ਹੰਸ ਰਾਜ ਹੰਸ ਦੇ ਧਮਕੀਆਂ ਭਰੇ ਬਿਆਨਾਂ ਖ਼ਿਲਾਫ਼ ਪਲਸ ਮੰਚ ਵੱਲੋਂ ਆਵਾਜ਼ ਬੁਲੰਦ ਕਰਨ ਦਾ ਸੱਦਾ

ਜਲੰਧਰ/ਫਿਲੌਰ/ਅੱਪਰਾ (ਜੱਸੀ)(ਸਮਾਜ ਵੀਕਲੀ)-ਪੰਜਾਬ ਲੋਕ ਸੱਭਿਆਚਾਰਕ ਮੰਚ ( ਪਲਸ ਮੰਚ ) ਦੇ ਪ੍ਰਧਾਨ ਅਮੋਲਕ ਸਿੰਘ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸੂਬਾ ਕਮੇਟੀ ਦੀ ਤਰਫ਼ੋਂ ਲਿਖਤੀ  ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਸਮੂਹ ਬੁੱਧੀਜੀਵੀਆਂ, ਗੀਤਕਾਰਾਂ,ਗਾਇਕ ਕਲਾਕਾਰਾਂ,ਲੇਖਕਾਂ, ਸਾਹਿਤਕਾਰਾਂ, ਰੰਗ ਕਰਮੀਆਂ, ਤਰਕਸ਼ੀਲ ਅਤੇ ਜਮਹੂਰੀ ਹੱਕਾਂ ਦੀ ਲਹਿਰ ਨਾਲ਼ ਵਿਸ਼ੇਸ਼ ਕਰਕੇ ਜੁੜੇ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਲੋਕ ਸਭਾ ਦੀਆਂ ਚੋਣਾਂ ‘ਚ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਚੋਣ ਜ਼ਾਬਤੇ ਅਤੇ ਨਿਯਮਾਂ ਦੀਆਂ ਸ਼ਰੇਆਮ ਧਜੀਆਂ ਉਡਾਉਂਦੇ ਹੋਏ ਚੋਣ ਪ੍ਰਚਾਰ ਮੁਹਿੰਮ ਦੌਰਾਨ ਔਨ ਰਿਕਾਰਡ  ਕਿਸਾਨ ਕਾਮਿਆਂ ਨੂੰ ਸਿਧੀਆਂ ਧਮਕੀਆਂ ਦੇਣ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਹੰਸ ਰਾਜ ਹੰਸ ਦੀਆਂ ਮੂੰਹ ਬੋਲਦੀਆਂ ਵੀਡੀਓ ਕਲਿੱਪਾਂ ਗਵਾਹ ਹਨ ਕਿ ਉਹ ਕਿਸਾਨਾਂ ਦੇ ਨਾਂਅ ਨੋਟ ਕਰਨ, ਪਹਿਲੀ ਤਾਰੀਖ਼ ਵੋਟਾਂ ਪੈਣ ਉਪਰੰਤ ਕਿਸਾਨਾਂ ਦੀ ਛਿੱਤਰ ਪਰੇਡ ਕਰਨ , ਪਤਾਲ ਵਿਚ ਦੱਬ ਦੇਣ ਦੀਆਂ ਸਿੱਧੀਆਂ ਧਮਕੀਆਂ ਦੇ ਕੇ ਆਪਣੀ ਪਾਰਟੀ ਦੇ ਲੋਕਾਂ ਨਾਲ਼ ਦੁਸ਼ਮਣਾਨਾ  ਰਿਸ਼ਤੇ ਦੀ ਹੀ ਪੁਸ਼ਟੀ ਕਰ ਰਿਹਾ ਹੈ।
ਪਲਸ ਮੰਚ ਦੇ ਆਗੂਆਂ ਨੇ ਕਿਹਾ ਹੈ ਕਿ ਅਜਿਹੇ ਬਿਆਨ ਦੇਣ ਵਾਲੇ ਹੰਸ ਰਾਜ ਹੰਸ ਉਪਰ ਚੋਣ ਕਮਿਸ਼ਨ ਵੱਲੋਂ ਕੋਈ ਕਾਰਵਾਈ ਨਾ ਕਰਨਾ ਅਤੇ ਖਾਮੋਸ਼ੀ ਵੱਟਣਾ ਆਪਣੇ ਆਪ ਹੀ ਬਹੁਤ ਸਾਰੇ ਸੁਆਲ ਖੜ੍ਹੇ ਕਰਦਾ ਹੈ।
  ਉਹਨਾਂ ਕਿਹਾ ਕਿ ਭਾਜਪਾ ਹਕੂਮਤ ਜਿਵੇਂ ਦਿੱਲੀ ਕਿਸਾਨ ਮੋਰਚੇ, ਲਖੀਮਪੁਰ ਖੀਰੀ ਕਿਸਾਨਾਂ ਉਪਰ ਜੀਪ ਚਾੜ੍ਹਨ, 750 ਕਿਸਾਨਾਂ ਨੂੰ ਮੌਤ ਦੇ ਮੂੰਹ ਧੱਕਣ, ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਟਾਲਾ ਵੱਟਣ, ਨਿੱਤ ਨਵੇਂ ਕਾਨੂੰਨ ਨਵੇਂ ਰੂਟਾਂ ਰਾਹੀਂ ਲਾਗੂ ਕਰਨ ਲਈ ਰੱਸੇ ਪੈੜੇ ਵੱਟੇ ਜਾ ਰਹੇ ਹਨ ਇਸ ਸਾਰੇ  ਵਰਤਾਰੇ ਖ਼ਿਲਾਫ਼ ਲੋਕਾਂ ਦੇ ਮਨਾਂ ਵਿਚ  ਵਿਆਪਕ  ਗੁੱਸੇ ਨੂੰ ਜਨਮ ਦੇ ਰਹੇ ਇਸਨੂੰ ਸਮਝਣ, ਜ਼ਖ਼ਮਾਂ ਤੇ ਟਕੋਰ ਕਰਨ ਦੀ ਬਜਾਏ ਸ਼ਰੇਆਮ ਧਮਕੀਆਂ ਦੇਣਾ ਇਹ ਦਰਸਾਉਂਦਾ ਹੈ ਕਿ ਇਹ ਕੇਹੀ ਜਮਹੂਰੀਅਤ ਹੈ ਅਤੇ ਆਉਣ ਵਾਲਾ ਕੱਲ੍ਹ ਕਿਹੋ ਜਿਹਾ ਆ ਰਿਹਾ ਹੈ।
ਪਲਸ ਮੰਚ ਨੇ ਕਿਹਾ ਹੈ ਕਿ ਭਾਜਪਾ ਦੀ ਬੋਲੀ ਬੋਲਦੇ ਬੜਬੋਲੇ ਵਫ਼ਾਦਾਰ ਹੰਸ ਰਾਜ ਹੰਸ ਦੇ ਕੁੜੱਤਣ, ਜ਼ਹਿਰ ਅਤੇ ਮਾਰ ਧਾੜ ਭਰੇ ਬਿਆਨ ਸਮਾਜਿਕ ਭਾਈਚਾਰੇ ਨੂੰ ਲਾਂਬੂ ਲਾਉਣ ਵਾਲੇ ਹਨ। ਸਮੁੱਚੀ ਮਾਨਵਤਾ ਦੇ ਹਿੱਤਾਂ ਲਈ ਲੜਨ ਦੀ ਗਵਾਹ ਵਿਰਾਸਤ ਨੂੰ ਕਿਸੇ ਜਾਤੀ ਵਿਸ਼ੇਸ਼ ਨਾਲ਼ ਜੋੜਕੇ ਪੇਸ਼ ਕਰਨ ਅਤੇ ਇੱਕ ਦੂਜੇ ਦੇ ਗਲ਼ ਪਾਉਣ ਦੇ ਬਹੁਤ ਹੀ ਸ਼ਰਾਰਤ ਭਰੇ ਬਿਆਨਾਂ ਨੂੰ ਰੱਦ ਕਰਦਿਆਂ ਮਿਹਨਤਕਸ਼ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਦੀ ਲੋੜ ਹੈ।
  ਪਲਸ ਮੰਚ ਨੇ ਸੱਦਾ ਦਿੱਤਾ ਹੈ ਕਿ ਬਹੁਤ ਹੀ ਢੁਕਵੇਂ ਅਤੇ ਜਚਣਹਾਰ ਰੂਪਾਂ ਰਾਹੀਂ ਸਰਗਰਮੀਆਂ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਨਹੀਂ ਤਾਂ ਭਾਜਪਾ ਪੰਜਾਬ ਅੰਦਰ ਮਨੀਪੁਰ ਵਰਗੇ ਹਾਲਾਤ ਬਣਾ ਕੇ ਆਪਣੀਆਂ ਰਾਜਨੀਤਕ ਰੋਟੀਆਂ ਰਾੜ੍ਹਨ ਲਈ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਅੰਦਰ ਫਿਰਕੂ ਤੀਲੀਆਂ ਸੁੱਟਣ ਦਾ ਕੋਈ ਵੀ ਵੇਲ਼ਾ ਹੱਥੋਂ ਨਹੀਂ ਜਾਣ ਦੇ ਰਹੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜਮਹੂਰੀ ਅਧਿਕਾਰ ਸਭਾ ਵਲੋਂ ਜ਼ਹਿਰੀਲੀ ਸ਼ਰਾਬ ਕਾਂਡ ਦੀ ਜਾਂਚ ਰਿਪੋਰਟ ਜਾਰੀ
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਮਦਰ ਡੇ ਮਨਾਇਆ