ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਰਾਜ ਸਰਕਾਰ ਨੇ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ, ਜੋ ਕੁਸ਼ਤੀ ਤੋਂ ਰਾਜਨੀਤੀ ਵਿੱਚ ਆਈ ਸੀ, ਨੂੰ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਦੇ ਬਰਾਬਰ ਲਾਭ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸੂਬੇ ਦੀ ਖੇਡ ਨੀਤੀ ਤਹਿਤ ਲਿਆ ਗਿਆ ਹੈ। ਜੀਂਦ ਜ਼ਿਲ੍ਹੇ ਦੀ ਜੁਲਾਨਾ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਵਿਧਾਇਕ ਵਿਨੇਸ਼ ਫੋਗਾਟ ਨੇ ਹਾਲ ਹੀ ਵਿੱਚ ਵਿਧਾਨ ਸਭਾ ਸੈਸ਼ਨ ਦੌਰਾਨ ਇਹ ਮੁੱਦਾ ਉਠਾਇਆ ਸੀ।
ਇਸ ਮਾਮਲੇ ਨੂੰ ਵਿਸ਼ੇਸ਼ ਅਪਵਾਦ ਵਜੋਂ ਮੰਨਦੇ ਹੋਏ ਰਾਜ ਮੰਤਰੀ ਮੰਡਲ ਨੇ ਵਿਨੇਸ਼ ਫੋਗਾਟ ਨੂੰ ਖੇਡ ਨੀਤੀ ਤਹਿਤ ਸਨਮਾਨ ਅਤੇ ਲਾਭ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਜਦੋਂ ਉਹ ਵਿਧਾਇਕ ਹੈ, ਤਾਂ ਉਸ ਨੂੰ ਇਹ ਫੈਸਲਾ ਕਰਨ ਦਾ ਵਿਕਲਪ ਦਿੱਤਾ ਜਾਵੇਗਾ ਕਿ ਉਹ ਕੀ ਲਾਭ ਪ੍ਰਾਪਤ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਖੇਡ ਨੀਤੀ ਤਹਿਤ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਨੂੰ ਤਿੰਨ ਮੁੱਖ ਲਾਭ ਦਿੱਤੇ ਜਾਂਦੇ ਹਨ- 4 ਕਰੋੜ ਰੁਪਏ ਦਾ ਨਕਦ ਇਨਾਮ, ਗਰੁੱਪ ‘ਏ’ ਦੇ ਤਹਿਤ ਉੱਤਮ ਖਿਡਾਰੀ ਨੂੰ ਸਰਕਾਰੀ ਨੌਕਰੀ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦਾ ਪਲਾਟ।
ਵਿਨੇਸ਼ ਫੋਗਾਟ ਨੂੰ ਤਕਨੀਕੀ ਕਾਰਨ ਕਰਕੇ ਪੈਰਿਸ ਓਲੰਪਿਕ 2024 ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਉਸ ਨੂੰ 50 ਕਿਲੋ ਭਾਰ ਵਰਗ ਦੇ ਫਾਈਨਲ ਮੈਚ ਤੋਂ ਪਹਿਲਾਂ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਉਸ ਨੇ ਸੈਮੀਫਾਈਨਲ ਮੈਚ ਜਿੱਤ ਲਿਆ ਅਤੇ ਹਰਿਆਣਾ ਸਰਕਾਰ ਨੇ ਉਸ ਦੇ ਪ੍ਰਦਰਸ਼ਨ ਨੂੰ ਇਤਿਹਾਸਕ ਮੰਨਦਿਆਂ ਉਸ ਨੂੰ ਓਲੰਪਿਕ ਤਮਗਾ ਜੇਤੂ ਦਾ ਦਰਜਾ ਦੇਣ ਦਾ ਐਲਾਨ ਕੀਤਾ।
ਉਸ ਸਮੇਂ ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਸੀ ਕਿ ਹਰਿਆਣਾ ਦੀ ਬੇਟੀ ਵਿਨੇਸ਼ ਫੋਗਾਟ ਦੇ ਸਨਮਾਨ ਨੂੰ ਘੱਟ ਨਹੀਂ ਹੋਣ ਦਿੱਤਾ ਜਾਵੇਗਾ। ਵਿਧਾਨ ਸਭਾ ਸੈਸ਼ਨ ਦੌਰਾਨ ਵਿਨੇਸ਼ ਫੋਗਾਟ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦਾ ਵਾਅਦਾ ਯਾਦ ਕਰਾਉਂਦੇ ਹੋਏ ਕਿਹਾ, “ਮੁੱਖ ਮੰਤਰੀ ਨੇ ਕਿਹਾ ਸੀ ਕਿ ਵਿਨੇਸ਼ ਸਾਡੀ ਬੇਟੀ ਹੈ ਅਤੇ ਉਸ ਨੂੰ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਵਾਂਗ ਹੀ ਪੁਰਸਕਾਰ ਮਿਲੇਗਾ। ਪਰ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ।”
ਫੋਗਾਟ ਨੇ ਕਿਹਾ, “ਇਹ ਪੈਸੇ ਦਾ ਨਹੀਂ, ਸਗੋਂ ਇੱਜ਼ਤ ਦਾ ਸਵਾਲ ਹੈ। ਪੂਰੇ ਹਰਿਆਣਾ ਦੇ ਲੋਕ ਮੈਨੂੰ ਪੁੱਛਦੇ ਹਨ ਕਿ ਕੀ ਮੈਨੂੰ ਸਰਕਾਰ ਤੋਂ ਨਕਦ ਪੁਰਸਕਾਰ ਮਿਲਿਆ ਹੈ?” ਅਗਸਤ 2024 ਵਿੱਚ, ਹਰਿਆਣਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਵਿਨੇਸ਼ ਫੋਗਾਟ ਨੂੰ ਤਮਗਾ ਜੇਤੂ ਦਾ ਦਰਜਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਸੀ ਕਿ ਵਿਨੇਸ਼ ਨੂੰ ਓਲੰਪਿਕ ਚਾਂਦੀ ਤਮਗਾ ਜੇਤੂ ਵਾਂਗ ਸਾਰੇ ਪੁਰਸਕਾਰ ਦਿੱਤੇ ਜਾਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly