(ਸਮਾਜ ਵੀਕਲੀ)
ਦਾਖਾਂ, ਕਾਜੂ ਵੀ ਨਾਲ਼ ਪਏ ਹੋਣ ਭਾਵੇਂ,
ਪਰ ਚੁੱਕਦਾ ਏ ਪਹਿਲਾਂ ਪਕੌੜੀਆਂ ਜੀ।
ਕਲਾਬਾਜੀਆਂ ਵਿਖਾਉਣੋ ਨਾ ਬਾਜ ਆਵੇ,
ਜਿੱਥੇ ਮਿਲ ਜਾਣ ਸੜ੍ਹਕਾਂ ਚੋੜੀਆਂ ਜੀ।
ਛਾਲ਼ਾਂ ਮਾਰ ਕੰਧਾ ਤੇ ਚੜ੍ਹੇ ਕੋਠੇ,
ਚੰਗੀ ਭਲੀਆਂ ਨੇ ਬੇਸ਼ੱਕ ਪੌੜੀਆਂ ਜੀ।
ਕਿਤੇ ਕੰਧ ‘ਚ ਗੱਡਣੀ ਕਿੱਲ ਪੈ ਜਏ,
ਇੱਟਾਂ-ਰੋੜੇ ਬਣਾ ਲਵੇ ਥੌੜ੍ਹੀਆਂ ਜੀ।
ਬਾਟਾ, ਸੀ ਕੇ, ਲਿਬਰਟੀ ਜਹੇ ਸ਼ੋ-ਰੂਮੀਂ,
ਫਿਰੇ ਭਾਲ਼ਦਾ ਖੁੱਸੇ ‘ਤੇ ਧੋੜੀਆਂ ਜੀ।
ਖਾਲੀ ਡੱਬਿਆਂ ‘ਤੇ ਤਬਲੇ ਦਾ ਝੱਸ ਲਾਹਵੇ,
ਸਾਂਭੀ ਰੱਖਦਾ ਏ ਕਈਂ ਕਈਂ ਜੋੜੀਆਂ ਜੀ।
ਕਦੇ ਬੰਸਰੀ ਜਹੀ ਬਣਾ ਲੈਂਦਾ,
ਕਰਕੇ ਬਾਂਸ ਦੇ ਵਿੱਚ ਮਘੋਰੀਆਂ ਜੀ।
ਪੰਜ-ਤਾਰਾ ‘ਚ ਬਹਿ ਕੇ ਵੀ ਪੈੱਗ ਲਾਇਆ,
ਪਰ ਬਰਫ਼ਾਂ ਹਿਲਾ ਕੇ ਹੀ ਖੋਰੀਆਂ ਜੀ।
ਫੌਜੀ ਕੱਟ ਹੈ ਆਪ ਕਰਾਈ ਫਿਰਦਾ,
ਭਾਲ਼ੇ ਧੀਆਂ ਤੋਂ ਗੁੱਤਾਂ ਵਿੱਚ ਡੋਰੀਆਂ ਜੀ।
ਕੋਈ ਪੁੱਛੇ ਘੜਾਮੇਂ ਕਿ “ਖਾਉਂਗੇ ਕੀ ?”
ਆਖੇ “ਧਰ ਲਵੋ ਘੀਆ ਜਾਂ ਤੋਰੀਆਂ ਜੀ।
ਕੋਠੀ ਰੋਮੀ ਨੇ ਪਾਈ ਸ਼ਹਿਰ ਵਿੱਚ ਭਾਵੇਂ,
ਪੈਰ ਪੂੰਝਣ ਨੂੰ ਰੱਖ ਲਈਆਂ ਬੋਰੀਆਂ ਜੀ।
ਲੱਖ ਬੁਰਾ ਪੈ ਜਏ, ਬਦਨਾਮ ਹੋਜੇ,
ਗੱਲਾਂ ਮੂੰਹ ਤੇ ਕਹਿ ਦਵੇ ਕੋਰੀਆਂ ਜੀ।
ਇਹਦੇ ਵਰਗਿਆਂ ਨੂੰ ਹੀ ਵੇਖ ਸ਼ਾਇਦ,
ਤੁੱਕਾਂ ਹੋਣੀਆਂ ਬਾਬੇ ਨੂੰ ਅਹੁੜੀਆਂ ਜੀ।
ਕਿ ‘ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ’।
ਰੋਮੀ ਘੜਾਮੇਂ ਵਾਲ਼ਾ
98552-81105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly