱਚਾ ਰਾਸ਼ਨ ਪੰਜਾਬ ਭੇਜ ਚੁੱਕਾ ਹਾਂ ਅਤੇ ਹਰਿਆਣੇ ਦੇ ਹਰ ਗੁਰਦੁਆਰੇ ਦੇ ਬਾਹਰ ਬੈਨਰ ਲਗਾ ਦਿੱਤੇ ਹਨ ਕਿ ਪੰਜਾਬ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰੋ । ਉਹਨਾਂ ਆਖਿਆ ਕਿ ਕੁਦਰਤੀ ਆਪਦਾ ਦੀ ਇਸ ਘੜੀ ‘ਚ ਹਰਿਆਣਾ ਗੁਰਦੁਆਰਾ ਕਮੇਟੀ ਅਤੇ ਮੈਂ ਆਪ ਵੀ ਪੰਜਾਬੀ ਭਰਾਵਾਂ ਨਾਲ ਖਲੋਤੇ ਹਾਂ ਅਤੇ ਅਸੀਂ ਲਗਾਤਾਰ ਸਹਾਇਤਾ ਲਈ ਪੰਜਾਬ  ਪ੍ਰਸ਼ਾਸ਼ਨ ਅਤੇ ਸ਼੍ਰੋਮਣੀ ਕਮੇਟੀ ਦੇ ਸੰਪਰਕ ‘ਚ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਅਖਿਲ ਭਾਰਤੀ ਬ੍ਰਾਹਮਣ ਏਕਤਾ ਪ੍ਰੀਸ਼ਦ ਦੀ ਤਰਫੋਂ ਪਰਵਿੰਦਰ ਸ਼ਰਮਾ ਨੂੰ ਪੰਜਾਬ ਸੂਬਾ ਪ੍ਰਧਾਨ ਨਾਮਜ਼ਦ ਕੀਤਾ ਗਿਆ*
Next articleTHE BRAIN PACEMAKERS