(ਸਮਾਜ ਵੀਕਲੀ)
ਹੱਥ,
ਕਿਰਤੀਆਂ ਦਾ ਹਥਿਆਰ,
ਮਿਹਨਤਕਸ਼ਾਂ ਦੀ ਨੁਹਾਰ।
ਕਿੰਨੀ ਸੋਹਣੀ ਸੌਗਾਤ ਬਖਸ਼ੀ ਹੈ,ਕੁਦਰਤ ਨੇ।
ਜੇ ਹੱਥ ਨਾ ਹੁੰਦੇ ਤਾਂ,
ਕੁਦਰਤ ਦੀਆਂ,
ਬਹੁਤ ਸਾਰੀਆਂ ਨਿਆਮਤਾਂ ,
ਸਾਡੇ ਤੋਂ ਦੂਰ ਹੁੰਦੀਆਂ।
ਇਹ ਹੱਥ ਹੀ ਨੇ ਜੋ ਜੁੜ ਕੇ,
ਆਸਤਿਕਾਂ ਲਈ,
ਪਰਮਾਤਮਾ ਦੀ ਹੋਂਦ ਨੂੰ,
ਬਰਕਰਾਰ ਰੱਖ ਰਹੇ ਨੇ।
ਇਹ ਹੱਥ ਹੀ ਨੇ ,
ਜੋ ਕੌਮਾਂ ਦੀ ,
ਤਸਵੀਰ ਬਦਲ ਦਿੰਦੇ ਨੇ।
ਕਿਸੇ ਕੌਮ ਦੀ,
ਪ੍ਰਭੂਸੱਤਾ ਦਾ ਰਾਜ,
ਉੱਥੋਂ ਦੇ ਸਵਿਧਾਨ ‘ਚ ਨਹੀਂ ਹੁੰਦਾ ਦੋਸਤੋ!
ਪ੍ਰਭੂਸੱਤਾ ਤਾਂ,
ਹੱਥਾਂ ‘ਚ ਹੀ ਹੁੰਦੀ ਹੈ।
ਸੁੱਚੇ ਹੱਥਾਂ ਤੋਂ ਕੌਣ,
ਮੁਨਕਰ ਹੋ ਸਕਦੈ.. ਮੇਰੇ ਯਾਰ !
ਸੁੱਚੇ ਮੋਤੀਆਂ ਦਾ ਚੋਗ,
ਹੱਥਾਂ ਦੀਆਂ ਹਥੇਲੀਆਂ ਉੱਤੇ ਹੀ ਤਾਂ,
ਚੁਗਾਇਆ ਜਾਂਦੈ,
ਚੀਨੇ ਯਾਰ ਨੂੰ।
ਪਿਆਰ ਦੇਣ ਲਈ,
ਬੁੱਲ੍ਹ ਹਿਲਾਉਣ ਜਾਂ,
ਜ਼ੁਬਾਨ ਹਿਲਾਉਣ ਦੀ ਲੋੜ ਨਹੀਂ,
ਸਿਰ ਉੱਤੇ ਪਿਆਰ ਨਾਲ,
ਧਰੇ ਹੱਥ,
ਤੱਤੀਆਂ ਹਵਾਵਾਂ ਨੂੰ ਵੀ,
ਸੀਤ ਕਰ ਦਿੰਦੇ ਨੇ ।
ਹੱਥ ਤਾਂ ਹੱਥ ਹੀ ਹੁੰਦੇ ਨੇ ਦੋਸਤੋ !
ਮੰਗਣ ਲਈ ਅੱਡੇ ਹੱਥ,
ਮਰ ਮਰ ਕੇ,
ਜਿਉਣ ਦਾ ਹੀ ਤਾਂ,
ਨਾਮ ਨੇ।
ਕਿਸੇ ਨੂੰ ਦੇਣ ਲਈ ਵਧੇ ਹੱਥ,
ਮਹਾਨਤਾ ਦੀ ਨਿਸ਼ਾਨੀ,
ਹੀ ਤਾਂ ਨੇ।
ਕਿਸੇ ਮਿਹਨਤਕਸ਼ ਨੂੰ,
ਹੱਥਾਂ ਦੀਆਂ ਲਕੀਰਾਂ,
ਦਿਖਾਉਣ ਦੀ ਲੋੜ ਨਹੀਂ ।
ਇਹਨਾਂ ਗਿਣਤੀਆਂ ਮਿਣਤੀਆਂ ਨੇ ਹੀ,
ਮਨੁੱਖ ਨੂੰ,
ਕੱਖਾਂ ਤੋਂ ਹੌਲੇ ਕਰ ਰੱਖਿਐ।
ਹੱਥ ਤਾਂ ਆਪਣੀ ਤਕਦੀਰ,
ਆਪ ਘੜਨ ਜਾਣਦੇ ਨੇ ਸਾਥੀਓ !
ਹੱਥਾਂ ਨੂੰ ਕਿਸੇ ਸਿਆਣੇ ਦੀਆਂ,
ਜ਼ਮਾਂ-ਤਕਸੀਮਾਂ ਦੀ ਲੋੜ ਨਹੀਂ,
ਹੱਥ ਤਾਂ ਆਪ ਹੀ,
ਜ਼ਮਾਂ-ਤਕਸੀਮਾਂ ਕਰਨ ਜਾਣਦੇ ਨੇ।
ਕਰਾਰੀ ਜ਼ੁਬਾਨ ਨਹੀਂ ਹੁੰਦੀ ਮਿੱਤਰੋ !
ਕਰਾਰੇ ਤਾਂ ਹੱਥ ਵੀ ਹੁੰਦੇ ਨੇ।
ਕਿਸੇ ਉੱਪਰ ਕਿੰਤੂ ,
ਕਰਨ ਤੋਂ ਪਹਿਲਾਂ,
ਪੂਰਾ ਹੱਥ ਕਰਨ ਦੀ ਲੋੜ ਨਹੀਂ,
ਕਿਸੇ ਵੱਲ ਕੱਢੀ,
ਇੱਕ ਉਂਗਲ ਹੀ,
ਕਾਫ਼ੀ ਐ,
ਦੋਸ਼ ਲਾਉਣ ਲਈ।
ਹੱਥਾਂ ਦੀ ਸਚਾਈ ਤੋਂ,
ਕੌਣ ਮੁਨਕਰ ਹੋ ਸਕਦੈ
ਮੇਰੇ ਯਾਰ !
ਜੁੜੇ ਹੋਏ ਹੱਥ ਜਿੱਥੇ,
ਅਦਬ ਦੀ ਨਿਸ਼ਾਨੀ ਨੇ,
ਖੁੱਲ੍ਹੇ ਹੱਥ, ਨਫ਼ਰਤ ਹੀ ਤਾਂ,
ਫੈਲਾਉਂਦੇ ਨੇ।
ਹੱਥਾਂ ਦੀ ਅਹਿਮੀਅਤ ਨੂੰ,
ਜਾਨਣ ਵਾਲੇ ਲੋਕ,
ਕਰਮਯੋਗੀ ਅਖਵਾਉਂਦੇ ਨੇ।
ਸੁਚੱਜਾ ਤੇ ਨਿਕੰਮਾ ਸ਼ਬਦ,
ਬੰਦਿਆਂ ਲਈ ਨਹੀਂ ਹੁੰਦਾ ਦੋਸਤੋ !
ਸੁਚੱਜੇ ਤੇ ਨਿਕੰਮੇ ਤਾਂ,
ਹੱਥ ਹੀ ਹੁੰਦੇ ਨੇ।
ਖ਼ਾਨਦਾਨਾਂ ਦੀਆਂ ਆਬਾਦਗਾਹਾਂ,
ਤੇ ਬਰਬਾਦੀਆਂ ਦਾ ਭੂਗੋਲ,
ਹੱਥਾਂ ਵਿਚ ਹੀ ਤਾਂ,
ਲੁਕਿਆ ਹੁੰਦੈ ।
ਤਹਿਜ਼ੀਬ ਤੋਂ ਭਟਕੀ ਹੋਈ,
ਜ਼ੁਬਾਨ ਨੂੰ,
ਹੱਥ ਰੱਖ ਕੇ ਹੀ ਤਾਂ,
ਰੋਕਿਆ ਜਾਂਦੈ।
ਹੱਥਾਂ ਦੀਆਂ ਲਕੀਰਾਂ ਵਿਚ,
ਨਛੱਤਰ ਨਹੀਂ ਹੁੰਦੇ ਦੋਸਤੋ !
ਹੱਥ ਤਾਂ ਆਪ ਹੀ,
ਨਛੱਤਰ ਹੁੰਦੇ ਨੇ।
ਘਸੇ-ਪਿਟੇ,
ਤਕਦੀਰਾਂ ਦੇ ਕਿੱਸੇ,
ਦੋਸ਼-ਮੁਕਤੀ ਦੀ ਦਵਾ,
ਨਹੀਂ ਬਣ ਸਕਦੇ ਦੋਸਤੋ !
ਵਿੰਗ-ਵਲੇਵੇ ਖਾਂਦੀ,
ਜ਼ਿੰਦਗੀ ਨੂੰ,
ਹੱਥ ਹੀ ਤਰਤੀਬ ਦਿੰਦੇ ਨੇ।
ਮਰੀਆਂ ਕੌਮਾਂ ਦੇ,
ਜਜ਼ਬੇ ਨਹੀਂ ਮਰਦੇ ਮਿੱਤਰੋ !
ਮਰੀਆਂ ਕੌਮਾਂ ਦੇ,
ਹੱਥ ਮਰਦੇ ਨੇ।
ਮਰੇ,ਜਿਉਂਦੇ ਬੰਦੇ ਨਹੀਂ ਹੁੰਦੇ,
ਮਰੇ ਜਿਉਂਦੇ ਹੱਥ ਹੀ ਹੁੰਦੇ ਨੇ।
ਹੱਥ ਤਾਂ ਹੱਥ ਹੀ,
ਹੁੰਦੇ ਨੇ ਸਾਥੀਓ!
ਹੱਥ ਤਾਂ ਹੱਥ ਹੀ ਹੁੰਦੇ ਨੇ।
(ਜਸਪਾਲ ਜੱਸੀ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly