(ਸਮਾਜ ਵੀਕਲੀ)
ਆਪਣੇ ਜਨਮ ਦਿਨ ਦੀ ਦਾਸਤਾਂ।
ਦਾਦੀ ਦੀਆਂ ਰੀਝ ਲਾ ਕੇ,
ਪੁੱਠੇ ਘੜੇ ਤੇ,ਆਟੇ ਦੀਆਂ,
ਘਰੇ ਵੱਟੀਆਂ ਸੇਵੀਆਂ,
ਤੇ ਚੁੱਲ੍ਹੇ ‘ਤੇ ਕੜਾਹੀ ‘ਚ ਭੁੰਨ ਕੇ,
ਕਾੜ੍ਹਨੀ ਦੇ ਦੁੱਧ ‘ਚ ਪਾ,
ਸ਼ੱਕਰ ਘੋਲਣਾ,
ਤੇ ਇੱਕ ਇੱਕ ਛੰਨਾਂ,
ਸਭ ਨੂੰ ਵਰਤਾਉਣਾ,
ਚੁੱਲ੍ਹੇ ਅੱਗੇ ਭਾਰੀ ਭਰਕਮ,
ਸਰੀਰ ਨਾਲ ਬੈਠੀ ਦਾਦੀ ਦੇ,
ਪੈਰੀਂ ਹੱਥ ਲਾਉਣਾ,
ਤੇ ਉਸ ਦੀਆਂ ਕਈ ਸਦੀਆਂ ਤੱਕ,
ਖੁਸ਼ ਰਹਿਣ ਦੀਆਂ,
ਵੱਡੀਆਂ-ਵੱਡੀਆਂ ਅਸੀਸਾਂ।
ਮਾਤਾ ਦਾ ਘਰੇ ਰੱਖੇ,
ਸੇਲ ਪੱਥਰ ਨਾਲ,
ਬਦਾਮ ਤੋੜ ਕੇ,
ਕੱਢੀਆਂ ਬਦਾਮਾਂ ਦੀਆਂ ਗਿਰੀਆ,
ਚੱਪਾ ਕੁ ਦਾਖਾਂ ਦਾ ਲੱਪ,
ਤੇ ਭੈਣਾਂ ਦਾ ਖੋਪੇ ਦੀ ਠੂਠੀ ਨਾਲੋਂ,
ਕੱਟੀਆਂ,ਬਰੀਕ ਬਰੀਕ ਕਾਤਰਾਂ,
ਉਬਲਦੀ ਖ਼ੀਰ ਵਿਚ ਮਿਲਾਉਣਾ,
ਪਤਨੀ ਦਾ ਸਾਝਰੇ ਉੱਠ ਕੇ,
ਦੇਸੀ ਘਿਓ ਦੀ,
ਕਹਾੜ ਪ੍ਰਸ਼ਾਦ ਦੀ,
ਖੁਸ਼ਬੋਈ ਛੱਡਦੀ ਦੇਗ਼ ਦਾ,
ਆਪਣੇ ਘਰ ਵਿਚ ਬਣੇ,
ਪੂਜਾ ਸਥਾਨ ‘ਤੇ ਜਾ ਕੇ,
ਪ੍ਰਸ਼ਾਦ ਲਗਾਉਣਾ।
ਬੇਟੀ ਦਾ ਜਨਮ ਦਿਨ ਤੋਂ,
ਪਹਿਲੀ ਰਾਤ,
ਹੀ ਸੂਈ ‘ਤੇ ਸੂਈ ਚੜ੍ਹਨ ‘ਤੇ,
ਬਾਰਾਂ ਵਜੇ, ਜਗਾ ਕੇ,
ਅੱਖ਼ਾਂ ਮਲਦੇ ਤੋਂ,
ਕੇਕ ਨੂੰ ਕਟਵਾ ਕੇ,
ਮੇਰੇ ਮੂੰਹ ਨਾਲ ਲਾਉਣਾ,
ਤੇ ਦੂਰ ਦੁਰਾਡੇ ਬੈਠੇ,
ਪੁੱਤਰ ਤੇ ਨੂੰਹ ਦਾ,
ਵੀਡੀਓ ਕਾਲ ਤੇ,
ਜਨਮ ਦਿਨ ਮੁਬਾਰਕ ਕਹਿਣਾ,
ਚਾਰ ਸਾਲਾਂ ਦੋਹਤੀ ਦਾ,
ਮਿੱਠੀ,ਪਿਆਰੀ ਤੇ ਸੁਰੀਲੀ ਜ਼ੁਬਾਨ ਵਿਚ,
“ਜੱਸੀ ਨਾਨੂੰ ! ਹੈਪੀ ਬਰਥ ਡੇ ਟੂ ਯੂ”
ਕਹਿ ਕੇ ਕੇਕ,
ਨੱਕ,ਮੂੰਹ,ਗੱਲ੍ਹਾਂ ਤੇ ਲਾਉਣਾ,
ਜਨਮ ਦਿਨ ਦੇ,
ਦਹਾਕਿਆਂ ਦੇ ਸਫ਼ਰ ਦਾ,
ਇੱਕੋ ਹੀ ਤਾਂ ਰੂਪ ਲਗਦਾ ਹੈ।
ਬੱਸ ਇਸ ਵਾਰ ਪੋਤੀ “ਨਾਨਕੀ” ਦਾ,
ਘਰ ਵਿਚ ਆਗਮਨ,ਜਨਮ ਦਿਨ ‘ਤੇ,
ਢੇਰ ਖੁਸ਼ੀਆਂ ਹੋਰ ਦੇ ਗਿਆ।
(ਜਸਪਾਲ ਜੱਸੀ)