ਆਦਤਾਂ ਡੋਬਦੀਆਂ ਵੀ ਨੇ ਤੇ ਤਾਰਦੀਆਂ ਵੀ

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

(ਸਮਾਜ ਵੀਕਲੀ)

ਹਰ ਕਿਸੇ ਦੀਆਂ ਆਪਣੀਆਂ ਆਦਤਾਂ ਹੁੰਦੀਆਂ ਹਨ।ਕੁੱਝ ਆਦਤਾਂ ਕਈ ਵਾਰ ਬਦਲੀਆਂ ਜਾ ਸਕਦੀਆਂ ਹਨ ਪਰ ਕੁੱਝ ਇੰਨੀਆਂ ਪੱਕੀਆਂ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਬਦਲਣਾ ਬਹੁਤ ਔਖਾ ਹੁੰਦਾ ਹੈ। ਵਾਰਿਸ ਸ਼ਾਹ ਨੇ ਵੀ ਲਿਖਿਆ ਹੈ,” ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ।”ਆਦਤਾਂ ਚੰਗੀਆਂ ਅਤੇ ਬੁਰੀਆਂ ਹੁੰਦੀਆਂ ਹਨ।ਇਹ ਵੀ ਸੱਚ ਹੈ ਕਿ ਆਦਤਾਂ ਬੋਲਦੀਆਂ ਵੀ ਨੇ ਅਤੇ ਤਾਰਦੀਆਂ ਵੀ।ਹਾਂ, ਇਹ ਵੀ ਸੱਚ ਹੈ ਕਿ ਕਿਸੇ ਨੂੰ ਵੀ ਆਪਣੀਆਂ ਆਦਤਾਂ ਮਾੜੀਆਂ ਨਹੀਂ ਲੱਗਦੀਆਂ ਅਤੇ ਦੂਸਰਿਆਂ ਦੀਆਂ ਬਹੁਤੀ ਵਾਰ ਚੰਗੀਆਂ ਵੀ ਨਹੀਂ ਲੱਗਦੀਆਂ।

ਜੇਕਰ ਅਸੀਂ ਗੱਲ ਕਰੀਏ ਕਿ ਜਿਹੜੇ ਖੁਸ਼ ਰਹਿੰਦੇ ਹਨ ਅਤੇ ਹਰ ਗੱਲ ਨੂੰ ਛੱਜ ਵਿੱਚ ਪਾਕੇ ਨਹੀਂ ਛੱਟਦੇ,ਉਹ ਵਧੇਰੇ ਕਰਕੇ ਦੂਸਰਿਆਂ ਦੀਆਂ ਗਲਤੀਆਂ ਅਤੇ ਵਧੀਕੀਆਂ ਨੂੰ ਅਣਦੇਖਾ ਕਰ ਦਿੰਦੇ ਹਨ ਤਾਂ ਕਿ ਰਿਸ਼ਤਿਆਂ ਨੂੰ ਜਿਉਂਦੇ ਰੱਖਿਆ ਜਾ ਸਕੇ।ਦੂਸਰੇ ਪਾਸੇ ਕੁੱਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਦੂਸਰਿਆਂ ਦੀਆਂ ਗਲਤੀਆਂ ਲੱਭਣ ਅਤੇ ਮਾਹੌਲ ਖਰਾਬ ਕਰਨ ਤੋਂ ਬਗੈਰ ਹੋਰ ਕੋਈ ਕੰਮ ਨਹੀਂ ਕਰਦੇ।ਇਹ ਉਨ੍ਹਾਂ ਦੀ ਆਦਤ ਹੈ।ਅਜਿਹੇ ਲੋਕ ਆਪਣੀਆਂ ਆਦਤਾਂ ਕਰਕੇ ਨਾ ਖੁਸ਼ ਰਹਿੰਦੇ ਹਨ ਨਾ ਕਿਸੇ ਨੂੰ ਖੁਸ਼ ਰਹਿਣ ਦਿੰਦੇ ਹਨ। ਇਹ ਚਿੜਚਿੜੇ ਸੁਭਾਅ ਦੇ ਹੁੰਦੇ ਹਨ।ਇਹ ਆਪਣੀਆਂ ਆਦਤਾਂ ਤੋਂ ਮਜਬੂਰ ਹੁੰਦੇ ਹਨ। ਚੰਗੀਆਂ ਆਦਤਾਂ ਵਾਲੇ ਚੰਗੀਆਂ ਆਦਤਾਂ ਥੋੜੇ ਕਰਕੇ ਨਹੀਂ ਛੱਡਦੇ ਅਤੇ ਮਾੜੀਆਂ ਆਦਤਾਂ ਵਾਲੇ ਮਾੜੀਆਂ ਆਦਤਾਂ ਛੱਡਣ ਨੂੰ ਤਿਆਰ ਨਹੀਂ ਹੁੰਦੇ। ਨਸ਼ਾ ਕਰਨ ਵਾਲੇ ਨੂੰ ਜੇਕਰ ਨਸ਼ੇ ਲੈਣ ਦੀ ਆਦਤ ਪੈ ਜਾਵੇ ਤਾਂ ਵਧੇਰੇ ਕਰਕੇ ਉਹ ਕਿਸੇ ਦੀ ਵੀ ਨਹੀਂ ਸੁਣਦਾ ਅਤੇ ਅਖੀਰ ਘਰ ਵਿੱਚ ਭੰਗ ਭੁੱਲਣ ਲੱਗ ਜਾਂਦੀ ਹੈ।ਤਬਾਹੀ ਅਤੇ ਬਰਬਾਦੀ ਤਾਂਡਵ ਕਰਨ ਲੱਗ ਜਾਂਦੀ ਹੈ।

ਜੇਕਰ ਕਿਸੇ ਨੂੰ ਚੋਰੀ ਕਰਨ ਦੀ ਆਦਤ ਪੈ ਜਾਵੇ ਤਾਂ ਉਸਦੀ ਆਦਤ ਕਦੇ ਵੀ ਨਹੀਂ ਛੁੱਟਦੀ।ਕਈ ਵਾਰ ਅਮੀਰ ਘਰਾਂ ਦੇ ਬੱਚੇ ਵੀ ਚੋਰੀਆਂ ਕਰਦੇ ਹਨ।ਉਹ ਪੈਸਾ ਖਰਚ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਨ ਪਰ ਉਹ ਆਦਤ ਤੋਂ ਮਜ਼ਬੂਰ ਹੁੰਦੇ ਹਨ ਅਤੇ ਵੱਡੇ ਵੱਡੇ ਸ਼ੋਅ ਰੂਮ ਚੋਂ ਚੋਰੀਆਂ ਕਰਦੇ ਹਨ।ਰੈਡੀਮੇਡ ਕੱਪੜਿਆਂ ਦੇ ਸਾਈਨ ਚੈਕ ਕਰਨ ਦੇ ਬਹਾਨੇ ਕਪੜੇ ਆਪਣੇ ਕੱਪੜਿਆਂ ਦੇ ਹੇਠਾਂ ਪਾਕੇ ਚਲੇ ਜਾਂਦੇ ਹਨ।ਹਾਂ, ਕਈ ਵਾਰ ਫੜੇ ਵੀ ਜਾਂਦੇ ਹਨ।ਇੰਜ ਹੀ ਜੇਕਰ ਘਰਾਂ ਦੀ ਗੱਲ ਕਰੀਏ ਤਾਂ ਕਈ ਵਾਰ ਘਰਾਂ ਵਿੱਚ ਵੀ ਚੋਰੀਆਂ ਹੁੰਦੀਆਂ ਹਨ।ਕਈ ਵਾਰ ਤਾਂ ਘਰ ਵਿੱਚ ਕੰਮ ਕਰਨ ਵਾਲੇ ਨੌਕਰ ਅਜਿਹਾ ਕੰਮ ਕਰਦੇ ਹਨ ਪਰ ਕਈ ਵਾਰ ਘਰਦੇ ਮੈਂਬਰ ਹੀ ਅਜਿਹਾ ਕੰਮ ਕਰਦੇ ਹਨ।ਇਥੇ ਨੌਕਰਾਂ ਨੂੰ ਤਾਂ ਕੰਮ ਤੋਂ ਹਟਾਇਆ ਜਾ ਸਕਦਾ ਹੈ ਪਰ ਘਰਦੇ ਮੈਂਬਰਾਂ ਵੇਲੇ ਸ਼ਰਮ ਦੇ ਮਾਰੇ ਚੁੱਪ ਕਰ ਜਾਂਦੇ ਹਨ। ਕਈ ਵਾਰ ਨੌਕਰ ਬੇਕਸੂਰ ਹੁੰਦਾ ਹੈ ਪਰ ਉਹ ਫਸ ਜਾਂਦੇ ਹਨ।ਮੇਰੇ ਇਕ ਆਰਟੀਕਲ ਨੂੰ ਪੜ੍ਹ ਕੇ ਇਕ ਫੋਨ ਆਇਆ ਉਸਨੇ ਦੱਸਿਆ ਕਿ ਮੇਰੀ ਨੂੰਹ ਘਰ ਦਾ ਸਮਾਨ ਇਧਰ ਉਧਰ ਕਰਦੀ ਹੈ।ਮੈਨੂੰ ਪਤਾ ਵੀ ਹੈ ਕਿਉਂਕਿ ਉਹ ਸਾਰਾ ਸਮਾਨ ਮੈਂ ਖਰੀਦਿਆ ਸੀ।

ਪਰ ਮੈਂ ਚੁੱਪ ਹਾਂ ਕਿਉਂਕਿ ਘਰ ਵਿੱਚ ਲੜਾਈ ਹੋਵੇਗੀ।ਇਹ ਵੀ ਚੋਰੀਆਂ ਹੀ ਹੈ।ਉਹ ਲੜਕੀ ਸ਼ਾਇਦ ਆਦਤ ਤੋਂ ਮਜ਼ਬੂਰ ਹੀ ਹੋਏਗੀ।ਚਾਣਕਿਆ ਅਨੁਸਾਰ,”ਦੁਸ਼ਟ ਨੂੰ ਸੱਜਣ ਨਹੀਂ ਬਣਾਇਆ ਜਾ ਸਕਦਾ।ਨਿੰਮ ਦੇ ਪੇੜ ਨੂੰ ਦੁੱਧ ਅਤੇ ਘਿਉ ਨਾਲ ਸਿਰਜਣ ਨਾਲ ਵੀ ਇਸ ਨੂੰ ਮਿੱਠਾ ਨਹੀਂ ਕਰਿਆ ਜਾ ਸਕਦਾ।”ਜੇਕਰ ਲੜਕੀ ਆਪਣੇ ਮਾਪਿਆਂ ਦੇ ਘਰ ਸਮਾਨ ਲੈਕੇ ਜਾਂਦੀ ਹੈ ਤਾਂ ਉਸਦੇ ਮਾਪਿਆਂ ਨੂੰ ਇਸ ਤੇ ਸਖਤ ਕਦਮ ਚੁੱਕਣੇ ਚਾਹੀਦੇ ਹਨ।ਇਸ ਨਾਲ ਮਾਪਿਆਂ ਅਤੇ ਲੜਕੀਆਂ ਦੀ ਸਹੁਰੇ ਪਰਿਵਾਰ ਵਿੱਚ ਇੱਜ਼ਤ ਨਹੀਂ ਰਹਿੰਦੀ।ਇਹ ਕਦੇ ਵੀ ਨਾ ਸੋਚੋ ਕਿ ਲੜਕੇ ਅਤੇ ਉਸਦੇ ਮਾਪਿਆਂ ਨੂੰ ਸਮਝ ਨਹੀਂ ਆਉਂਦਾ ਜਾਂ ਪਤਾ ਨਹੀਂ ਲੱਗਦਾ।ਮਾਪੇ ਇਥੇ ਆਪਣੀ ਬੇਟੀ ਨੂੰ ਹੱਲਾਸ਼ੇਰੀ ਦੇ ਰਹੇ ਹਨ ਅਤੇ ਇਹ ਵੀ ਸਾਫ ਹੋ ਜਾਂਦਾ ਹੈ ਕਿ ਇਹ ਆਦਤ ਉਸਨੇ ਆਪਣੇ ਘਰਦਿਆਂ ਤੋਂ ਸਿੱਖੀ ਹੈ ਜਾਂ ਉਨ੍ਹਾਂ ਦੀ ਲਾਪਰਵਾਹੀ ਕਰਕੇ ਚੋਰੀ ਦੀ ਆਦਤ ਹੈ।

ਹਾਂ, ਸਹੁਰਾ ਪਰਿਵਾਰ ਘਰ ਦਾ ਮਾਹੌਲ ਖਰਾਬ ਹੋਣ ਕਰਕੇ ਚੁੱਪ ਰਹਿੰਦਾ ਹੈ।ਯੂਗੋਸਲਾਵੀਆ ਦੀ ਕਹਾਵਤ ਹੈ ,”ਪੁਰਾਣੀਆਂ ਆਦਤਾਂ ਲੋਹੇ ਦੀਆਂ ਕਮੀਜ਼ਾਂ ਹੁੰਦੀਆਂ ਹਨ।”ਇੰਜ ਹੀ ਜੇਕਰ ਇਮਾਨਦਾਰੀ ਦੀ ਆਦਤ ਹੈ ਤਾਂ ਘਰ ਪਰਿਵਾਰ ਅਤੇ ਦਫਤਰ ਵਿੱਚ ਇਮਾਨਦਾਰੀ ਨਾਲ ਹੀ ਕੰਮ ਕਰੇਗਾ।ਉਸ ਲਈ ਮਹਿੰਗੀ ਤੋਂ ਮਹਿੰਗੀ ਚੀਜ਼ ਵੀ ਮਾਈਨੇ ਨਹੀਂ ਰੱਖਦੀ।ਉਸ ਵਾਸਤੇ ਉਹ ਇਕ ਵਸਤੂ ਹੈ।ਅਜਿਹੇ ਲੋਕ ਆਪਣੀ ਇਸ ਆਦਤ ਕਰਕੇ ਇਜ਼ਤ ਵੀ ਕਰਵਾਉਂਦੇ ਹਨ।ਇਸ ਨਾਲ ਉਨ੍ਹਾਂ ਦੇ ਮਾਪਿਆਂ ਦਾ ਵੀ ਸਤਿਕਾਰ ਵਧਦਾ ਹੈ।ਅਜਿਹੇ ਇਮਾਨਦਾਰ ਲੋਕਾਂ ਨੂੰ ਰਿਸ਼ਵਤ ਆਦਿ ਦੇਣਾ ਜਾਂ ਉਨ੍ਹਾਂ ਤੋਂ ਰਿਸ਼ਵਤ ਲੈਣਾ ਬਹੁਤ ਔਖਾ ਹੁੰਦਾ ਹੈ।

ਕਈਆਂ ਨੂੰ ਚੁਗਲੀਆਂ ਕਰਨ ਦੀ ਆਦਤ ਹੁੰਦੀ ਹੈ। ਅਜਿਹੇ ਲੋਕ ਕਿਸੇ ਨੂੰ ਵੀ ਨਹੀਂ ਬਖਸ਼ਦੇ।ਯਾਦ ਰੱਖੋ ਜਿਹੜੇ ਤੁਹਾਡੇ ਨਾਲ ਕਿਸੇ ਦੀ ਚੁਗਲੀ ਕਰਦੇ ਹਨ,ਉਹ ਦੂਸਰਿਆਂ ਕੋਲ ਤੁਹਾਡੀ ਵੀ ਗੱਲ ਕਰਨਗੇ। ਇਹ ਲੋਕ ਹਰ ਇਕ ਨੁਕਸਾਨ ਨਿੰਦਣਗੇ।ਪਰ ਕਈ ਵਾਰ ਅਜਿਹੇ ਲੋਕ ਅਜਿਹਾ ਫਸਦੇ ਹਨ ਕਿ ਚੰਗੀ ਭਲੀ ਬਣੀ ਬਣਾਈ ਇਜ਼ੱਤ ਮਿੱਟੀ ਵਿੱਚ ਮਿਲ ਜਾਂਦੀ ਹੈ।ਇੰਜ ਹੀ ਜਿੰਨਾ ਨੂੰ ਪੈਸਿਆਂ ਵਿੱਚ ਚੂੰਡੀ ਲਗਾਉਣ ਦੀ ਆਦਤ ਹੋਵੇ ਉਹ ਕਿਸੇ ਨੂੰ ਵੀ ਨਹੀਂ ਬਖਸ਼ਦਾ।ਅਜਿਹੇ ਲੋਕ ਥੋੜੇ ਜਿਹੇ ਪੈਸੇ ਪਿੱਛੇ ਆਪਣੀ ਜ਼ਮੀਰ ਵੇਚ ਦਿੰਦੇ ਹਨ।ਕਈ ਵਾਰ ਹੈਰਾਨੀ ਹੁੰਦੀ ਕਿ ਚੰਗੇ ਭਲੇ ਵਿਖਾਈ ਦੇਣ ਵਾਲੇ,ਮਹਿੰਗੀਆਂ ਕਾਰਾਂ ਰੱਖਣ ਵਾਲੇ ਵੀ ਹਜਾਰ ਦੋ ਹਜ਼ਾਰ ਦੀ ਠੱਗੀ ਲਗਾਉਂਦੇ ਹਨ।

ਗੱਲ ਤਾਂ ਨਿਕਲ ਹੀ ਜਾਂਦੀ ਹੈ।ਕਈ ਹਰ ਕਿਸੇ ਤੇ ਸ਼ੱਕ ਕਰਨਗੇ। ਇਹ ਉਨ੍ਹਾਂ ਦੀ ਆਦਤ ਉਨ੍ਹਾਂ ਨੂੰ ਕਿਸੇ ਦੇ ਨਜ਼ਦੀਕ ਨਹੀਂ ਰਹਿਣ ਦਿੰਦੀ।ਰਿਸ਼ਤੇ ਵੀ ਵਧੇਰੇ ਕਰਕੇ ਖਰਾਬ ਹੋ ਜਾਂਦੇ ਹਨ। ਆਦਤਾਂ ਕਈ ਵਾਰ ਬਿਗਾਨਿਆਂ ਨੂੰ ਵੀ ਆਪਣਾ ਬਣਾ ਦਿੰਦੀਆਂ ਹਨ। ਆਦਤਾਂ ਇਜ਼ੱਤ ਕਰਵਾਉਂਦੀਆਂ ਹਨ ਅਤੇ ਦੂਸਰੇ ਪਾਸੇ ਇਜ਼ੱਤ ਦੀਆਂ ਧੱਜੀਆਂ ਵੀ ਉਡਾ ਦਿੰਦੀਆਂ ਹਨ।ਆਪਣਿਆਂ ਨੂੰ ਬੇਗਾਨੇ ਕਰ ਦਿੰਦੀਆਂ ਹਨ ਅਤੇ ਬਿਗਾਨਿਆਂ ਨੂੰ ਆਪਣਾ ਬਣਾ ਦਿੰਦੀਆਂ ਹਨ। ਥੋੜੇ ਵਿੱਚ ਕਹੀਏ ਤਾਂ ਆਦਤਾਂ ਡੋਬ ਵੀ ਦਿੰਦੀਆਂ ਹਨ ਅਤੇ ਬੇੜੀ ਪਾਰ ਵੀ ਲਗਾ ਦਿੰਦੀਆਂ ਹਨ।

ਪ੍ਰਭਜੋਤ ਕੌਰ ਢਿੱਲੋਂ

ਮੁਹਾਲੀ ਮੋਬਾਈਲ ਨੰਬਰ 9815030221

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਬੱਡੀ ਖੇਡਣ ਦੇ ਸ਼ੌਕ ਨੇ ਹੀ ਮੈਨੂੰ ਕਬੱਡੀ ਕਮੈਂਟੇਟਰ ਬਣਾ ਦਿੱਤਾ :- ਮਨਦੀਪ ਸਿੰਘ ਸਰਾਂ ਕਾਲੀਏ ਵਾਲਾ ।
Next articleਕੁਦਰਤ