ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਪੰਜਾਬ ਦਾ ਵਾਤਾਵਰਣ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ ਪ੍ਰੰਤੂ ਮੁੱਖ ਕਾਰਨ ਪੰਜਾਬ ਵਿਚ ਘਟ ਰਹੀ ਰੁੱਖਾਂ ਦੀ ਗਿਣਤੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਵਾਤਾਵਰਣ ਪ੍ਰੇਮੀ ਤੇ ਸਮਾਜ ਸੇਵੀ ਜਸਵੀਰ ਸਿੰਘ ਵਾਟਾਂ ਵਾਲੀ ਨੇ ਖੇਡ ਮੈਦਾਨ ਵਾਟਾਂ ਵਾਲੀ ਵਿਖੇ ਗੁਰੂ ਨਾਨਕ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਬੂਟੇ ਲਗਾਉਂਦੇ ਹੋਏ ਕੀਤਾ। ਉਹਨਾਂ ਕਿਹਾ ਕਿ ਮਨੁੱਖੀ ਅਣਗਹਿਲੀ ਕਾਰਨ ਵਾਤਾਵਰਣ ਨਾਲ ਸਬੰਧਿਤ ਖਤਰੇ ਦਿਨੋਂ-ਦਿਨ ਵਧ ਰਹੇ ਹਨ। ਸਾਨੂੰ ਚਾਹੀਦਾ ਹੈ ਕਿ ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਉਪਰਾਲੇ ਕਰੀਏ। ਉਹਨਾਂ ਕਿਹਾ ਕਿ ਜੇਕਰ ਮੌਜੂਦਾ ਸਮੇਂ ਧਰਤੀ ਦੀ ਸੰਭਾਲ ਨਾ ਕੀਤੀ ਗਈ ਤਾਂ ਆਉਣ ਵਾਲੀਆਂ ਪੀੜੀਆਂ ਲਈ ਪ੍ਰਦੂਸ਼ਿਤ ਧਰਤੀ ਤੇ ਜਿਉਣਾ ਦੁਸ਼ਵਾਰ ਹੋ ਜਾਵੇਗਾ ਇਸ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਕੁਦਰਤ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਭ ਨੂੰ ਯਤਨ ਕਰਨੇ ਚਾਹੀਦੇ ਹਨ ਅਤੇ ਸਾਨੂੰ ਆਪਣੇ ਦਿਨ-ਤਿਉਹਾਰ ਰੁੱਖ ਲਗਾ ਕੇ ਮਨਾਉਣੇ ਚਾਹੀਦੇ ਹਨ। ਉਹਨਾਂ ਦੱਸਿਆ ਕਿ ਦਿਨੋਂ ਦਿਨ ਵਧ ਰਿਹਾ ਪ੍ਰਦੂਸ਼ਣ ਸਾਡੇ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਪ੍ਰੰਤੂ ਵੱਧ ਤੋਂ ਵੱਧ ਬੂਟੇ ਲਗਾ ਕੇ ਧਰਤੀ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ ਅਤੇ ਸਾਡੀ ਸਾਰਿਆਂ ਦੀ ਵੱਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਪ੍ਰਦੂਸ਼ਣ ਨੂੰ ਰੋਕਣ ਲਈ ਪੂਰੀ ਇਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਨਿਭਾਈਏ। ਉਹਨਾਂ ਦੱਸਿਆ ਕਿ ਹਰ ਸਾਲ ਗੁਰੂ ਨਾਨਕ ਸਪੋਰਟਸ ਕਲੱਬ ਦੇ ਨੌਜਵਾਨਾਂ ਵੱਲੋਂ ਵੱਡੀ ਤਾਦਾਦ ਵਿੱਚ ਬੂਟੇ ਲਗਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਕੇ ਕਾਮਯਾਬ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਇਸ ਵਾਰ ਵੀ ਨੌਜਵਾਨਾਂ ਨੇ ਭਾਰੀ ਉਤਸ਼ਾਹ ਵਿਖਾਉਂਦੇ ਹੋਏ ਖੇਡ ਮੈਦਾਨ ਤੇ ਸਕੂਲ ਵਿੱਚ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਹਨ।ਇਸ ਮੌਕੇ ਗੁਰਮੇਲ ਸਿੰਘ, ਕੁਲਵੰਤ ਸਿੰਘ, ਮਲਕੀਤ ਸਿੰਘ, ਜਸਵੀਰ ਸਿੰਘ, ਸੋਨੀ ਵਿਰਦੀ, ਸੁੱਖਾ, ਅਰਸ਼ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly