(ਸਮਾਜ ਵੀਕਲੀ)
*ਸਤਿਗੁਰ ਨਾਨਕ ਪ੍ਰਗਟਾਇਆ, ਮਿਟੀ ਧੁੰਦ ਜਗੁ ਚਾਨਣ ਹੋਆ।।*
*ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।।*
ਜਿਸ ਤਰ੍ਹਾਂ ਰਾਤ ਦਾ ਹਨੇਰਾ ਤੇ ਧੁੰਦ ਭਰੀ ਸਥਿਤੀ ਨੂੰ ਦੂਰ ਕਰਨ ਲਈ ਸੂਰਜ ਉਦੈ ਹੁੰਦਾ ਹੈ, ਉਸੇ ਤਰ੍ਹਾਂ ਜਦੋਂ ਦੁਨੀਆਂ ਤੇ ਪਾਪ, ਜਬਰ, ਵਹਿਮ-ਭਰਮ, ਟੂਣੇ-ਟਾਮਣ, ਊਚ-ਨੀਚ, ਜਾਤ-ਪਾਤ ਦਾ ਹਨੇਰਾ ਜਾਂ ਧੁੰਦ ਪਸਰੀ ਹੋਵੇ ਤਾਂ ਉਸ ਸਮੇਂ ਇਹਨਾਂ ਅੰਧਕਾਰਾਂ ਦੇ ਪਸਰੇ ਹਨੇਰੇ ਜਾਂ ਧੁੰਦ ਨੂੰ ਮਿਟਾਉਣ ਲਈ ਕਿਸੇ ਨਾ ਕਿਸੇ ਰਹਿਬਰ ਨੂੰ ਪ੍ਰਗਟ ਹੋਣਾ ਪੈਂਦਾ ਹੈ। 15ਵੀਂ ਸਦੀ ਦਾ ਯੁੱਗ ਵੀ ਕੁਝ ਇਸ ਤਰ੍ਹਾਂ ਦਾ ਹੀ ਸੀ, ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਵਰਗੇ ਰਹਿਬਰਾਂ ਨੂੰ ਇਸ ਧੰਦੂਕਾਰੇ ਨੂੰ ਮਿਟਾਉਣ ਲਈ ਸੂਰਜ ਬਣ ਕੇ ਪ੍ਰਗਟ ਹੋਣਾ ਪਿਆ।
ਬੇਸ਼ੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਬੰਧੀ ਵੱਖ ਵੱਖ ਮੱਤ ਹਨ। ਫਿਰ ਵੀ ਬਹੁਗਿਣਤੀ ਮੱਤ ਅਨੁਸਾਰ ਉਹਨਾਂ ਦਾ ਜਨਮ 1469 ਈਸਵੀ (ਕੱਤਕ ਦੀ ਪੂਰਨਮਾਸੀ) ਨੂੰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਤੇ ਪਿਤਾ ਕਲਿਆਣ ਚੰਦ ਮਹਿਤਾ ਜੀ ਦੇ ਘਰ ਰਾਇ-ਭੋਇ ਦੀ ਤਲਵੰਡੀ ਜੋ ਕਿ ਅਜੋਕੇ ਸਮੇਂ ਵਿੱਚ ਨਨਕਾਣਾ ਸਾਹਿਬ (ਪਾਕਿਸਤਾਨ)ਦੇ ਨਾ ਨਾਲ ਜਾਣਿਆ ਜਾਂਦਾ ਹੈ, ਵਿਖੇ ਹੋਇਆ। ਆਪ ਦੇ ਪਿਤਾ ਜੀ ਉਸ ਸਮੇਂ ਪਟਵਾਰੀ ਦੀ ਨੌਕਰੀ ਕਰਦੇ ਸਨ। ਬੇਬੇ ਨਾਨਕੀ ਆਪ ਦੀ ਵੱਡੀ ਭੈਣ ਸਨ।
ਬੇਸ਼ੱਕ ਆਪ ਨੂੰ ਰਸਮੀ ਵਿੱਦਿਆ ਪ੍ਰਾਪਤ ਕਰਨ ਲਈ ਪੰਡਿਤ ਗੋਪਾਲ ਜੀ ਤੇ ਪੰਡਿਤ ਬ੍ਰਿਜਨਾਥ ਸ਼ਰਮਾ ਜੀ ਕੋਲ ਭੇਜਿਆ ਗਿਆ ਪਰ ਆਪ ਨੇ ਰਸਮੀ ਵਿੱਦਿਆ ਬਾਬਤ ਆਪਣੇ ਵਿਚਾਰ ਪ੍ਰਗਟ ਕਰਕੇ ਉਹਨਾ ਨੂੰ ਵੀ ਪ੍ਰਭਾਵਿਤ ਕੀਤਾ। ਚੜਦੀ ਵਰੇਸੇ ਆਪ ਨੂੰ ਘਰਦਿਆਂ ਨੇ ਘਰੇਲੂ ਕੰਮਾਂ ਵਿੱਚ ਪਾਉਣ ਲਈ ਸੁਲਤਾਨਪੁਰ ਵਿਖੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਕਰਨ ਲਈ ਲਾਇਆ ਪਰ ਆਪ ਲਈ ਇਹ ਰਚਨਾਤਮਕ ਸਮਾਂ ਹੋਣ ਕਾਰਨ ਆਪ ਦਾ ਮਨ ਸੰਸਾਰੀ ਕੰਮਾਂ ਵਿੱਚ ਨਾ ਲੱਗਾ। ਇੱਥੇ ਰਹਿੰਦਿਆਂ ਹੀ ਆਪ ਕੁੱਝ ਸਮੇਂ ਲਈ ਘਰੋਂ ਬਾਹਰ ਚਲੇ ਗਏ,ਜਿਸ ਨੂੰ ਲੋਕਾਈ ਨੇ ਵੇਈਂ ਨਦੀ ਵਿੱਚ ਇਸਨਾਨ ਦੌਰਾਨ ਤਿੰਨ ਦਿਨ ਅਲੋਪ ਰਹਿਣਾ ਤੇ ਇੱਥੋਂ ਹੀ ਆਪ ਨੂੰ ਗਿਆਨ ਪ੍ਰਾਪਤ ਹੋਣਾ ਦੱਸਿਆ ਪਰ ਆਪ ਵਰਗੇ ਰਹਿਬਰਾਂ ਨੂੰ ਧੁਰ ਦਰਗਾਹੋਂ ਹੀ ਗਿਆਨ ਪ੍ਰਾਪਤੀ ਹੁੰਦੀ ਹੈ।
ਅੱਜ ਜਦੋਂ ਅਸੀਂ ਉਹਨਾਂ ਦਾ 552ਵਾਂ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਆਪਣੇ ਗੁਰੂ ਘਰਾਂ ਤੋਂ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਉਪਦੇਸ਼ ਦੇ ਰਹੇ ਹਾਂ ਤੇ ਉਹਨਾਂ ਨਾਲ ਜੁੜਨ ਦਾ ਸੱਦਾ ਦੇ ਰਹੇ ਹਾਂ ਤਾਂ ਸਾਨੂੰ ਖੁਦ ਬਹੁਤ ਕੁਝ ਸੋਚਣ, ਸਮਝਣ ਤੇ ਸਿੱਖਿਅਤ ਹੋਣ ਦੀ ਲੋੜ ਮਹਿਸੂਸ ਹੋਣੀ ਚਾਹੀਦੀ ਹੈ। ਉਹਨਾਂ ਦੀਆਂ ਸਿੱਖਿਆਵਾਂ ਨਾਲ ਖੁਦ ਜੁੜੇ ਬਗੈਰ ਅਤੇ ਇਹਨਾਂ ਤੇ ਅਮਲ ਕੀਤੇ ਬਗੈਰ ਸਾਰੇ ਵਿਖਿਆਨ ਹੀ ਥੋਥੇ ਜਾਪਦੇ ਹਨ।
ਗੁਰੂ ਬਾਬਾ ਜੀ, ਜਦੋਂ ਤੁਸੀਂ ਆਪਣੀਆਂ ਯਾਤਰਾਵਾਂ (ਉਦਾਸੀਆਂ) ਤੇ ਤੁਰੇ ਸੀ ਤਾਂ ਤੁਸੀਂ ਆਪਣੇ ਜੀਵਨ ਤੇ ਇਸ ਜਹਾਨ ਤੋਂ ਉਪਰਾਮ ਹੋ ਕੇ ਪਹਾੜੀਂ ਜਾ ਚੜੇ ਨਾਥਾਂ ਜੋਗੀਆਂ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਉਹਨਾਂ ਨੂੰ ਸਾਂਤ ਕੀਤਾ ਸੀ। ਆਪ ਨੇ ਕਿਹਾ ਸੀ,
*ਜਬ ਲਗ ਦੁਨੀਆਂ ਰਹੀਐ ਨਾਨਕ*
*ਕਿਛੁ ਸੁਣੀਐ ਕਿਛੁ ਕਹੀਐ। ।*
ਪਰ ਅੱਜ ਅਸੀਂ ਫਿਰ ਭੋਰਿਆਂ ਚ ਵੜ ਉਹੀ ਭਗਤੀ ਮਾਰਗ ਲੱਭ ਕੇ ਦੁਨੀਆਂ ਨੂੰ ਉਪਦੇਸ਼ ਦੇ ਰਹੇ ਹਾਂ ਪਰ ਆਪ ਕਿਸੇ ਦੀ ਸੁਣਦੇ ਨਹੀਂ। ਕਿਉਂਕਿ ਅਸੀਂ ਆਪ ਦੀ ਗੋਸ਼ਟ ਵਾਲੀ ਵਿਚਾਰਧਾਰਾ ਨੂੰ ਸਮਝਣ ਤੇ ਸੋਚਣ ਤੋਂ ਮੁਨਕਰ ਹੋ ਚੁੱਕੇ ਹਾਂ।
ਗੁਰੂ ਬਾਬਾ ਜੀ ,ਤੁਸੀਂ ਤਾਂ ਸਾਨੂੰ ਸਬਰ, ਸੰਤੋਖ, ਸੰਜਮ ਤੇ ਦਇਆ ਦਾ ਜਨੇਊ ਧਾਰਨ ਦਾ ਹੋਕਾ ਦਿੱਤਾ ਸੀ ਤੇ ਉਸ ਸਮੇਂ ਭਗਤੀ ਲਹਿਰ ਦੇ ਬਾਕੀ ਰਹਿਬਰਾਂ ਭਗਤ ਕਬੀਰ ਜੀ ,ਭਗਤ ਰਵਿਦਾਸ ਜੀ ਆਦਿ ਨੇ ਵੀ ਆਪਣੇ ਵਿਚਾਰਾਂ ਦੇ ਨਾਲ ਸਮੇਂ ਦੇ ਪਾਖੰਡਵਾਦ ਨੂੰ ਨਕਾਰਿਆ ਸੀ ਪਰ ਅੱਜ ਸਾਡੇ ਵਿੱਚੋਂ ਇਹ ਸਾਰਾ ਸਬਰ ਸੰਤੋਖ ਮੁੱਕ ਚੁੱਕਾ ਹੈ। ਅਸੀਂ ਲਾਲਸਾਵਾਂ ਵੱਸ ਪੈ ਲਾਲਚੀ ਹੋ ਚੁੱਕੇ ਹਾਂ। ਅਸੀ ਉਹ ਸਾਰੇ ਕੰਮ ਕਰ ਰਹੇ ਹਾਂ, ਜਿਸ ਤੋਂ ਆਪ ਨੇ ਰੋਕਿਆ ਸੀ। ਸਬਰ ਸੰਤੋਖ ਦਾ ਜਨੇਊ ਪਾਉਣਾ ਤਾਂ ਦੂਰ ਦੀ ਗੱਲ।
ਬਾਬਾ ਜੀ ਆਪ ਨੇ,
*ਸੋ ਕਿਉਂ ਮੰਦਾ ਆਖੀਐ, ਜਿਤਿ ਜੰਮੈ ਰਾਜਾਨ।।*
ਆਖ ਕੇ ਔਰਤ ਨੂੰ ਪੈਰ ਦੀ ਜੁੱਤੀ ਕਹਿਣ ਤੇ ਅਜਿਹੇ ਹੀ ਹੋਰ ਨਹੋਰਿਆਂ ਦਾ ਵਿਰੋਧ ਕੀਤਾ ਸੀ ਪਰ ਅਸੀਂ ਅੱਜ ਫਿਰ ਉਸ ਜੱਗ ਜਨਣੀ ਨੂੰ ਨੀਚਾ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਇਸ ਦੇ ਨਾਲ ਹੀ ਲਾਲਸਾਵਾਂ ਵੱਸ ਪੈ ਕੇ ਅਸੀਂ ਬਾਕੀ ਪਰਿਵਾਰਕ ਰਿਸ਼ਤਿਆਂ ਨੂੰ ਗੰਧਲਾ ਕਰ ਲਿਆ ਹੈ ਤੁਹਾਡੇ ਤੇ ਬੇਬੇ ਨਾਨਕੀ ਅਤੇ ਬੇਬੇ ਨਾਨਕੀ ਤੇ ਮਾਤਾ ਸੁਲੱਖਣੀ ਦੇ ਰਿਸ਼ਤੇ ਤੋਂ ਅਸੀਂ ਕੁਝ ਨਹੀਂ ਸਿੱਖਿਆ।
ਗੁਰੂ ਬਾਬਾ ਜੀ, ਆਪ ਨੇ ਅੱਜ ਤੋਂ ਲੱਗਭਗ ਸਾਢੇ ਪੰਜ ਸੌ ਸਾਲ ਪਹਿਲਾਂ ਹੀ ਸਾਨੂੰ,
*ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ। ।*
ਕਹਿ ਕੇ ਸਾਨੂੰ ਵਾਤਾਵਰਣ ਪ੍ਰਤੀ ਸੰਦੇਸ਼ ਦਿੱਤਾ ਸੀ ਪਰ ਅਸੀਂ ਸਿਰਫ ਤੇ ਸਿਰਫ ਮੱਥੇ ਟੇਕ ਟੇਕ ਇਹਨਾਂ ਨੂੰ ਗੰਧਲਾ ਕਰ ਲਿਆ ਹੈ। ਬੇਸ਼ੱਕ ਅਸੀਂ ਵੀ ਅੱਜ ਆਪਣੀ ਤੁੱਛ ਜਿਹੀ ਸਿੱਖਿਆ ਨਾਲ ਕਈ -ਕਈ ਅਕਾਸ਼-ਪਤਾਲ ਲੱਭ ਲੈਣ ਦੇ ਦਾਅਵੇ ਕਰ ਰਹੇ,ਜੋ ਕਿ ਆਪ ਨੇ ਪਹਿਲਾਂ ਹੀ ਲੱਖਾਂ ਦੀ ਗਿਣਤੀ ਵਿੱਚ ਦੱਸ ਦਿੱਤੇ ਸਨ ਪਰ ਇਹਨਾਂ ਨੂੰ ਲੱਭ ਕੇ ਵੀ ਅਸੀਂ ਕਿਤੇ ਸ਼ੁੱਧ ਵਾਤਾਵਰਣ ਨਹੀਂ ਬਣਾ ਸਕੇ। ਅਸੀਂ ਕੁਦਰਤ ਨਾਲ ਨਿੱਤ ਦਿਹਾੜੇ ਖਿਲਵਾੜ ਕਰ ਰਹੇ ਹਾਂ ।ਵਿਕਾਸ ਦੇ ਨਾਂ ਤੇ ਆਏ ਦਿਨ ਹਜਾਰਾਂ ਪੇੜ ਪੌਦੇ ਵੱਢ- ਵੱਢ ਕੇ ਅਸੀਂ ਗੁਰੂ ਸਮਾਨ ਹਵਾ ਨੂੰ ਗੰਧਲਾ ਕਰ ਲਿਆ ਹੈ ਤੇ ਬਾਅਦ ਵਿੱਚ ਸਿਸਟਮ ਤੇ ਕਾਬਜਕਾਰਾਂ ਨੇ ਹਵਾ ਸ਼ੁੱਧ ਕਰਨ ਵਾਲੀਆਂ ਮਸ਼ੀਨਾਂ ਪੈਦਾ ਕਰ ਲਈਆਂ ਹਨ, ਜੋ ਤੇਰੇ ਭਾਈ ਲਾਲੋਆਂ ਦੇ ਵੱਸੋਂ ਬਾਹਰ ਨੇ। ਪਿਤਾ ਸਮਾਨ ਪਾਣੀ ਨੂੰ ਅਸੀਂ ਗੰਧਲਾ ਕਰਕੇ ਉਸ ਨੂੰ ਨਕਲੀ ਮਸ਼ੀਨਾਂ ਨਾਲ ਸ਼ੁੱਧ ਕਰਨ ਦਾ ਯਤਨ ਕਰ ਰਹੇ ਹਾਂ ਪਰ ਬਾਬਾ ਜੀ ਆਪ ਦੇ ਸਮੇਂ ਦੀ ਵੇਈਂ ਵਰਗਾ ਪਵਿੱਤਰ ਜਲ ਸਾਨੂੰ ਕਿਧਰੇ ਨਹੀਂ ਥਿਆਉਂਦਾ।
ਜਲ ਸ਼ੁੱਧ ਕਰਨ ਦੇ ਨਾਂ ਤੇ ਵੀ ਅਸੀਂ ਡਾਅਢਿਆਂ ਦੁਆਰਾ ਠੱਗੇ ਜਾ ਰਹੇ ਹਾਂ। ਧਰਤੀ ਜਿਸ ਨੂੰ ਤੁਸੀਂ ਮਾਤਾ ਦਾ ਦਰਜਾ ਦਿੱਤਾ ਸੀ, ਅਸੀਂ ਨਿੱਤ ਦਿਹਾੜੇ ਕੀਟਨਾਸ਼ਕ, ਜਹਿਰਾਂ ਪਾ ਤੇ ਅੱਗਾਂ ਲਾ ਕੇ ਉਸ ਦੀ ਹਿੱਕ ਸਾੜ ਰਹੇ ਹਾਂ। ਲਾਲਸਾਵਾਂ ਵੱਸ ਪੈ ਕੇ ਅਸੀਂ ਉਸ ਨੂੰ ਬਾਂਝ ਕਰ ਰਹੇ ਹਾਂ। ਅਸੀਂ ਉਸ ਨੂੰ ਸਾਹ ਲੈਣ ਤੇ ਦੁਬਾਰਾ ਸੁਰਜੀਤ ਹੋਣ ਲਈ ਕਦੇ ਸੰਨਵੀਂ ਨਹੀਂ ਛੱਡਿਆ। ਬਾਕੀ ਰਹਿੰਦੀ-ਖੂੰਹਦੀ ਕਸਰ ਅਜੋਕੇ ਮਲਕ ਭਾਗੋਆਂ ਨੇ ਇਸ ਤੇ ਕਬਜਾ ਕਰਨ ਦੀ ਠਾਣ ਕੇ ਕੱਢ ਦਿੱਤੀ ਹੈ। ਤੇ ਅਸੀਂ ਰੋਜਾਨਾਂ ਇੱਕ ਦੂਜੇ ਤੇ ਤੋਹਮਤਾਂ ਲਾ ਲਾ ਕੇ ਆਪਣੇ ਢਿੱਡ ਹੌਲ਼ੇ ਕਰ ਰਹੇ ਹਾਂ।
ਗੁਰੂ ਬਾਬਾ ਜੀ, ਤੁਸੀਂ ਸਾਰੀ ਦੁਨੀਆਂ ਨਾਲ ਆਪਣੇ ਉਪਦੇਸ਼ ਸਾਂਝੇ ਕਰਕੇ ਅਖੀਰ ਕਰਤਾਰਪੁਰ ਆ ਕੇ ਉਸ ਕਿਰਤੀ ਰਾਹ ਨੂੰ ਹਲ਼ ਵਾਹ ਕੇ ਅਮਲੀ ਜਾਮਾ ਪਹਿਨਾਇਆ ।ਛੋਟੇ ਹੁੰਦੇ ਦੇਖਦੇ ਸੀ ਕਿ ਤਿੱਥ -ਤਿਹਾਰ ਤੇ ਵਿਕਣ ਵਾਲੇ ਕਲੰਡਰਾਂ ਵਿੱਚ ਆਪ ਦੀ ਹਲ਼ ਵਾਹੁੰਦਿਆਂ ਦੀ ਤਸਵੀਰ (ਚਾਹੇ ਉਹ ਸਮੇ ਦੇ ਕਲਾਕਾਰਾਂ ਨੇ ਆਪ ਦੀ ਵਿਚਾਰਧਾਰਾ ਮੁਤਾਬਿਕ ਹੀ ਬਣਾਈ ਹੋਵੇ) ਆਮ ਹੁੰਦੀ ਸੀ ਤੇ ਹਰ ਘਰ ਵਿੱਚ ਵੀ ਪਰ ਸਿਸਟਮ ਨੇ ਆਪ ਦੀ ਉਹ ਤਸਵੀਰ ਹੀ ਗਾਇਬ ਕਰ ਦਿੱਤੀ ਹੈ, ਜੋ ਸਾਨੂੰ ਕਿਰਤ ਦਾ ਹੋਕਾ ਦਿੰਦੀ ਰਹਿੰਦੀ ਸੀ। ਅੱਜ ਅਸੀਂ ਕਿਰਤ ਵਿਹੂਣੇ ਹੋ ਕੇ ਥੋੜੇ ਸਮੇਂ ਵਿੱਚ ਹੀ ਮਲਕ ਭਾਗੋਆਂ ਦੇ ਨੇੜੇ ਜਾਣਾ ਚਾਹੁੰਦੇ ਹਾਂ ਤੇ ਭਾਈ ਲਾਲੋਆਂ ਨੂੰ ਅਸੀਂ ਦਰਕਿਨਾਰ ਕਰ ਦਿੱਤਾ ਹੈ।
ਗੁਰੂ ਬਾਬਾ ਜੀ, ਅਸੀਂ ਲੰਗਰ ਲਗਾ ਕੇ ਬੇਸ਼ੱਕ ਆਪ ਦੇ ਵੀਹ ਰੁਪਈਆਂ ਵਾਲਾ ਹੀ ਦੱਸ ਰਹੇ ਹਾਂ ਪਰ ਹੱਥ ਜੋੜ ਜੋੜ ਅਸੀਂ ਛਕਾਉਣ ਦੀ ਪਹਿਲ ਰੱਜਿਆਂ ਨੂੰ ਹੀ ਦਿੰਦੇ ਹਾਂ।ਬਾਕੀ ਰਹੀ ਨਾਮ ਜਪਣ ਦੀ ਗੱਲ, ਉਹ ਗੁਰੂ ਬਾਬਾ ਜੀ, ਅਸੀਂ ਪੜ ਅਤੇ ਜਪ-ਜਪਾ ਤਾਂ ਰਹੇ ਪਰ ਖੁਦ ਅਮਲ ਵਿਹੂਣੇ ਹਾਂ।
ਸੋ ਗੁਰੂ ਬਾਬਾ ਜੀ, ਅਸੀਂ ਤੁਹਾਡਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਸਾਨੂੰ ਸੁਮੱਤ ਬਖਸ਼ੋ ਕਿ ਆਪ ਦੁਆਰਾ ਦਿੱਤੇ ਸੱਚ ਦੇ ਉਪਦੇਸ਼ (ਗੁਰਬਾਣੀ) ਨੂੰ ਪੜ, ਸਮਝ ਤੇ ਅਪਣਾ ਕੇ ਸਭ ਤੋਂ ਪਹਿਲਾਂ ਤਾਂ ਸਬਰ, ਸੰਤੋਖ ਤੇ ਸੰਜਮ ਦਾ ਜਨੇਊ ਪਹਿਨ ਸਕੀਏ ।ਸਾਨੂੰ ਸੁਮੱਤ ਬਖਸ਼ੋ ਕਿ ਅਸੀਂ ਆਪ ਦੇ ਦਰਸਾਏ ਮਾਰਗ ਤੇ ਚੱਲਦਿਆਂ ਵਾਤਾਵਰਣ ਸਾਂਭ ਸੰਭਾਲ ਵਿੱਚ ਆਪਣਾ ਯੋਗਦਾਨ ਪਾ ਸਕੀਏ ਤੇ ਆਪ ਦੇ ਗੋਸ਼ਟਿ ਵਿਚਾਰ ਤੇ ਚੱਲਦਿਆਂ ਤਰਕ ਭਰਪੂਰ ਵਿਚਾਰ ਚਰਚਾਵਾਂ ਕਰਨ ਦੇ ਸਮਰੱਥ ਹੋ ਕੇ ਹੱਕ ਸੱਚ ਲਈ ਲੜ ਸਕੀਏ।
ਬਲਵੀਰ ਸਿੰਘ ਬਾਸੀਆਂ
ਪਿੰਡ ਬਾਸੀਆਂ ਬੇਟ (ਲੁਧਿਆਣਾ)
8437600371
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly