(ਸਮਾਜ ਵੀਕਲੀ)
ਕਿਤੇ ਭੁੱਲ ਨਾਂ ਜਾਇਓ।
ਪੋਹ ਮਹੀਨੇ ਦੀਆਂ ਸ਼ਹਾਦਤਾਂ ਨੂੰ,
ਸ਼ਰਧਾ ਨਾਲ ਸੀਸ ਝੁਕਾਇਓ।
ਆਪਣੇ ਨੰਨ੍ਹੇ ਮੁੰਨੇ ਬੱਚਿਆਂ ਨੂੰ,
ਵਿਰਸੇ ਆਪਣੇ ਤੋਂ ਜਾਣੂ ਕਰਾਇਓ।
ਦੱਸਿਓ ਕਿ
ਪਹਾੜੀ ਰਾਜਿਆਂ ਦੇ ਝੂਠੇ ਵਾਦਿਆਂ,
ਕਿਲਾ ਅਨੰਦ ਗੜ੍ਹ ਸੀ ਛੁਡਵਾਇਆ।
ਸਰਸਾ ਨਦੀ ਤੇ ਧੋਖੇ ਨਾਲ ਵਾਰ ਕਰ,
ਗੁਰ-ਪਰਿਵਾਰ ‘ਚ ਵਿਛੋੜਾ ਸੀ ਪਾਇਆ।
ਮਾਂ ਗੁਜਰੀ ਤੇ ਛੋਟੇ ਪੋਤਿਆਂ ਨਾਲ ਸੀ,
ਲਾਲਚੀ ਗੰਗੂ ਰਸੋਈਏ ਦਗਾ ਕਮਾਇਆ।
ਦੱਸਿਓ ਕਿ
ਬਾਲ ਗੋਬਿੰਦ ਦੇ ਫ਼ਰਜੰਦ ਪਿਆਰੇ,
ਕਿਵੇਂ ਜਾਲਮਾਂ ਕੰਧ’ਚ ਸੀ ਚਿਣਵਾਤੇ।
ਸੱਤ -ਨੌਂ ਸਾਲ ਦੇ ਬਾਲਾਂ ਨੇ ਕਿਵੇਂ,
ਤੋਤਲੀ ਜ਼ੁਬਾਨ ‘ਚ ਸੀ ਲਲਕਾਰੇ ਲਾਤੇ।
“ਨੀਹਾਂ ਚ ਚਿਣਾਦੇ ਭਾਵੇਂ, ਭਾਵੇਂ ਜਾਨੋਂ ਮਾਰਦੇ
ਪੁੱਤ ਹਾਂ ਗੋਬਿੰਦ ਦੇ ਕਦੇ ਸਿਦਕੋਂ ਨੀਂ ਹਾਰਦੇ।”
ਦੱਸਿਓ ਕਿ
ਨੀਹਾਂ ਚ ਚਿਣਵਾ ਮਾਸੂਮਾਂ ਨੂੰ,
ਨੀਂਹ ਮੁਗਲ ਸਾਮਰਾਜ ਦੀ ਸੀ ਹਿੱਲੀ।
ਬੰਦਾ ਸਿੰਘ ਬਹਾਦੁਰ ਨੇ ਫੇਰ ਸੀ ,
ਸਰਹੰਦ ਦੀ ਇੱਟ ਨਾਲ ਇੱਟ ਖੜਕਾਤੀ।
ਠੰਡਾ ਬੁਰਜ ਤੇ ਕੰਧ ਸਰਹੰਦ ਦੀ,
ਸ਼ਾਅਦੀ ਦਾਦੀ-ਪੋਤਿਆਂ ਦੇ ਈਮਾਨਾਂ ਦੀ ਭਰਦੇ ।
ਦੱਸਿਓ ਕਿ
ਅਜੀਤ ਸਿੰਘ ਤੇ ਜੁਝਾਰ ਸਿੰਘ ਬੀਰਾਂ ਨੇ,
ਕਿਵੇਂ ਦੁਸ਼ਮਣ ਫੌਜਾਂ ਨੂੰ ਭਾਜੜ੍ਹਾਂ ਸੀ ਪਾਈਆਂ।
ਮੁਗਲਾਂ ਦੇ ਲਾਹ ਆਹੂ ਸਾਹਿਬਜ਼ਾਦਿਆਂ ਨੇ,
ਚਮਕੌਰ ਦੀ ਜੰਗ ‘ਚ ਸ਼ਹੀਦੀਆਂ ਪਾਈਆਂ।
ਦੇ ਸ਼ਹਾਦਤਾਂ ਲਾਸਾਨੀ ਵਿੱਚ ਜੰਗ ਦੇ,
“ਗੜ੍ਹੀ ਚਮਕੌਰ ਦੀ”ਦੁਨੀਆਂ’ਚ ਅਮਰ ਕਰਵਾਤੀ।
ਦੱਸਿਓ ਕਿ
ਹਰ ਸਾਲ ਜਦੋਂ ਪੋਹ ਮਾਹ ਹੈ ਆਉਂਦਾ
ਧੁਰ ਅੰਦਰ ਤੱਕ ਰੂਹ ਸਾਡੀ ਕੰਬਾਉਂਦਾ।
ਸਿਦਕ ਈਮਾਨੋਂ ਨਹੀਂ ਹੁਣ ਡੋਲਣਾ ਤੁਸੀ,
“ਸਾਕਾ ਸਰਹੰਦ ਦਾ” ਅੱਜ ਵੀ ਯਾਦ ਕਰਾਉਂਦਾ।
“ਗੜ੍ਹੀ ਚਮਕੌਰ ਦੀ “ਅੱਜ ਵੀ ਆਖੇ ਸਾਨੂੰ,
ਜਬਰ ਜ਼ੁਲਮ ਤੁਸੀ ਕਿਸੇ ਦਾ ਸਹਾਰਨਾ ਨਹੀਂ।
ਦੱਸਿਓ ਕਿ
ਬਾਜਾਂ ਵਾਲੇ ਦਸਮ ਪਿਤਾ ਨੇ ਜੋ ਪਾਏ ਪੂਰਨੇ,
ਉਸੇ ਰਾਹ ਤੇ ਚੱਲ ਬਣਨਾ ਸੱਚੇ ਵਾਰਿਸ ਆਪਾਂ।
ਨਿਰੀ ਵੇਸ਼ ਭੂਸ਼ਾ ਬਖਸ਼ੀ ਹੀ ਨੀਂ ਅਪਨਾਉਣੀ ,
ਵਿਚਾਰਧਾਰਾ ਗੁਰੂ ਦੀ ਦਿਲੋਂ ਅਪਨਾਉਣੀ ਆਪਾਂ।
ਕਥਨੀ ਕਰਨੀ ਚ ਫ਼ਰਕ ਨਾਂ ਰਹੇ ਕੋਈ,
ਮਜ਼ਲੂਮਾਂ ਤੇ ਕਹਿਰ ਵੀ ਕਦੇ ਨੀਂ ਢਾਹੁਣੀ ਆਪਾਂ ।
ਦੱਸਿਓ ਕਿ
ਗੁਰੂ ਗੋਬਿੰਦ ਸਾਹਿਬ ਨੇ ਥਾਪ ਖਾਲਸਾ,
ਥਾਪਨਾ ਦਿੱਤੀ ਸੀ ਖ਼ੁਦ ਪੰਜ ਪਿਆਰਿਆਂ ਨੂੰ।
ਸ੍ਰੀ ਗੁਰੂ ਗ੍ਰੰਥ ਸਾਹਿਬ ਕਰੂ ਰਾਹਨੁਮਾਈ ਥੋਡੀ,
ਦੇਹਧਾਰੀ ਗੁਰੂ ਨਹੀਂ ਮੰਨਣਾ ਹੋਰ ਤੁਸੀ ਕੋਈ।
ਮਹਾਨ ਸਿੱਖੀ ਵਿਰਸੇ ਦੀ ਤੁਸੀ ਸਾਰ ਲੈਣੀ,
ਭੇਖ ਪਾਖੰਡ ਤਿਆਗ ਸਾਰੇ ਸੱਚੇ ਰੱਬ ਤੇ ਰੱਖਣੀ ਓਟ ਤੁਸੀ।
ਬੀਨਾ ਬਾਵਾ, ਲੁਧਿਆਣਾ।