ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਦੰਦਾਂ ਦੀਆਂ ਬਿਮਾਰੀਆਂ ਤੇ ਆਪ੍ਰੇਸ਼ਨਾਂ ਦੇ ਮਾਹਿਰ ਡਾਕਟਰ ਜਗਜੀਤ ਸਿੰਘ ਐਮ ਡੀ ਐਸ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿੱਚ ਦੰਦਾਂ ਦੇ ਵਿਭਾਗ ਦਾ ਚਾਰਜ ਸੰਭਾਲ ਕੇ ਮਰੀਜਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਜਾਣਕਾਰੀ ਹਸਪਤਾਲ ਪ੍ਰਬੰਧਕੀ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਡਾਕਟਰ ਜਗਜੀਤ ਸਿੰਘ ਨੇ ਦੰਦਾਂ ਦੀਆਂ ਬਿਮਾਰੀਆਂ ਤੇ ਆਪ੍ਰੇਸ਼ਨਾਂ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਉਹ ਨਵੇਂ ਦੰਦ ਲਗਾਉਣ, ਤਾਰ ਪਾ ਕੇ ਦੰਦ ਸਿੱਧੇ ਕਰਨ ਸਮੇਤ ਹਰ ਤਰ੍ਹਾਂ ਦੇ ਦੰਦਾਂ ਦੀਆਂ ਬਿਮਾਰੀਆਂ ਤੋਂ ਇਲਾਵਾ ਮੈਕਸੀਲੋਫੇਸ਼ੀਅਲ ਸਰਜਰੀ (ਐਕਸੀਡੈਂਟ ਵਿੱਚ ਟੁੱਟੇ ਹੋਏ ਦੰਦਾਂ ਅਤੇ ਟੁੱਟੇ ਹੋਏ ਜਬਾੜੇ ਦਾ ਇਲਾਜ) ਅਤੇ ਦੰਦਾਂ ਦੇ ਇੰਪਲਾਂਟ ਦੇ ਮਾਹਿਰ ਡਾਕਟਰ ਹਨ। ਇਸ ਤੋਂ ਪਹਿਲਾਂ ਉਹ ਵੱਡੇ-ਵੱਡੇ ਹਸਪਤਾਲਾਂ ਵਿੱਚ ਵੀ ਆਪਣੀਆ ਸੇਵਾਵਾਂ ਦੇ ਚੁੱਕੇ ਹਨ। ਉਹਨਾਂ ਹੋਰ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਦੰਦਾਂ ਦੇ ਵਿਭਾਗ ਵਿੱਚ ਆਧੁਨਿਕ ਡਿਜੀਟਲ ਕੰਪਿਊਟਰਾਈਜ਼ਡ ਐਕਸ-ਰੇਅ ਨਾਲ ਲੈਸ ਚੇਅਰਾਂ ਹਨ। ਜਿਥੇ ਦੰਦਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਰੀਜਾਂ ਦਾ ਵਧੀਆ ਇਲਾਜ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਲੋੜਵੰਦ ਮਰੀਜ ਸਵੇਰੇ 9 ਵਜੇ ਤੋਂ 3 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਹੁੰਚ ਕੇ ਆਪਣੇ ਦੰਦਾਂ ਦਾ ਇਲਾਜ ਕਰਵਾ ਸਕਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly