
(ਸਮਾਜ ਵੀਕਲੀ) ਆਪਾਂ ਸਾਰੇ ਆਪਣੇ ਵੱਡਿਆਂ ਤੋਂ ਆਮ ਹੀ ਸੁਣਦੇ ਆਏ ਹਾਂ ਕਿ ਸਖ਼ਤ ਮਿਹਨਤ ਹੀ ਮਨੁੱਖ ਦੀ ਕਾਮਯਾਬ ,ਸਫ਼ਲ ਅਤੇ ਖੁਸ਼ਹਾਲ ਜ਼ਿੰਦਗੀ ਦਾ ਅਸਲ ਖਜ਼ਾਨਾ ਹੈ ਜੋ ਵੀ ਮਨੁੱਖ ਜਾਂ ਜਿਹੜੇ ਵੀ ਪ੍ਰਵਾਰ ਹੱਥੀਂ ਕਿਰਤ ਅਤੇ ਸਖ਼ਤ ਮਿਹਨਤ ਕਰਦੇ ਹਨ ਉਹ ਜ਼ਿੰਦਗੀ ਦੀ ਹਰ ਖੁਸ਼ੀ ਮਾਣਦੇ ਹਨ ਉਨਾਂ ਨੂੰ ਦੁਨਿਆਵੀ ਪਦਾਰਥਾਂ ਦੀ ਵੀ ਕੋਈ ਥੋੜ ਨਹੀਂ ਰਹਿੰਦੀ ਅਤੇ ਸਰੀਰ ਵੀ ਹਮੇਸ਼ਾ ਤੰਦਰੁਸਤ ਰਹਿੰਦਾ ਹੈ ਅਤੇ ਬੀਮਾਰੀਆਂ ਤਾਂ ਉਨ੍ਹਾਂ ਦੇ ਨੇੜੇ ਵੀ ਢੁੱਕ ਨਹੀਂ ਸਕਦੀਆਂ ਅਤੇ ਕੰਮਕਾਰ ਵਿੱਚ ਰੁੱਝੇ ਹੋਣ ਕਰਕੇ ਇੱਕ ਦੂਜੇ ਦੀ ਨਿੰਦਿਆ ਚੁਗਲੀ ਜਾਂ ਫਾਲਤੂ ਗੱਲਾਂ ਲਈ ਉਨ੍ਹਾਂ ਕੋਲ ਟਾਈਮ ਹੀ ਨਹੀਂ ਬਚਦਾ ਜਿਸ ਕਰਕੇ ਉਨ੍ਹਾਂ ਪ੍ਰਵਾਰਾਂ ਨੂੰ ਸਮਾਜ ਵਿੱਚ ਵੀ ਪੂਰਾ ਆਦਰ ਮਾਣ ਮਿਲਦਾ ਹੈ ਅਤੇ ਜ਼ਿੰਦਗੀ ਹਰ ਪਖੋਂ ਖੁਸ਼ਹਾਲੀ ਵਿੱਚ ਬਤੀਤ ਹੁੰਦੀ ਹੈ ਜਿਸ ਦੀ ਇੱਕ ਉਦਾਹਰਣ ਮੈਨੂੰ ਪਿਛਲੇ ਦਿਨੀਂ ਸੁਣਨ ਅਤੇ ਦੇਖਣ ਨੂੰ ਮਿਲੀ।ਹੋਇਆ ਇੰਝ ਕਿ ਮੇਰਾ ਇੱਕ ਦੋਸਤ ਬਲਤੇਜ ਜੋ ਫੌਜ ਵਿੱਚ ਮੇਰੇ ਨਾਲ ਨੌਕਰੀ ਕਰਕੇ ਆਇਆ ਸੀ ਮੈਂ ਉਸ ਨੂੰ ਮਿਲਣ ਲਈ ਉਸ ਦੇ ਪਿੰਡ ਅਚਾਨਕ ਪਹੁੰਚ ਗਿਆ ਅਤੇ ਉਸ ਦੇ ਘਰ ਜਾ ਕੇ ਮੈਂ ਉਸ ਨੂੰ ਅਵਾਜ਼ ਦਿੱਤੀ ਤਾਂ ਅੰਦਰੋਂ ਬਲਤੇਜ ਦੀ ਮਾਤਾ ਜੋ ਕਿ ਤਕਰੀਬਨ ਸੱਤਰਾਂ ਪਝੰਤਰਾਂ ਵਰ੍ਹਿਆਂ ਨੂੰ ਢੁੱਕੀ ਲਗਦੀ ਸੀ ਨੇ ਕਿਹਾ” ਆਜੋ ਆਜੋ ਭਾਈ ਕੌਣ ਐਂ ਕਿਥੋਂ ਆਏਂ ਐਂ? ਮੈਂ ਕਿਹਾ ਮਾਤਾ ਜੀ ਮੈਂ ਬਲਤੇਜ ਦਾ ਦੋਸਤ ਐਂ ਉਸ ਨੂੰ ਮਿਲਣ ਆਇਆ ਸੀ। ਤਾਂ ਉਹ ਬੋਲੀ ਬਹਿ ਜਾ ਪੁੱਤ ਉਹ ਸ਼ਹਿਰ ਗਿਆ ਹੋਇਐ ਬੱਸ ਆਉਣ ਵਾਲਾ ਈ ਐ” ਤੇ ਉਹ ਉੱਠ ਕੇ ਮੰਜਾ ਡਾਹੁਣ ਲੱਗੀ ਤਾਂ ਮੈਂ ਕਿਹਾ ਬੇਬੇ ਜੀ ਤੁਸੀਂ ਖੇਚਲ਼ ਨਾ ਕਰੋ ਮੈਂ ਮੰਜਾ ਡਾਹ ਲੈਂਦਾ ਹਾਂ ਅਤੇ ਮੈਂ ਕੰਧ ਨਾਲ ਖੜ੍ਹਾ ਬਾਣ ਦਾ ਮੰਜਾ ਨਿੰਮ ਦੀ ਡੱਬ ਖੜੱਬੀ ਛਾਂ ਹੇਠ ਡਾਹ ਕੇ ਬੈਠ ਗਿਆ ਅਤੇ ਮਾਤਾ ਦਾ ਫੜਾਇਆ ਪਾਣੀ ਦਾ ਗਿਲਾਸ ਪੀ ਕੇ ਖ਼ਾਲੀ ਗਿਲਾਸ ਮੰਜੇ ਦੇ ਪਾਵੇ ਕੋਲ਼ ਰੱਖ ਦਿੱਤਾ ਅਤੇ ਬਲਤੇਜ ਦੀ ਉਡੀਕ ਕਰਨ ਲੱਗਾ। ਵੇ ਹਰਮਨ ਉਰੇ ਆ ਵੇ ਫਿਰ ਮਾਤਾ ਨੇ ਦਸਾਂ ਬਾਰਾਂ ਸਾਲਾਂ ਦੇ ਜੁਆਕ ਨੂੰ ਅਵਾਜ਼ ਮਾਰੀ ਜੋ ਬਾਹਰ ਗਲ਼ੀ ਵਿੱਚ ਬੈਟ ਬੱਲਾ ਖੇਡ ਰਿਹਾ ਸੀ” ਹਰਮਨ ਕੋਲ਼ ਆ ਕੇ ਬੋਲਿਆ”ਹਾਂ ਦੱਸ ਬੇਬੇ ਕੀ ਕਹਿੰਨੀ ਐ” ਵੇ ਪੁੱਤ ਜਾਹ ਭੱਜ ਕੇ ਚੱਕੀ ਆਲਿਆਂ ਦੇ ਘਰੋਂ ਦਵਾਈ ਲਿਆ ਕੇ ਦੇ ਮੇਰਾ ਤਾਂ ਜੈਖਣੇ ਦਾ ਪੀੜ ਨਾਲ ਸਿਰ ਪਾਟੀ ਜਾਂਦੈ ਪਤਾ ਨੀ ਅੱਗ ਲੱਗੜਾ ਬਲੱਡ ਵਧਿਐ ਹੋਣੈ”। ਹਰਮਨ ਦੁੜੰਗੇ ਮਾਰਦਾ ਦੁਆਈ ਲੈਣ ਭੱਜ ਗਿਆ ਅਤੇ ਮੈਂ ਸੋਚੀਂ ਪੈ ਗਿਆ, ਕਿ ਹੈਂ? ਚੱਕੀ ਵਾਲਿਆਂ ਤੋਂ ਸਿਰ ਪੀੜ ਦੀ ਦੁਆਈ? ਪਰ ਮੈਂ ਚੁੱਪ ਰਿਹਾ। ਹਰਮਨ ਅਜੇ ਦੁਆਈ ਲੈ ਕੇ ਮੁੜਿਆ ਹੀ ਸੀ ਕਿ ਮਾਤਾ ਦੁਆਈ ਵਾਲ਼ੀ ਪੁੜੀ ਫੜਦੀ ਹੋਈ ਉੱਚੀ ਉੱਚੀ ਬੋਲੀ” ਵੇ ਪੁੱਤ ਜਾਹ ਭੱਜ ਕੇ ਮੈਡੀਕਲ ਆਲਿਆਂ ਦਿਓਂ ਬਾਜ਼ਰੇ ਦਾ ਆਟਾ ਲੈ ਕੇ ਆ ਤੇਰੇ ਚਾਚੇ ਦਾ ਦੋਸਤ ਆਇਐ ਇਹਨੂੰ ਬਾਜ਼ਰੇ ਦੀ ਰੋਟੀ ਖੁਆਵਾਂਗੇ ਇਹਨੇ ਕਿਹੜਾ ਵਿਚਾਰੇ ਨੇ ਰੋਜ਼ ਆਉਣੈ”ਅਤੇ ਹਰਮਨ ਫੇਰ ਦੁੜੰਗੇ ਮਾਰਦਾ ਮੈਡੀਕਲ ਵਾਲਿਆਂ ਵੱਲ ਨੂੰ ਭੱਜ ਗਿਆ ਅਤੇ ਮਾਤਾ ਨੇ ਮੈਨੂੰ ਚਾਹ ਦਾ ਗਿਲਾਸ ਫੜਾਇਆ ਅਤੇ ਆਪ ਵੀ ਬਾਟੀ ਵਿੱਚ ਚਾਹ ਪਾ ਕੇ ਪੀਣ ਲੱਗੀ ਤੇ ਨਾਲ਼ ਹੀ ਪੁੜੀ ਚੋਂ ਕੱਢ ਕੇ ਦਵਾਈ ਖਾ ਲਈ” ਤੇ ਮੈਂ ਫੇਰ ਹੈਰਾਨ ਕਿ ਦਵਾਈ ਚੱਕੀ ਤੋਂ ਆਟਾ ਮੈਡੀਕਲ ਤੋਂ ਇਹ ਚੱਕਰ ਕੀ ਹੈ?ਇੰਨੀ ਦੇਰ ਨੂੰ ਬਲਤੇਜ ਵੀ ਸ਼ਹਿਰੋਂ ਆ ਗਿਆ ਅਤੇ ਮੈਨੂੰ ਘੁੱਟ ਕੇ ਜੱਫੀ ਪਾ ਕੇ ਮਿਲਿਆ ਅਤੇ ਇੱਕ ਦੂਜੇ ਦੀ ਖੈਰ ਸੁਖ ਪੁੱਛਣ ਤੋਂ ਬਾਅਦ ਮੈਂ ਹੈਰਾਨੀ ਅਤੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ” ਯਾਰ ਬਲਤੇਜ ਥੋਡੀ ਬੁੱੜ੍ਹੀ ਤਾਂ ਕਮਲ਼ੀ ਹੋਈ ਫਿਰਦੀ ਐ ਯਾਰ ਦਵਾਈ ਮੈਡੀਕਲ ਤੋਂ ਮਿਲਦੀ ਐ ਇਹਨੇ ਜੁਆਕ ਨੂੰ ਚੱਕੀ ਤੇ ਭੇਜ ਦਿੱਤਾ ਅਤੇ ਆਟਾ ਚੱਕੀ ਤੋਂ ਮਿਲਦੈ ਇਹਨੇ ਜੁਆਕ ਨੂੰ ਆਟਾ ਲੈਣ ਮੈਡੀਕਲ ਤੇ ਭੇਜ ਦਿੱਤਾ? ਬਲਤੇਜ ਮੂਹੋਂ ਕੁੱਝ ਬੋਲਦਾ ਉਸ ਤੋਂ ਪਹਿਲਾਂ ਹੀ ਉਸ ਦਾ ਬਾਪੂ ਬੰਤਾ ਸਿਹੁੰ ਜੋ ਹੁਣੇ ਹੁਣੇ ਖੇਤੋਂ ਗੇੜਾ ਮਾਰ ਕੇ ਆਇਆ ਸੀ ਅਤੇ ਉਸ ਨੇ ਮੇਰੀ ਸਾਰੀ ਗੱਲਬਾਤ ਸੁਣ ਲਈ ਸੀ ਉਹ ਬੋਲ ਪਿਆ” ਹਾਂ ਹਾਂ ਪੁੱਤ ਮੈਂ ਦੱਸਦੈਂ ਇਹ ਕੀ ਚੱਕਰ ਹੈ? ਅਸਲ ਵਿੱਚ ਗੱਲ ਇਹ ਹੈ ਕਿ ਸਾਡੇ ਪਿੰਡ ਇੱਕ ਬਹੁਤ ਵਧੀਆ ਪੜ੍ਹਿਆ ਲਿਖਿਆ ਅਤੇ ਮਿਹਨਤੀ ਪ੍ਰਵਾਰ ਰਹਿੰਦਾ ਹੈ ਉਸ ਪ੍ਰਵਾਰ ਦੇ ਮੁੰਡੇ ਨੇ ਪੜ੍ਹ ਲਿਖ ਕੇ ਚੰਗਾ ਕੋਰਸ ਕਰਕੇ ਮੈਡੀਕਲ ਸਟੋਰ ਖੋਲਣ ਦਾ ਲਾਇਸੈਂਸ ਲੈ ਕੇ ਮੈਡੀਕਲ ਸਟੋਰ ਖੋਲ੍ਹ ਰੱਖਿਆ ਹੈ ਅਤੇ ਨਾਲ਼ ਆਟਾ ਚੱਕੀ ਵੀ ਲਾਈ ਹੋਈ ਹੈ ਉਥੋਂ ਵੀ ਚਾਰ ਪੈਸੇ ਆ ਜਾਂਦੇ ਹਨ ।ਜਿੱਥੇ ਅੱਜ ਕਲ ਦੇ ਨੌਜਵਾਨ ਜਦੋਂ ਪੜ੍ਹ ਲਿਖ ਜਾਂਦੇ ਹਨ ਤਾਂ ਹੱਥੀਂ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ ਅਤੇ ਕੰਮ ਕਾਰ ਨੂੰ ਹੱਥ ਨਹੀਂ ਲਾਉਂਦੇ ਅਤੇ ਨਿਗੂਣੀ ਜਿਹੀ ਤਨਖਾਹ ਤੇ ਪ੍ਰਾਈਵੇਟ ਜਾਂ ਠੇਕੇਦਾਰੀ ਸਿਸਟਿਮ ਅਧੀਨ ਨੌਕਰੀ ਕਰਨ ਨੂੰ ਤਰਜੀਹ ਦਿੰਦੇ ਹਨ ਅਤੇ ਮਹਿੰਗਾਈ ਦੇ ਜ਼ਮਾਨੇ ਵਿੱਚ ਟੱਬਰ ਪਾਲਣਾ ਔਖਾ ਹੋ ਜਾਂਦਾ ਹੈ ਕਿਉਂਕਿ ਸਰਕਾਰੀ ਨੌਕਰੀਆਂ ਤਾਂ ਸਰਕਾਰ ਨੇ ਖ਼ਤਮ ਕਰ ਦਿੱਤੀਆਂ ਹਨ। ਉਥੇ ਹੀ ਇਸ ਪ੍ਰਵਾਰ ਦੀ ਨੂੰਹ ਧੀ ਅਮਨਦੀਪ ਵੀ ਜੋ ਬਹੁਤ ਪੜ੍ਹੀ ਲਿਖੀ ਹੈ ਸ਼ਾਇਦ ਕਿਸੇ ਵੱਡੇ ਸ਼ਹਿਰ ਦੀ ਵੱਡੀ ਯੂਨੀਵਰਸਿਟੀ ਤੋਂ ਡਬਲ ਐਮ ਏ ਕੀਤੀ ਹੋਈ ਹੈ ਉਹ ਵੀ ਘਰ ਦਾ ਸਾਰਾ ਕੰਮ ਕਾਰ ਆਪ ਹੱਥੀਂ ਕਰਦੀ ਹੈ ਦੋਵੇਂ ਜੀ ਰਲ਼ ਕੇ ਚੱਕੀ ਦਾ ਕੰਮ ਵੀ ਦੇਖਦੇ ਹਨ ਅਤੇ ਪਸ਼ੂ ਡੰਗਰ ਵੀ ਪਾਲਦੇ ਹਨ ਪਸ਼ੂਆਂ ਨੂੰ ਨੀਰਾ ਚਾਰਾ ਵੀ ਆਪ ਹੀ ਪਾਉਂਦੇ ਹਨ ਜਿਸ ਸਦਕਾ ਘਰੇ ਦੁੱਧ ਵੀ ਬਥੇਰਾ ਹੋ ਜਾਂਦਾ ਹੈ ਘਿਓ, ਦੁੱਧ ਦਹੀਂ ਵੀ ਖਾਂਦੇ ਪੀਂਦੇ ਹਨ ਅਤੇ ਬਚਿਆ ਦੁੱਧ ਡੇਅਰੀ ਵਿੱਚ ਪਾਉਂਦੇ ਹਨ ਸਾਡੇ ਘਰ ਦਾ ਦੁੱਧ ਵੀ ਉਨ੍ਹਾਂ ਦੇ ਘਰੋਂ ਹੀ ਆਉਂਦਾ ਹੈ ਰਲ਼ ਮਿਲ਼ ਕੇ ਕੰਮ ਕਰਦੇ ਹਨ, ਅਤੇ ਚੰਗੀ ਕਮਾਈ ਕਰਦੇ ਹਨ, ਬੱਚੇ ਵੀ ਚੰਗੇ ਸਕੂਲਾਂ ਵਿੱਚ ਪੜ੍ਹਾ ਰਹੇ ਹਨ, ਬੁੱਢੇ ਮਾਪਿਆਂ ਦੀ ਦੇਖਭਾਲ ਅਤੇ ਸੇਵਾ ਵੀ ਵਿਸ਼ੇਸ਼ ਧਿਆਨ ਦੇ ਕੇ ਕਰਦੇ ਹਨ ਉਨ੍ਹਾਂ ਨੂੰ ਲੀੜਾ ਕੱਪੜਾ, ਦਵਾਈ ਬੂਟੀ ਅਤੇ ਰੋਟੀ ਪਾਣੀ ਸਭ ਕੁੱਝ ਸਮੇਂ ਸਿਰ ਦਿੰਦੇ ਹਨ ਅਤੇ ਬਜ਼ੁਰਗ ਉਨ੍ਹਾਂ ਨੂੰ ਦਿਲੋਂ ਦੁਆਵਾਂ ਅਤੇ ਅਸੀਸਾਂ ਦੇ ਕੇ ਉਨ੍ਹਾਂ ਦੀਆਂ ਝੋਲ਼ੀਆਂ ਭਰ ਦਿੰਦੇ ਹਨ।ਇਹ ਉਨ੍ਹਾਂ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਲਈ ਵਿਸ਼ੇਸ਼ ਮਿਸਾਲ ਹਨ ਜੋ ਪੜ੍ਹ ਲਿਖ ਕੇ ਵਿਹਲੇ ਫਿਰਦੇ ਹਨ ਅਤੇ ਬੇਰੁਜ਼ਗਾਰੀ ਕਾਰਨ ਹੌਲ਼ੀ ਹੌਲ਼ੀ ਬੁਰੀ ਸੰਗਤ ਦਾ ਸ਼ਿਕਾਰ ਹੋ ਕੇ ਆਪਣੀ ਅਤੇ ਆਪਣੇ ਮਾਪਿਆਂ ਦੀ ਜ਼ਿੰਦਗੀ ਨਰਕ ਬਣਾ ਰਹੇ ਹਨ । ਅੱਜ ਕੱਲ੍ਹ ਦੇ ਬੱਚਿਆਂ ਨੂੰ ਚਾਹੀਦਾ ਹੈ ਕਿ ਪੜ੍ਹ ਲਿਖ ਕੇ ਜੇ ਨੌਕਰੀ ਨਹੀਂ ਮਿਲਦੀ ਤਾਂ ਖ਼ੁਦ ਹੱਥੀਂ ਕਿਰਤ ਕਰਨ ਵਾਲੇ ਪਾਸੇ ਨੂੰ ਤੁਰਨ ਅਤੇ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਉਣ। ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਬਹੁਤ ਛੋਟੇ ਛੋਟੇ ਕੰਮ ਇਸ ਤਰ੍ਹਾਂ ਦੇ ਹਨ ਜੋ ਘੱਟ ਪੂੰਜੀ ਲਾ ਕੇ ਚਲਾਏ ਜਾ ਸਕਦੇ ਹਨ ਅਤੇ ਵਧੀਆ ਪੈਸੇ ਕਮਾਏ ਜਾ ਸਕਦੇ ਹਨ ਜਿਸ ਨਾਲ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਆਪਾਂ ਆਮ ਦੇਖਦੇ ਹਾਂ ਕਿ ਦੂਜੇ ਸੂਬਿਆਂ ਤੋਂ ਆ ਕੇ ਕਿਵੇਂ ਕਿਰਤੀ ਮਜ਼ਦੂਰ ਹੱਥੀਂ ਕਿਰਤ ਕਰ ਕੇ ਕਾਮਯਾਬ ਹੋ ਰਹੇ ਹਨ