ਅਹਿਮਦਾਬਾਦ, (ਸਮਾਜ ਵੀਕਲੀ): ਕੁਝ ਦਿਨ ਪਹਿਲਾਂ ਆਪਣੀ ਪਾਰਟੀ ਦੀ ਆਲੋਚਨਾ ਕਰਨ ਮਗਰੋਂ ਗੁਜਰਾਤ ਕਾਂਗਰਸ ਆਗੂ ਹਾਰਦਿਕ ਪਟੇਲ ਨੇ ਫ਼ੈਸਲੇ ਲੈਣ ਦੀ ਸਮਰੱਥਾ ਲਈ ਹੁਕਮਰਾਨ ਭਾਜਪਾ ਦੀ ਸ਼ਲਾਘਾ ਕੀਤੀ ਹੈ। ਕਾਂਗਰਸ ਦੀ ਪ੍ਰਦੇਸ਼ ਇਕਾਈ ਦੇ ਕਾਰਜਕਾਰੀ ਪ੍ਰਧਾਨ ਪਟੇਲ ਨੇ ਕਿਹਾ ਕਿ ਉਸ ਨੂੰ ਹਿੰਦੂ ਹੋਣ ’ਤੇ ਮਾਣ ਹੈ। ਉਸ ਨੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਜੇਕਰ ਅਜਿਹਾ ਕੋਈ ਫ਼ੈਸਲਾ ਲੈਣਾ ਹੋਇਆ ਤਾਂ ਉਹ ਪਹਿਲਾਂ ਖੁੱਲ੍ਹੇ ਦਿਲ ਨਾਲ ਇਹ ਮਾਮਲਾ ਲੋਕਾਂ ਨਾਲ ਵਿਚਾਰੇਗਾ।
ਕਾਂਗਰਸ ਵੱਲੋਂ ਪਾਟੀਦਾਰ ਆਗੂ ਨਰੇਸ਼ ਪਟੇਲ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਗੇ ਕੀਤੇ ਜਾਣ ਨਾਲ ਹਾਰਦਿਕ ਨਾਰਾਜ਼ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਜੇਕਰ ਨਰੇਸ਼ ਪਟੇਲ ਕਾਂਗਰਸ ’ਚ ਸ਼ਾਮਲ ਹੋਵੇਗਾ ਤਾਂ ਉਸ ਦੀ ਵੁੱਕਤ ਭਾਈਚਾਰੇ ’ਚ ਘੱਟ ਜਾਵੇਗੀ। ਕਾਂਗਰਸ ਦੇ ਕੰਮਕਾਜ ਦੇ ਢੰਗ ਦੀ ਆਲੋਚਨਾ ਕੀਤੇ ਜਾਣ ਦੇ ਇਕ ਹਫ਼ਤੇ ਮਗਰੋਂ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਹਾਰਦਿਕ ਨੇ ਕਿਹ ਕਿ ਉਸ ਨੇ ਆਪਣੀ ਰਾਏ ਪਾਰਟੀ ਹਾਈਕਮਾਂਡ ਨੂੰ ਦੱਸ ਦਿੱਤੀ ਹੈ ਅਤੇ ਆਸ ਹੈ ਕਿ ਉਹ ਸੂਬੇ ਦੇ ਲੋਕਾਂ ਦੇ ਹਿੱਤ ’ਚ ਕੋਈ ਢੁੱਕਵਾਂ ਫ਼ੈਸਲਾ ਲਵੇਗੀ। 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ’ਚ ਸ਼ਾਮਲ ਹੋਏ ਹਾਰਦਿਕ ਨੇ ਕਿਹਾ ਕਿ ਹਜ਼ਾਰਾਂ ਪਾਰਟੀ ਵਰਕਰ ਵੀ ਉਸ ਦੀ ਗੱਲ ਨਾਲ ਸਹਿਮਤ ਹੋਣਗੇ ਕਿ ਸੂਬੇ ਦੀ ਕਾਂਗਰਸ ਲੀਡਰਸ਼ਿਪ ’ਚ ਫ਼ੈਸਲੇ ਲੈਣ ਦੀ ਘਾਟ ਹੈ। ਗੁਜਰਾਤ ਕਾਂਗਰਸ ਦੇ ਪ੍ਰਧਾਨ ਸੀ ਆਰ ਪਾਟਿਲ ਨੇ ਕਿਹਾ ਕਿ ਨਾ ਸਿਰਫ਼ ਹਾਰਦਿਕ ਸਗੋਂ ਕਾਂਗਰਸ ਦੇ ਕਈ ਆਗੂ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾ ਰਹੇ ਕੰਮਕਾਜ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਹਾਰਦਿਕ ਨੇ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹਨ ਜਦਕਿ ਬਹੁਤੇ ਆਗੂ ਆਪਣੇ ਦਿਲ ਦੀ ਗੱਲ ਆਖਣ ਤੋਂ ਗੁਰੇਜ਼ ਕਰਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly