ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਮਿਤੀ 24 ਅਕਤੂਬਰ ਨੂੰ ਹੋਵੇਗਾ ‘ਸ਼ੁਕਰਾਨਾ ਸਮਾਗਮ’_ ਸਰਪੰਚ ਅਰਸ਼ਵਿੰਦਰ ਸਿੰਘ ਅਰਸ਼ ਵਿਰਕ

ਸਰਪੰਚ ਅਰਸ਼ਵਿੰਦਰ ਸਿੰਘ ਅਰਸ਼ ਵਿਰਕ
ਭਲੂਰ/ਬੇਅੰਤ ਗਿੱਲ (ਤਰਸੇਮ ਦੀਵਾਨਾ ) 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਪਿੰਡ ਭਲੂਰ ਅੰਦਰ ਨਵੀਂ ਪੰਚਾਇਤ ਚੁਣੀ ਜਾ ਚੁੱਕੀ ਹੈ। ਨੌਜਵਾਨ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਵਿਰਕ ਵੱਡੀ ਲੀਡ ਨਾਲ ਜਿੱਤਣ ਵਿਚ ਕਾਮਯਾਬ ਹੋਇਆ ਹੈ । ਪਿੰਡ ਦੇ ਚਾਰ ਵਾਰਡਾਂ ਵਿਚ ਆਪਸੀ ਸਹਿਮਤੀ ਨਾਲ ਚਾਰ ਪੰਚ ਚੁਣੇ ਗਏ ਅਤੇ ਸੱਤ ਵਾਰਡਾਂ ਦੇ ਪੰਚ ਚੋਣ ਮੁਕਾਬਲੇ ਦੌਰਾਨ ਚੁਣੇ ਗਏ ਹਨ। ਸਮੁੱਚੇ ਨਗਰ ਵੱਲੋਂ ਮਿਤੀ 24 ਅਕਤੂਬਰ ਦਿਨ ਵੀਰਵਾਰ ਨੂੰ ਗੁਰਦੁਆਰਾ ਸਰੋਵਰ ਸਾਹਿਬ ਵਿਖੇ ‘ਸ਼ੁਕਰਾਨਾ ਸਮਾਗਮ’ ਦਾ ਆਯੋਜਨ ਕੀਤਾ ਗਿਆ ਹੈ। ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਣਗੇ।
ਨਵ-ਨਿਯੁਕਤ ਸਰਪੰਚ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਵਿਰਕ ਨੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਮੂਹ ਭਲੂਰ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਦੀ ਜਿੱਤ ਆਮ ਲੋਕਾਂ ਦੀ ਜਿੱਤ ਹੈ। ਉਸਦੀ ਜਿੱਤ ਕਿਰਤੀ, ਕਿਸਾਨਾਂ, ਮਜ਼ਦੂਰਾਂ , ਦੁਕਾਨਦਾਰਾਂ ਤੇ ਐਨ ਆਰ ਆਈਜ਼ ਭਰਾਵਾਂ ਦੀ ਜਿੱਤ ਹੈ। ਇਸ ਜਿੱਤ ਤੋਂ ਪਿੰਡ ਦੀ ਬਿਹਤਰੀ ਦੀ ਇਬਾਰਤ ਲਿਖੀ ਜਾਣੀ ਹੈ। ਇਸ ਜਿੱਤ ਨੇ ਲੋਕਾਂ ਦੀ ਆਪਸੀ ਸਾਂਝ ਦੇ ਧਾਗਿਆਂ ਨੂੰ ਕੱਸ ਕੇ ਬੰਨ੍ਹਣ ਦੇ ਰੋਲ ਅਦਾ ਕਰਨੇ ਹਨ। ਇਹ ਜਿੱਤ ਪਿੰਡ ਨੂੰ ਖੁਸ਼ਹਾਲੀ ਦੇਣ ਦੇ ਸਮਰੱਥ ਹੈ। ਆਪਣੇ ਸ਼ਬਦਾਂ ਨੂੰ ਤਰਤੀਬ ਵਿੱਚ ਬੋਲਦਿਆਂ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਾਹਿਗੁਰੂ ਵੱਲੋਂ ਮਿਲੀ ਖੁਸ਼ੀ ਨੂੰ ਸਾਰੀ ਸੰਗਤ ਨਾਲ ਸਾਂਝੀ ਕਰਨ ਲਈ ਉਕਤ ਸ਼ੁਕਰਾਨਾ ਸਮਾਗਮ ਉਲੀਕਿਆ ਗਿਆ ਹੈ। ਸਰਪੰਚ ਨੇ ਅੱਗੇ ਦੱਸਿਆ ਕਿ ਮਿਤੀ 24 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਕਰਾਨੇ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਨ ਹਿੱਤ ਸਮੁੱਚੀ ਭਲੂਰ ਪੰਚਾਇਤ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਵੇਗੀ। ਇਸ ਮੌਕੇ ਸਰਪੰਚ ਵਿਰਕ ਨੇ ਪਿੰਡ ਦੀਆਂ ਸਮੂਹ ਧਾਰਮਿਕ, ਸਮਾਜਿਕ ਅਤੇ ਹੋਰ ਕਲੱਬ ਜਾਂ ਵੱਖ- ਵੱਖ ਸੰਸਥਾਵਾਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਬੇਨਤੀ ਕੀਤੀ ਕਿ ਆਓ ਸਾਰੇ ਇਕਜੁੱਟ ਹੋ ਕੇ ਗੁਰੂ ਸਾਹਿਬ ਜੀ ਦਾ ਥਾਪੜਾ ਲੈ ਕੇ ਪਿੰਡ ਦੀ ਭਲਾਈ ਲਈ ਵਚਨਬੱਧ ਹੋਈਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਨਿਰਾਦਰੀ
Next articleਉਦਯੋਗਿਕ ਸ਼ਰਾਬ ਉਤਪਾਦਨ ‘ਤੇ ਕਾਨੂੰਨ ਬਣਾਉਣ ਦੀ ਰਾਜ ਦੀ ਸ਼ਕਤੀ ਨਹੀਂ ਖੋਹੀ ਜਾ ਸਕਦੀ, SC ਨੇ ਪੁਰਾਣੇ ਫੈਸਲੇ ਨੂੰ ਪਲਟ ਦਿੱਤਾ