ਪਣਜੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੇ ਸਰਦਾਰ ਵੱਲਭਭਾਈ ਪਟੇਲ ਕੁਝ ਸਮਾਂ ਹੋਰ ਜਿਊਂਦੇ ਰਹਿ ਜਾਂਦੇ ਤਾਂ ਗੋਆ ਪੁਰਤਗਾਲੀ ਸ਼ਾਸਕਾਂ ਤੋਂ ਬਹੁਤ ਸਮਾਂ ਪਹਿਲਾਂ ਆਜ਼ਾਦ ਹੋ ਗਿਆ ਹੁੰਦਾ। ਪਟੇਲ ਜੋ ਕਿ ਨਹਿਰੂ ਕੈਬਨਿਟ ਵਿਚ ਉਪ ਪ੍ਰਧਾਨ ਮੰਤਰੀ ਸਨ, ਦੀ 1950 ਵਿਚ ਮੌਤ ਹੋ ਗਈ ਸੀ। ਨਿਜ਼ਾਮ ਦੇ ਸ਼ਾਸਨ ਤੋਂ ਮਹਾਰਾਸ਼ਟਰ ਦੇ ਮਰਾਠਵਾੜਾ ਖਿੱਤੇ ਨੂੰ ਆਜ਼ਾਦ ਕਰਾਉਣ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਗੋਆ ਨੂੰ ਪੁਰਤਗਾਲੀ ਸ਼ਾਸਨ ਤੋਂ ਆਜ਼ਾਦ ਹੋਇਆਂ 60 ਸਾਲ ਹੋ ਗਏ ਹਨ। ‘ਗੋਆ ਮੁਕਤੀ ਦਿਵਸ’ (19 ਦਸੰਬਰ) ਮੌਕੇ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ‘ਕੁਝ ਸਮਾਂ ਪਹਿਲਾਂ, ਮੈਂ ਇਟਲੀ ਤੇ ਵੈਟੀਕਨ ਗਿਆ ਸੀ। ਉੱਥੇ ਮੈਨੂੰ ਪੋਪ ਫਰਾਂਸਿਸ ਨਾਲ ਮਿਲਣ ਦਾ ਮੌਕਾ ਮਿਲਿਆ। ਮੈਂ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਪੋਪ ਨੇ ਸੱਦੇ ਉਤੇ ਕਾਫ਼ੀ ਖੁਸ਼ੀ ਜ਼ਾਹਿਰ ਕੀਤੀ ਸੀ।’ ਮੋਦੀ ਨੇ ਕਿਹਾ ਕਿ ਇਹ ਪੋਪ ਦਾ ਭਾਰਤ ਦੀ ਭਿੰਨਤਾ ਲਈ ਪਿਆਰ ਸੀ, ਸਾਡੇ ਲੋਕਤੰਤਰ ਲਈ ਸਨੇਹ ਸੀ। ਮੋਦੀ ਨੇ ਇਸ ਮੌਕੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ, ਉਨ੍ਹਾਂ ਗੋਆ ਤੋਂ ਬਾਹਰਲੀਆਂ ਸੰਘਰਸ਼ੀ ਸ਼ਖ਼ਸੀਅਤਾਂ ਨੂੰ ਵੀ ਯਾਦ ਕੀਤਾ ਜੋ ਰਾਜ ਦੀ ਆਜ਼ਾਦੀ ਲਈ ਲੜੀਆਂ। ਉਨ੍ਹਾਂ ਕਿਹਾ ਕਿ ਜਦ ਭਾਰਤ ਆਜ਼ਾਦ ਵੀ ਹੋ ਗਿਆ ਸੀ ਉਦੋਂ ਵੀ ਉਹ ਗੋਆ ਦੀ ਆਜ਼ਾਦੀ ਲਈ ਲੜਦੇ ਰਹੇ। ਉਨ੍ਹਾਂ ਇਹ ਯਕੀਨੀ ਬਣਾਇਆ ਕਿ ਗੋਆ ਨੂੰ ਆਜ਼ਾਦ ਕਰਾਉਣ ਦਾ ਸੰਘਰਸ਼ ਭਾਰਤ ਦੀ ਆਜ਼ਾਦੀ ਨਾਲ ਹੀ ਖ਼ਤਮ ਨਾ ਹੋ ਜਾਵੇ। ਮੋਦੀ ਨੇ ਇਸ ਮੌਕੇ ਸ਼ਾਸਨ ਦੇ ਵੱਖ-ਵੱਖ ਪੈਮਾਨਿਆਂ ਉਤੇ ਖਰਾ ਉਤਰਨ ਲਈ ਗੋਆ ਸਰਕਾਰ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗੋਆ ਨੇ ਪ੍ਰਤੀ ਵਿਅਕਤੀ ਆਮਦਨ, ਜਲ ਸਪਲਾਈ, ਪਖ਼ਾਨੇ ਬਣਾਉਣ, ਕੂੜਾ ਪ੍ਰਬੰਧਨ, ਭੋਜਨ ਸੁਰੱਖਿਆ ਤੇ ਕਈ ਹੋਰ ਪੱਖਾਂ ਤੋਂ ਮਿਸਾਲੀ ਪ੍ਰਾਪਤੀਆਂ ਕੀਤੀਆਂ ਹਨ। ਮੋਦੀ ਨੇ ਇਸ ਮੌਕੇ ਗੋਆ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਮਨੋਹਰ ਪਰੀਕਰ ਨੂੰ ਵੀ ਯਾਦ ਕੀਤਾ। ਪਰੀਕਰ ਨਰਿੰਦਰ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਰੱਖਿਆ ਮੰਤਰੀ ਸਨ। ਉਨ੍ਹਾਂ ਦਾ 2019 ਵਿਚ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਮੋਦੀ ਨੇ ਇਸ ਮੌਕੇ ਕਈ ਆਜ਼ਾਦੀ ਘੁਲਾਟੀਆਂ ਤੇ ਗੋਆ ਦੀ ਸੁਤੰਤਰਤਾ ਦੇ ਸੰਘਰਸ਼ ’ਚ ਯੋਗਦਾਨ ਪਾਉਣ ਵਾਲੇ ਭਾਰਤੀ ਫ਼ੌਜੀਆਂ ਦਾ ਸਨਮਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਗੋਆ ਉਸ ਵੇਲੇ ਪੁਰਤਗਾਲੀ ਸ਼ਾਸਨ ਅਧੀਨ ਆਇਆ ਜਦ ਮੁਲਕ ਮੁਗ਼ਲਾਂ ਦੇ ਕਬਜ਼ੇ ਹੇਠ ਸੀ, ਪਰ ਸਦੀਆਂ ਬਾਅਦ ਨਾ ਤਾਂ ਭਾਰਤ ਤੇ ਨਾ ਹੀ ਗੋਆ ਆਪਣੀ ਭਾਰਤੀ ਪਛਾਣ ਨੂੰ ਭੁੱਲਿਆ ਹੈ। ਮੋਦੀ ਨੇ ਇਸ ਮੌਕੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ। ਦੱਸਣਯੋਗ ਹੈ ਕਿ ਤੱਟੀ ਸੂਬੇ ਗੋਆ ਵਿਚ ਅਗਲੇ ਸਾਲ ਦੇ ਸ਼ੁਰੂ ਵਿਚ ਹੀ ਚੋਣਾਂ ਹਨ ਤੇ ਸੱਤਾਧਾਰੀ ਪਾਰਟੀ ਭਾਜਪਾ ਨੂੰ ਟੀਐਮਸੀ ਤੇ ਹੋਰਾਂ ਪਾਰਟੀਆਂ ਤੋਂ ਚੁਣੌਤੀ ਮਿਲ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly