ਨਹੀਂ ਰਿਹਾ ਗੀਤਾਂ ਦਾ ਵਣਜਾਰਾ ਗ਼ਜ਼ਲਾਂ ਦਾ ਬਾਦਸ਼ਾਹ ਹਰਜਿੰਦਰ ਬੱਲ

.ਸਾਹਿਤ ਜਗਤ ਨੂੰ ਪਿਆ ਵੱਡਾ ਘਾਟਾ
ਜਲੰਧਰ-(ਰਮੇਸ਼ਵਰ ਸਿੰਘ)ਨਾਮਵਰ ਗੀਤਕਾਰ ,ਵੱਡੇ ਸਾਹਿਤਕਾਰ ਤੇ ਉਸਤਾਦ ਸ਼ਾਇਰ ਹਰਜਿੰਦਰ ਬੱਲ ਜੀ 68 ਵਰ੍ਹਿਆਂ ਦੀ ਉਮਰ ਭੋਗ ਕੇ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਅੱਜ ਪੀ ਜੀ ਆਈ ਚੰਡੀਗੜ੍ਹ ਵਿਖੇ ਉਨ੍ਹਾਂ ਨੇ ਆਖ਼ਿਰੀ ਸਾਹ ਲਏ।ਉਨ੍ਹਾਂ ਦੇ ਆਕਾਲ ਚਲਾਣਾ ਕਰ ਜਾਣ ਦੀ ਖ਼ਬਰ ਫੈਲਦਿਆਂ ਹੀ ਪੰਜਾਬੀ ਸਾਹਤਿਕ ਹਲਕਿਆਂ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ, ਜਨ ਸਕੱਤਰ ਪ੍ਰੋ ਸੰਧੂ ਵਰਿਆਣਵੀ, ਸਕੱਤਰ ਜਗਦੀਸ਼ ਰਾਣਾ, ਅਤੇ ਉਸਤਾਦ ਸ਼ਾਇਰ ਅਮਰਜੀਤ ਸਿੰਘ ਸੰਧੂ, ਗੁਰਦੀਪ ਭਾਟੀਆ, ਅਮਰ ਸੂਫ਼ੀ, ਗੁਰਦਿਆਲ ਰੌਸ਼ਨ , ਰਣਜੀਤ ਸਿੰਘ ਧੂਰੀ ਅਤੇ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਕੋਟਲੀ ਆਦਿ ਨੇ ਕਿਹਾ ਕਿ ਹਰਜਿੰਦਰ ਬੱਲ ਪੰਜਾਬੀ ਦਾ ਨਾਮਵਰ ਗੀਤਕਾਰ ਸੀ ਜਿਸ ਦੇ ਗੀਤ ਪੰਜਾਬੀ ਦੇ ਉੱਚਕੋਟੀ ਦੇ  ਗਾਇਕਾਂ  ਸਰਦੂਲ ਸਿਕੰਦਰ, ਫਿਰੋਜ ਖਾਨ, ਮਾਸਟਰ ਸਲੀਮ ਤੇ ਹੋਰਨਾਂ ਨੇ ਵੀ ਗਾਏ ਤੇ ਜੋ ਬੜੇ ਮਕਬੂਲ ਰਹੇ.ਹਰਜਿੰਦਰ ਬੱਲ ਦੇ ਤੁਰ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਪੰਜਾਬੀ ਸਾਹਿਤ ਅਤੇ ਸੰਗੀਤ ਜਗਤ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਿੱਥੇ ਉਹ ਉੱਚ ਕੋਟੀ ਦੇ ਗੀਤਕਾਰ ਸਨ ਉਥੇ ਹੀ ਉਸਤਾਦ ਗ਼ਜ਼ਲਗੋ ਸਨ।
ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਭਲਾਈਪੁਰ ਵਿਖੇ ਜਨਮੇ ਹਰਜਿੰਦਰ ਬੱਲ ਜੀ ਲੰਬੇ ਸਮੇਂ ਤੋਂ ਜਲੰਧਰ ਵਿਖੇ ਰਹਿ ਰਹੇ ਸਨ।ਉਨ੍ਹਾਂ ਨੇ ਆਪਣੀ ਲੇਖਣੀ ਰਾਹੀਂ ਦੁਨੀਆ ਭਰ ਵਿਚ ਨਾਮ ਕਮਾਇਆ। ਜਿੱਥੇ ਉਹ ਕਈ ਅਖ਼ਬਾਰਾਂ ਲਈ ਪੱਤਰਕਾਰੀ ਕਰਦੇ ਰਹੇ ਓਥੇ ਹੀ ਉਨ੍ਹਾਂ ਨੇ ਪਰਚਾ ਮਿਊਜ਼ਿਕ ਟਾਈਮਜ਼ ਵੀ ਕੱਢਿਆ ਜੋ ਸੰਗੀਤਿਕ ਹਲਕਿਆਂ ਵਿਚ ਬੇਹੱਦ ਪਸੰਦ ਕੀਤਾ ਜਾਂਦਾ ਰਿਹਾ।
ਕਈ ਕਿਤਾਬਾਂ ਦੇ ਲੇਖਕ ਦੀਪਕ ਜੈਤੋਈ ਸਾਹਿਬ ਦੇ ਸ਼ਾਗਿਰਦ ਹਰਜਿੰਦਰ ਬੱਲ ਅੱਜ ਖ਼ੁਦ ਇਕ ਉਸਤਾਦ ਸ਼ਾਇਰ ਦੇ ਤੌਰ ਤੇ ਪ੍ਰਸਿੱਧ ਸਨ।ਉਨ੍ਹਾਂ ਦਾ ਨਾਮ ਇੱਕ ਨਿਡਰ ਤੇ ਨਿਰਪੱਖ ਪੱਤਰਕਾਰ ਦੇ ਤੌਰ ਤੇ ਵੀ ਸਤਿਕਾਰ ਨਾਲ਼ ਲਿਆ ਜਾਂਦਾ ਹੈ। ਉਹ ਪਰਿਵਾਰ ਵਿੱਚ ਪਿੱਛੇ ਪਤਨੀ ਸੁਰਿੰਦਰ ਕੌਰ, ਤੇ ਦੋ ਬੇਟੀਆਂ ਰੁਪਿੰਦਰ ਕੌਰ ਅਤੇ ਸਿਮਰਨਜੀਤ ਕੌਰ ਛੱਡ ਗਏ ਹਨ।
ਹਰਜਿੰਦਰ ਬੱਲ ਦੇ ਅਕਾਲ ਚਲਾਣਾ ਕਰ ਜਾਣ ਤੇ ਕੁਲਦੀਪ ਸਿੰਘ ਬੇਦੀ, ਡਾ.ਬਲਦੇਵ ਬੱਦਨ, ਡਾ.ਕੰਵਲ ਭੱਲਾ ਪ੍ਰਧਾਨ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ, ਮੱਖਣ ਸਿੰਘ ਮਾਨ, ਪ੍ਰੋ ਮੋਹਨ ਸਪਰਾ,ਪ੍ਰਿੰਸੀਪਲ ਗੁਰਜੰਟ ਸਿੰਘ , ਧਰਮਿੰਦਰ ਸ਼ਾਹਿਦ, ਸਤਪਾਲ ਸਾਹਲੋਂ, ਨਕਸ਼ ਵਰਿਆਣਵੀ, ਗੁਲਸ਼ਨ ਸ਼ਰਮਾ,ਕੁਲਬੀਰ ਕੰਵਲ, ਰੂਪ ਲਾਲ ਰੂਪ, ਰੂਪ ਸਿੱਧੂ,ਪ੍ਰੋ ਅਕਵੀਰ ਕੌਰ, ਸਵਿੰਦਰ ਸੰਧੂ,ਮੱਖਣ ਲੁਹਾਰ , ਕੁਲਵੰਤ ਸਿੰਘ ਸੇਖੋਂ, ਨੱਕਾਸ਼ ਚਿੱਤੇਵਾਣੀ,ਗੁਰਮੁਖ ਲੁਹਾਰ, ਸ਼ਾਮ ਸਰਗੂੰਦੀ,ਗੁਰਦੀਪ ਸਿੰਘ ਸੈਣੀ, ਜਸਪਾਲ ਜ਼ੀਰਵੀ, ਲਾਲੀ ਕਰਤਾਰਪੁਰੀ,ਦਲਜੀਤ ਮਹਿਮੀ,ਬਲਦੇਵ ਰਾਜ ਕੋਮਲ,
ਜਸਵਿੰਦਰ ਸਿੰਘ ਜੱਸੀ , ਸਨੂ ਮਹਿਮੀ, ਆਦਿ ਲੇਖਕਾਂ ਕਵੀਆਂ ਨੇ ਵੀ ਦੁੱਖ ਦਾ ਇਜ਼ਹਾਰ ਕੀਤਾ ਹੈ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ੍ਰੋਮਣੀ ਅਕਾਲੀ ਦਲ ਦੀ ਭਰਵੀਂ ਮੀਟਿੰਗ ਚੇਅਰਮੈਨ ਖਡਿਆਲ ਦੇ ਗ੍ਰਹਿ ਵਿਖੇ ਹੋਈ ।
Next articleਮਾਤਾ ਗਿਆਨ ਕੌਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਭਲਕੇ