ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਨਵਜੋਤ ਸਿੱਧੂ ਦੇ ਖੇਮੇ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਖੁੱਲ੍ਹੀ ਬਗਾਵਤ ਕੀਤੇ ਜਾਣ ਪਿੱਛੋਂ ਬਣੀ ਤਣਾਅ ਦੇ ਸੁਖਾਵੇਂ ਹੱਲ ਲਈ ਅੱਜ ਵਾਰਤਾ ਸ਼ੁਰੂ ਕਰ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਅੱਜ ਸ਼ਾਮ ਚੰਡੀਗੜ੍ਹ ਪੁੱਜ ਗਏ ਸਨ ਅਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਸਾਥੀਆਂ ਨਾਲ ਮੁਲਾਕਾਤ ਕਰਕੇ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਠੱਲ੍ਹਣ ਲਈ ਮੁਲਾਕਾਤ ਕੀਤੀ। ਹਰੀਸ਼ ਰਾਵਤ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹਮਾਇਤ ਵਾਲੇ ਬਿਆਨ ਕਰਕੇ ਨਵਜੋਤ ਸਿੱਧੂ ਧੜਾ ਕਾਫੀ ਪ੍ਰੇਸ਼ਾਨ ਸੀ ਅਤੇ ਖਾਸ ਕਰਕੇ ਵਿਧਾਇਕ ਪਰਗਟ ਸਿੰਘ ਨੇ ਸਿੱਧੇ ਤੌਰ ’ਤੇ ਹਰੀਸ਼ ਰਾਵਤ ਦੀ ਘੇਰਾਬੰਦੀ ਕੀਤੀ ਸੀ। ਦੂਸਰੇ ਪਾਸੇ ਮੁੱਖ ਮੰਤਰੀ ਅਮਰਿੰਦਰ ਸਿੰਘ ਖੇਮੇ ਨੇ ਵੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਰਾਤਰੀ ਦਾਅਵਤ ਮੌਕੇ ਸਿਆਸੀ ਤਾਕਤ ਦਾ ਪ੍ਰਦਰਸ਼ਨ ਕੀਤਾ ਸੀ। ਹਾਈ ਕਮਾਨ ਕੋਲੋਂ ਸਮਾਂ ਨਾ ਮਿਲਣ ਕਰਕੇ ਸਿੱਧੂ ਧੜੇ ਦੇ ਵਜ਼ੀਰ ਕਾਫ਼ੀ ਨਾਰਾਜ਼ ਹੋ ਗਏ ਸਨ।
ਕਾਂਗਰਸ ਹਾਈਕਮਾਨ ਤਰਫੋਂ ਹਰੀਸ਼ ਰਾਵਤ ਨੂੰ ਅੱਜ ਮੁੜ ਚੰਡੀਗੜ੍ਹ ਫੇਰੀ ’ਤੇ ਭੇਜਿਆ ਗਿਆ ਹੈ ਤਾਂ ਜੋ ਪੰਜਾਬ ਕਾਂਗਰਸ ਦਾ ਅੰਦਰੂਨੀ ਕਾਟੋ-ਕਲੇਸ਼ ਮੁੜ ਛਿੜਨ ਦੀ ਜ਼ਮੀਨੀ ਹਕੀਕਤ ਜਾਣੀ ਜਾ ਸਕੇ। ਮੁਢਲੇ ਪੜਾਅ ’ਤੇ ਹਰੀਸ਼ ਰਾਵਤ ਨੇ ਹੀ ਅਮਰਿੰਦਰ ਤੇ ਨਵਜੋਤ ਸਿੱਧੂ ਨੂੰ ਇੱਕ ਦੂਜੇ ਦੇ ਨੇੜੇ ਲਾਇਆ ਸੀ। ਅੱਜ ਹਰੀਸ਼ ਰਾਵਤ ਕਰੀਬ ਛੇ ਵਜੇ ਪੰਜਾਬ ਭਵਨ ਵਿਚ ਪੁੱਜੇ ਜਿਥੋਂ ਉਹ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਵਿਧਾਇਕ ਪਰਗਟ ਸਿੰਘ ਨਾਲ ਗੱਡੀ ਵਿਚ ਸਵਾਰ ਹੋ ਕੇ ਸਿੱਧੇ ਕਾਂਗਰਸ ਭਵਨ ਪੁੱਜੇ ਜਿਥੇ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਕੁਲਜੀਤ ਨਾਗਰਾ ਅਤੇ ਵਿਧਾਇਕ ਪਰਗਟ ਸਿੰਘ ਨਾਲ ਲੰਮੀ ਮੀਟਿੰਗ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly