ਕਪੂਰਥਲਾ, (ਸਮਾਜ ਵੀਕਲੀ) ( ਕੌੜਾ )- ਇੱਕ ਪਾਸੇ ਜਿੱਥੇ ਲੋਕਸਭਾ ਦੀਆਂ ਚੋਣਾਂ ਹੋਣ ਕਰਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆਇਆ ਅਤੇ ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਸਖਤ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲੈਣ ਦੇ ਨਾਲ ਨਾਲ ਕੁੱਝ ਸੰਵੇਦਨਸ਼ੀਲ ਥਾਵਾਂ ’ਤੇ ਛਾਪੇਮਾਰੀ ਵੀ ਕੀਤੀ ਗਈ ਪਰ ਉਥੇ ਹੀ ਦੂਜੇ ਪਾਸੇ ਪਿੰਡ ਵਿੱਚ ਪੁਲਿਸ ਨਾਲੋਂ ਜਿਆਦਾ ਚੋਰ ਚੁਸਤ ਨਜ਼ਰ ਆਏ ਜਿਥੇ ਬੀਤੇ ਕਈ ਦਿਨਾਂ ’ਚ ਚੋਰਾਂ ਵਲੋਂ ਲਗਾਤਾਰ ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਪਹਿਲੀ ਚੋਰੀ ਸੰਤੋਖ ਸਿੰਘ ਦੇ ਘਰ ਹੋਈ ਜਿਸ ਦੌਰਾਨ ਚੋਰਾਂ ਵੱਲੋਂ ਕਰੀਬ 50 ਹਜਾਰ ਰੁਪਏ, ਇੱਕ ਸੋਨੇ ਦਾ ਕੜਾ ਅਤੇ ਬਾਹਰਲੀਆਂ ਘੜੀਆਂ ਨਾਲ ਲੈ ਗਏ। ਇਸੇ ਤਰ੍ਹਾਂ ਅਗਲੇ ਦਿਨ ਚੋਰਾਂ ਵੱਲੋਂ ਗੁਰਪਾਲ ਸਿੰਘ ਸਾਬਕਾ ਸਰਪੰਚ ਦੇ ਘਰ ਧਾਵਾ ਬੋਲਿਆ ਗਿਆ ਜਿਥੇ ਚੋਰਾਂ ਵੱਲੋਂ ਘਟਨਾ ਨੂੰ ਅੰਜਾਮ ਦਿੰਦੇ ਹੋਏ 5 ਮੋਬਾਇਲ ਫੋਨ ਚੋਰੀ ਕੀਤੇ ਜਿਨ੍ਹਾਂ ’ਚ 2 ਆਈਫੋਨ ਤੇ 3 ਸੈਮਸੰਗ ਸੀ ਅਤੇ 10 ਹਜਾਰ ਰੁਪਏ ਨਗਦੀ ਚੋਰੀ ਕੀਤੀ ਗਈ। ਇਸੇ ਤਰ੍ਹਾਂ ਅਗਲੇ ਦਿਨ ਭੁਪਿੰਦਰ ਸਿੰਘ ਸਰਪੰਚ ਘਰੋਂ ਚੋਰਾਂ ਵੱਲੋਂ 2 ਮੋਬਾਇਲ ਫੋਨ ਅਤੇ 1 ਲੱਖ 25 ਹਜਾਰ ਰੁਪਏ ਨਗਦੀ ਸਮੇਤ ਹੋਰ ਕੀਮਤੀ ਸਮਾਨ ਚੋਰੀ ਕੀਤਾ ਗਿਆ। ਫਿਰ ਉਸ ਤੋਂ ਬਾਅਦ ਗੁਰਦੇਵ ਸਿੰਘ ਸੈਕਟਰੀ ਦੇ ਘਰੋਂ ਚੋਰਾਂ ਨੇ ਹਮਲਾ ਬੋਲਦੇ ਹੋਏ ਇੱਕ ਤੋਲੇ ਦੇ ਟੋਪਸ ਅਤੇ 3500 ਰੁਪਏ ਦੀ ਨਗਦੀ ਚੋਰੀ ਕੀਤੀ ਗਈ। ਦੱਸਣਯੋਗ ਹੈ ਕਿ ਇਹ ਸਾਰੀਆਂ ਚੋਰੀਆਂ ਇੱਕੋਂ ਪਿੰਡ ਪ੍ਰਵੇਜ਼ ਨਗਰ ਵਿੱਚ ਹੀ ਕੀਤੀਆਂ ਗਈਆਂ ਅਤੇ ਲਗਾਤਾਰ ਕੀਤੀਆਂ ਗਈਆਂ ਪਰ ਪੁਲਿਸ ਵੱਲੋਂ ਅਜੇ ਤੱਕ ਕਿਸੇ ਵੀ ਚੋਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪਿੰਡ ਪ੍ਰਵੇਜ਼ ਨਗਰ ’ਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਲੋਕ ਸਹਿਮੇ ਹੋਏ ਹਨ ਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਤਾਂ ਇੰਨੇ ਡਰੇ ਹੋਏ ਹਨ ਕਿ ਹੁਣ ਨਕਲੀ ਗਹਿਣੇ/ਵਾਲੀਆਂ ਵੀ ਬਾਹਰ ਪਾ ਕੇ ਜਾਣ ਤੋਂ ਡਰਦੇ ਹਨ ਕਿ ਚੋਰ ਕਿਤੇ ਉਨ੍ਹਾਂ ਵੱਲੋਂ ਕੰਨ ’ਚ ਪਾਈਆਂ ਨਕਲੀ ਵਾਲੀਆਂ ਨੂੰ ਖੋਹਣ ਦੇ ਚੱਕਰ ’ਚ ਕਿਤੇ ਉਨ੍ਹਾਂ ਦਾ ਕੰਨ ਹੀ ਨਾ ਲਾਹ ਦੇਵੇ। ਨਗਰ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਲੜਕੀਆਂ ਸ਼ਹਿਰਾਂ ’ਚ ਕੰਮ ਕਰਦੀਆਂ ਹਨ ਕੰਮ ਤੋਂ ਬਾਅਦ ਜਦੋਂ ਉਹ ਘਰ ਆਉਂਦੀਆਂ ਹਨ ਰਸਤੇ ਵਿੱਚ ਉਨ੍ਹਾਂ ਨੂੰ ਹਮੇਸ਼ਾ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਅਣਹੋਣੀ ਨਾ ਹੋ ਜਾਵੇ ਕਿਉਂਕਿ ਜਿੱਥੇ ਚੋਰ ਪਹਿਲਾਂ ਰਾਤ ਸਮੇਂ ਹੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਹੁਣ ਤਾਂ ਚੋਰ ਅਤੇ ਨਸ਼ੇੜੀ ਸ਼ਰੇਆਮ ਚਿੱਟੇ ਦਿਨ ਚੌਂਕ ਚੋਰਾਹੇ, ਬਜਾਰ, ਸੜਕਾਂ ਅਤੇ ਗਲੀ ਮੁਹੱਲਿਆਂ ’ਚ ਕਿਸੇ ਨੂੰ ਵੀ ਰੋਕ ਕੇ ਸਮਾਨ ਖੋਹ ਲੈਂਦੇ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੇ ਗਿਰੋਹ ਦਾ ਜਲਦ ਤੋਂ ਜਲਦ ਪਰਦਾਫਾਸ਼ ਕੀਤਾ ਜਾਵੇ ਤਾਂ ਜੋ ਨਗਰ ਨਿਵਾਸੀ ਸੁੱਖ ਦਾ ਸਾਹ ਲੈ ਸਕਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly