(ਸਮਾਜ ਵੀਕਲੀ) ਮੈਨੂੰ ਪਤਾ ਨਹੀਂ ਲੱਗਿਆ ਕਿ ਕਦੋਂ ਮਾਸਟਰ ਬੰਤਾ ਸਿੰਘ ਮੇਰੇ ਕੋਲ੍ਹ ਆ ਗਿਆ ਤੇ ਆਉਂਦੇ ਹੀ ਉਸਨੇ ਮੇਰੀ ਸੱਜੀ ਗਲ੍ਹ ਤੇ ਇੱਕ ਧਮਾਕੇਦਾਰ ਥੱਪੜ ਜੜ੍ਹ ਦਿੱਤਾ। ਥੱਪੜ ਵੀ ਉਸ ਨੇ ਸ਼ਹੀ ਨਿਸ਼ਾਨੇ ਤੇ ਜੜਿਆ। ਨਾ ਭੋਰਾ ਇੱਧਰ, ਨਾ ਉਧਰ। ਉਸਨੇ ਆਵਾਜ਼, ਜ਼ੋਰ ਅਤੇ ਪੀੜ ਕੰਨੀਓਂ ਕੋਈਂ ਕਸਰ ਬਾਕੀ ਨਹੀਂ ਸੀ ਛੱਡੀ। ਗਰਾਉਂਡ ਵਿੱਚ ਬੈਠੇ ਛੇਵੀਂ ਤੋਂ ਦਸਵੀਂ ਤੱਕ ਦੇ ਲਗਭਗ ਚਾਰ ਵਿਦਿਆਰਥੀਆਂ ਨੇ ਇਹ ਸਭ ਕੁਝ ਵੇਖਿਆ ਤੇ ਸੁਣਿਆ। ਪਰ ਕੋਈਂ ਕੁਸਕਿਆ ਨਹੀਂ ਸਗੋਂ ਸਭ ਮੁਸਤੈਡ ਹੋਕੇ ਬੈਠ ਗਏ। ਮੇਰੇ ਵੱਜਿਆ ਥੱਪੜ ਕਾਂ ਮਾਰਕੇ ਟੰਗਣ ਵਾਲੀ ਗੱਲ ਸੀ। ਇਹ 1971 ਦੇ ਯੁੱਧ ਦੀ ਗੱਲ ਹੈ। ਸਕੂਲ ਵਿੱਚ ਫੌਜ਼ ਦਾ ਇੱਕ ਆਹਲਾ ਅਫਸਰ ਸਾਨੂੰ ਸੁਰੱਖਿਆ ਪੱਖੋਂ ਜਾਗਰੂਕ ਕਰਨ ਆਇਆ ਸੀ। ਪਾਕਿਸਤਾਨੀ ਹਵਾਈ ਹਮਲੇ ਤੋਂ ਬਚਣ ਦੇ ਤਰੀਕੇ ਸਮਝਾਉਣ ਆਇਆ। ਹੈਡਮਾਸਟਰ ਸਾਹਿਬ ਨੇ ਸਾਰੇ ਵਿਦਿਆਰਥੀ ਅਤੇ ਅਧਿਆਪਕ ਅਸੈਂਬਲੀ ਗਰਾਊਂਡ ਵਿੱਚ ਇਕੱਠੇ ਕੀਤੇ ਸਨ। ਉਹ ਬੰਗਾਲੀ ਜਿਹਾ ਅਫਸਰ ਸੀ ਅਤੇ ਟੁੱਟੀ ਫੁੱਟੀ ਹਿੰਦੀ ਬੋਲਦਾ ਸੀ। ਉਸਨੇ ਆਪਣੀ ਮਿਲਗੋਭਾ ਭਾਸ਼ਾ ਵਿੱਚ ਸਾਨੂੰ ਬਲੈਕ ਆਊਟ ਬਾਰੇ ਵਿਸਥਾਰ ਨਾਲ ਦੱਸਿਆ। ਬੰਕਰ ਬਣਾਉਣ ਅਤੇ ਜਰੂਰਤ ਸਮੇਂ ਇਹ੍ਹਨਾਂ ਨੂੰ ਵਰਤਣ ਬਾਰੇ ਦੱਸਿਆ। ਮੈਂ ਉਸਦੀ ਬੋਲ਼ੀ ਸੁਣਕੇ ਜ਼ੋਰ ਜ਼ੋਰ ਦੀ ਹੱਸ ਰਿਹਾ ਸੀ। ਮੈਨੂੰ ਨਾ ਮੇਰੀ ਆਵਾਜ਼ ਸੁਣ ਰਹੀ ਸੀ ਨਾ ਕਿਸੇ ਦਾ ਇਸ਼ਾਰਾ। ਇੰਜ ਲਗਦਾ ਸੀ ਜਿਵੇਂ ਮੈਂ ਉਸ ਫੌਜੀ ਅਫਸਰ ਦਾ ਮਜ਼ਾਕ ਉਡਾ ਰਿਹਾ ਹੋਵਾਂ। ਮਾਸਟਰ ਬੰਤਾ ਸਿੰਘ ਨੂੰ ਆਏ ਗੁੱਸੇ ਦਾ ਨਤੀਜਾ ਸੀ ਇਹ ਥੱਪੜ । ਚਾਹੇ ਦਸ ਕੁ ਦਿਨਾਂ ਬਾਅਦ ਇਹ ਯੁੱਧ ਸਮਾਪਤ ਹੋ ਗਿਆ ਜਿਸ ਵਿੱਚ ਇੱਕ ਲੱਖ ਦੇ ਕਰੀਬ ਜੰਗੀ ਕੈਦੀ ਫੜ੍ਹੇ ਗਏ ਜੋ ਸ਼ਿਮਲਾ ਸਮਝੌਤੇ ਦੀ ਆੜ ਵਿੱਚ ਛੱਡ ਵੀ ਦਿੱਤੇ ਗਏ ਪ੍ਰੰਤੂ ਉਸ ਥੱਪੜ ਦੀ ਆਵਾਜ਼ ਅੱਜ ਵੀ ਮੇਰੀਆਂ ਯਾਦਾਂ ਵਿੱਚ ਗੂੰਜਦੀ ਹੈ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj