ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ (ਈ.ਐਸ.ਆਈ.) ਸਿਹਤ ਸਕੀਮ ਆਰੰਭ

ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਹਸਪਤਾਲ ਵਿਖੇ ਈ.ਐਸ.ਆਈ. ਦੇ ਮੈਡੀਕਲ ਅਫਸਰ ਡਾ. ਉਤਕਰਸ਼, ਮੈਨੇਜਰ ਸੰਤ ਰਾਮ ਅਤੇ ਸਟਾਫ ਦਾ ਸਨਮਾਨ ਕਰਦੇ ਹੋਏ ਸ ਕੁਲਵਿੰਦਰ ਸਿੰਘ ਢਾਹਾਂ, ਨਾਲ ਹਨ ਡਾ. ਜਸਦੀਪ ਸਿੰਘ ਸੈਣੀ, ਮਹਿੰਦਰਪਾਲ ਸਿੰਘ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਦੇ ਪੇਂਡੂ ਇਲਾਕੇ ਵਿਚ ਉੱਚ ਪੱਧਰੀ ਮੈਡੀਕਲ ਸੇਵਾਵਾਂ ਦੇ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਭਾਰਤ ਸਰਕਾਰ ਦੀ ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ ਅਧੀਨ ਹੁਣ ਮੈਡੀਕਲ ਇਲਾਜ ਸੇਵਾਵਾਂ ਮਿਲਣੀਆਂ ਆਰੰਭ ਹੋ ਗਈਆਂ ਹਨ । ਇਸ ਮੌਕੇ ਅੱਜ ਕਰਮਚਾਰੀ ਰਾਜ ਬੀਮਾ ਯੋਜਨਾ ਵਿਭਾਗ ਵੱਲੋਂ ਆਪਣੇ 74ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਜਾਗਰੁਕਤਾ ਕੈਂਪ ਹਸਪਤਾਲ ਵਿਖੇ ਲਗਾਇਆ ਗਿਆ। ਇਸ ਮੌਕੇ ਈ.ਐਸ.ਆਈ. ਦੇ ਮੈਡੀਕਲ ਅਫਸਰ ਡਾ. ਉਤਕਰਸ਼ ਅਤੇ ਸ੍ਰੀ ਸੰਤ ਰਾਮ ਮਨੈਜਰ ਨਵਾਂਸ਼ਹਿਰ-ਰੋਪੜ ਜ਼ੋਨ ਨੇ ਢਾਹਾਂ ਕਲੇਰਾਂ ਹਸਪਤਾਲ ਵਿਖੇ ਸਰਕਾਰ ਵੱਲੋਂ ਕਰਮਚਾਰੀਆਂ ਨੂੰ ਸਮਾਜਿਕ ਅਤੇ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਲਈ ਚਲਾਈ ਜਾ ਰਹੀ ਇਸ ਸਕੀਨ ਅਧੀਨ ਮਿਲਦੇ ਲਾਭਾਂ ਬਾਰੇ ਸਮੂਹ ਹਸਪਤਾਲ ਦੇ ਕਰਮਚਾਰੀਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਇਹ ਸਕੀਮ ਕਰਮਚਾਰੀ ਰਾਜ ਬੀਮਾ ਨਿਗਮ ਦੁਆਰਾ ਉਹਨਾਂ ਕਰਮਚਾਰੀਆਂ ਲਈ ਚਲਾਈ ਜਾਂਦੀ ਹੈ ਜੋ ਪ੍ਰਾਈਵੇਟ ਅਦਾਰਿਆਂ, ਕਾਰਖਾਨਿਆਂ, ਸਕੂਲਾਂ, ਹਸਪਤਾਲਾਂ ਆਦਿ ਵਿੱਚ ਕੰਮ ਕਰਦੇ ਹਨ ਅਤੇ ਜਿਹਨਾਂ ਦੀ ਤਨਖਾਹ 21 ਹਜ਼ਾਰ ਰੁਪਏ ਤੱਕ ਤੋਂ ਘੱਟ ਹੈ । ਹੁਣ ਇਹ ਸਕੀਮ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਰਮਚਾਰੀਆਂ ਲਈ ਆਰੰਭ ਹੋ ਗਈ ਹੈ । ਜਿਸ ਵਿੱਚ ਕਰਮਚਾਰੀ ਨੂੰ ਈ ਪਹਿਚਾਣ ਪੱਤਰ ਜਾਰੀ ਕੀਤਾ ਜਾਂਦਾ ਹੈ। ਇਸ ਵਿਚ ਕਰਮਚਾਰੀ ਤੋਂ ਇਲਾਵਾ ਉਸ ਦੇ ਆਸ਼ਰਿਤ ਪਰਿਵਾਰਕ ਮੈਂਬਰਾਂ ਨੂੰ ਵੀ ਮੁਫ਼ਤ ਇਲਾਜ ਦੀ ਸਹੂਲਤ ਮਿਲਦੀ ਹੈ । ਬੁਲਾਰਿਆਂ ਨੇ ਈ.ਐਸ.ਆਈ ਕਾਰਡ ਧਾਰਕਾਂ ਨੂੰ ਇਸ ਲਈ ਆਪਣੇ ਪਰਿਵਾਰ ਦੇ ਮੈਂਬਰਾਂ ਬਾਰੇ ਸਹੀ ਜਾਣਕਾਰੀ ਸੂਚੀ ਵਿਚ ਦਰਜ ਕਰਵਾਉਣ ਲਈ ਕਿਹਾ ਤਾਂ ਜੋ ਐਮਰਜੈਂਸੀ ਹਾਲਾਤਾਂ ਵਿਚ ਉਹ ਕਰਮਚਾਰੀ ਰਾਜ ਸੁਰੱਖਿਆ ਬੀਮਾ ਸਰੁੱਖਿਆ ਯੋਜਨਾ ਅਧੀਨ ਮਿਲਦੇ ਮੈਡੀਕਲ ਲਾਭ, ਬਿਮਾਰੀ ਲਾਭ, ਜਣੇਪਾ ਲਾਭ, ਨਿਰਭਰ ਲਾਭ ਆਦਿ ਬਿਨਾਂ ਕਿਸੇ ਸਮੱਸਿਆ ਦੇ ਪ੍ਰਾਪਤ ਕਰ ਸਕਣ। ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਨੇ ਕਰਮਚਾਰੀ ਰਾਜ ਬੀਮਾ ਯੋਜਨਾ ਵਿਭਾਗ ਦੀ ਟੀਮ ਦਾ ਸਵਾਗਤ ਕੀਤਾ ਅਤੇ ਹਸਪਤਾਲ ਵਿਖੇ ਮਿਲਦੀਆਂ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ । ਦਫਤਰ ਸੁਪਰਡੈਂਟ ਮਹਿੰਦਰ ਪਾਲ ਸਿੰਘ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੰਮ ਕਰਦੇ ਕਰਮਚਾਰੀਆਂ ਨੂੰ ਇਸ ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ ਦਾ ਲਾਭ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਦਿੱਤੀ ਅਤੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਕਰਮਚਾਰੀ ਰਾਜ ਬੀਮਾ ਯੋਜਨਾ ਵਿਭਾਗ ਟੀਮ ਦਾ ਸਨਮਾਨ ਕੀਤਾ ਅਤੇ ਹਸਪਤਾਲ ਵਿਖੇ ਕਰਮਚਾਰੀਆਂ ਨੂੰ ਕਰਮਚਾਰੀ ਰਾਜ ਬੀਮਾ ਸੁਰੱਖਿਆ ਯੋਜਨਾ ਸਬੰਧੀ ਜਾਗਰੁਕ ਕਰਨ ਦੇ ਕਾਰਜ ਦੀ ਸ਼ਾਲਾਘਾ ਕੀਤੀ । ਇਸ ਮੌਕੇ ਸ੍ਰੀ ਸ਼ਿਵਮ ਕੁਮਾਰ ਫਾਰਮਾਸਿਸਟ, ਸ. ਦਵਿੰਦਰ ਸਿੰਘ ਕਲਰਕ, ਸ. ਹਰਦੀਪ ਸਿੰਘ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਸ. ਕਮਲਜੀਤ ਸਿੰਘ ਅਕਾਊਟੈਂਟ ਤੋਂ ਇਲਾਵਾ ਹਸਪਤਾਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵੱਖ ਵੱਖ ਪਿੰਡਾਂ ਦੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ 15 ਮਾਰਚ ਨੂੰ ਪੰਜਾਬ ਸੰਭਾਲੋ ਰੈਲੀ ਵਿੱਚ ਵਰਕਰ ਅਤੇ ਸਮਰਥਕ ਲੈਕੇ ਪੁੱਜਣ
Next articleਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਗੀਤ ਲੈਕੇ ਗਾਇਕ ਸਰਬਜੀਤ ਸਹੋਤਾ