(ਸਮਾਜ ਵੀਕਲੀ) ਮੈਨੂੰ ਬੜੇ ਚੰਗੇ ਤਰੀਕੇ ਨਾਲ ਯਾਦ ਹੈ, ਕਿ ਬਚਪਨ ਵਿੱਚ ਦਾਦੀ ਜੀ ਅਤੇ ਗੁਰੂਦਵਾਰਾ ਸਾਹਿਬ ਦੇ ਭਾਈ ਸਾਹਿਬ ਕਹਿੰਦੇ ਸਨ ਕੀ ਚੰਦੂ ਦੀ ਲੜਕੀ ਦਾ ਰਿਸ਼ਤਾ ਜਦੋਂ ਵਿਚੋਲੇ ਨੇ ਗੁਰੂ ਅਰਜਨ ਦੇਵ ਜੀ ਦੇ ਬੇਟੇ ( ਗੁਰੂ ਹਰਗੋਬਿੰਦ ਜੀ) ਨਾਲ ਕਰਵਾਣਾ ਚਾਹਿਆ ਜਿਸ ਉੱਤੇ ਚੰਦੂ ਨੇ ਕਿਹਾ ਕਿ ਤੁਸੀਂ ਚੁਬਾਰੇ ਦੀ ਇੱਟ ਮੋਰੀ ਵਿਚ ਲਾ ਆਏ ਹੋ। ਦਿੱਲੀ ਦੀਆਂ ਸਿੱਖ ਸੰਗਤਾਂ ਵਿਚ ਚੰਦੂ ਦੀ ਇਸ ਗਲ ਉੱਤੇ ਕਾਫ਼ੀ ਰੋਸ ਸੀ, ਸੰਗਤਾਂ ਨੇ ਗੁਰੂ ਸਾਹਿਬ ਨੂੰ ਇੱਕ ਚਿੱਠੀ ਲਿਖ ਕੇ ਰਿਸ਼ਤੇ ਤੋਂ ਇਨਕਾਰ ਕਰਨ ਵਾਸਤੇ ਕਿਹਾ। ਗੁਰੂ ਘਰ ਵਿਚ ਸੰਗਤ ਨੂੰ ਬਹੁਤ ਅਹਮੀਅਤ ਦਿੱਤੀ ਗਈ ਹੈ। ਗੁਰੂ ਜੀ ਨੇ ਚੰਦੂ ਦੀ ਬੇਟੀ ਦੇ ਰਿਸ਼ਤੇ ਵਾਸਤੇ ਨਾਂਹ ਕਰ ਦਿੱਤੀ। ਚੰਦੂ ਨੇ ਇਸ ਦਾ ਬਹੁਤ ਬੁਰਾ ਮਨਾਇਆ। ਗੁਰੂ ਜੀ ਦੀ ਸ਼ਹਾਦਤ ਦਾ ਸਿਰਫ ਇਹ ਹੀ ਕਾਰਨ ਦੱਸਦੇ ਸਨ।
ਗੁਰੂ ਸਾਹਿਬ ਦੀ ਸ਼ਹਾਦਤ ਵਾਸਤੇ ਬਹੁਤ ਕਾਰਨ ਹਨ, ਜਿਹੜੇ ਛੋਟੇ ਕਾਰਨ ਮੰਨੇ ਜਾ ਸਕਦੇ ਹਨ ਜਿਵੇਂ ਸਖੀ ਸਰਵਰੀਆਂ ਦੇ ਗੜ੍ਹ ਕੰਗ ਮਾਈ ਤੋਂ ਭਾਈ ਮੰਝ ਗੁਰੂ ਅਰਜਨ ਦੇਵ ਜੀ ਦੇ ਸਿੱਖ ਬਣਨ ਨਾਲ ਕਾਫੀ ਸਖੀ ਸਰਵਰੇ ਸਿੱਖ ਧਰਮ ਵਿੱਚ ਆ ਗਏ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਗੁਰ ਗੱਦੀ ਨਾ ਮਿਲਣ ਤੇ ਕਾਫੀ ਨਰਾਜ਼ ਰਹਿੰਦਾ ਸੀ। ਉਹ ਗੁਰੂ ਘਰ ਦੇ ਲੰਗਰ ਵਿੱਚ ਸਭ ਨੂੰ ਬਰਾਬਰੀ ਦੇ ਹੱਕ ਵਿੱਚ ਨਹੀਂ ਸੀ ਅਤੇ ਲਗਦੇ ਵਾਹ ਸਰਕਾਰੇ ਦਰਬਾਰੇ ਸ਼ਿਕਾਇਤਾਂ ਕਰਦਾ ਰਹਿੰਦਾ। ਪ੍ਰਿਥੀ ਚੰਦ ਦਾ ਬੇਟਾ ਮੇਹਰਬਾਨ ਗੁਰੂ ਨਾਨਕ ਦੇਵ ਜੀ ਦੇ ਨਾਮ ਹੇਠਾਂ ਕੱਚੀ ਬਾਣੀ ਲਿਖਦਾ ਸੀ। ਭੋਲੀ ਜਨਤਾ ਇਸ ਨੂੰ ਗੁਰੂ ਬਾਣੀ ਸਮਝਣ ਲੱਗ ਪਈ। ਉਸ ਸਮੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਇਕੱਠੀ ਕੀਤੀ ਹੋਈ ਬਾਣੀ ਨੂੰ ਇੱਕ ਜਗ੍ਹਾ ਲਿਖ ਕੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂਕਿ ਆਮ ਜਨਤਾ ਤੱਕ ਸਿਰਫ ਗੁਰੂ ਸਾਹਿਬਾਨ ਵਲੋਂ ਅਤੇ ਭਗਤਾਂ ਦੀ ਇਕੱਠੀ ਕੀਤੀ ਬਾਣੀ ਹੀ ਪੜਨ ਨੂੰ ਮਿਲੇ ਅਤੇ ਕੋਈ ਭੁਲੇਖਾ ਨਾ ਰਹੇ। ਮੇਹਰਬਾਨ, ਪਿਲਹੁ, ਕਾਨਾਂ, ਛੱਜੂ, ਹਸਨ ਆਦਿ ਦੀ ਬਾਣੀ ਨੂੰ ਗੁਰਮਤ ਸਿਧਾਤਾਂ ਤੋਂ ਉਲਟ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਗ੍ਹਾ ਨਹੀਂ ਮਿਲੀ। ਉਹ ਸਾਰੇ ਨਰਾਜ਼ ਸਾਨ ਅਤੇ ਰਾਜ ਦਰਬਾਰ ਵਿਚ ਸ਼ਿਕਾਇਤਾਂ ਅਪੜਾਈਆਂ ਕੀ ਗੁਰੂ ਸਾਹਿਬ ਨੇ ਦੂਜੇ ਧਰਮਾਂ ਬਾਰੇ ਬਹੁਤ ਗਲਤ ਲਿਖਿਆ ਹੈ।
ਅਕਬਰ ਇੱਕ ਰਹੀਮ ਦਿਲ ਬਾਦਸ਼ਾਹ ਸੀ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ। ਉਸਦੇ ਦਰਬਾਰ ਵਿੱਚ ਹਿੰਦੂ ਵੀ ਬਹੁਤ ਉੱਚੇ ਅਹੁਦਿਆਂ ਤੇ ਨਿਯੁਕਤ ਸਨ। ਅਕਬਰ ਨੇ ਇੱਕ ਵਿਆਹ ਜੋਧਾ ਬਾਈ ਨਾਲ ਹੋਇਆ ਇਸ ਵਿਆਹ ਵਿੱਚੋਂ ਇੱਕ ਔਲਾਦ ਜਹਾਂਗੀਰ ਹੋਈ। ਇਹ ਗੱਲ ਕੱਟੜਪੰਥੀ ਮੁਸਲਮਾਨਾਂ ਨੂੰ ਚੁੱਭਦੀ ਸੀ। ਜਹਾਂਗੀਰ ਨੂੰ ਬਚਪਨ ਵਿਚ ਧਾਰਮਿਕ ਸਿਖਿਆ ਸੇਖ ਅਹਿਮਦ ਸਰਹੰਦੀ ਨੇ ਦਿਤੀ। ਸ਼ੇਖ ਅਹਿਮਦ ਸਰਹੰਦੀ ਨੂੰ ਮੁਜੱਦੀਦ ਮੰਨਿਆ ਜਾਂਦਾ ਸੀ। ਇਹ ਨਕਸ਼ਬੰਦੀ ਸੰਪਰਦਾਇ ਨਾਲ ਸਬੰਧਿਤ ਸੀ। ਅਰਬੀ ਸ਼ਬਦ ਮੁਜੱਦੀਦ ਦਾ ਅਰਥ ਹੈ “ਸੁਧਾਰਕ”, ਇਹ ਉਹ ਵਿਅਕਤੀ ਹੁੰਦਾ ਹੈ ਜੋ ਧਰਮ ਨੂੰ ਪੁਨਰ ਸੁਰਜੀਤ ਕਰਦਾ ਹੈ ਅਤੇ ਉਸ ਵਿਚ ਸਮਾਂ ਪਾਕੇ ਆ ਚੁੱਕੇ ਵਹਿਮ ਭਰਮ ਦੂਰ ਕਰਦਾ ਹੈ। ਜਹਾਂਗੀਰ ਬਚਪਨ ਵਿਚ ਮਿਲੀ ਸਿਖਿਆ ਕਰਕੇ ਇੱਕ ਤੰਗ ਦਿਲ ਇਨਸਾਨ ਸੀ। ਜਵਾਨੀ ਦੀ ਦਹਿਲੀਜ ਤੇ ਪੈਰ ਰਖਦਿਆਂ ਹੀ ਉਹ ਅੱਤ ਦਰਜੇ ਦਾ ਸ਼ਰਾਬੀ ਅਤੇ ਅਯਾਸ਼ ਹੋ ਗਿਆ। ਜਹਾਂਗੀਰ ਦਾ ਬੇਟਾ ਖੁਸਰੋ ਜਵਾਨ ਹੋ ਗਿਆ, ਪਰ ਉਸਦੀ ਮਤਰੇਈ ਮਾਂ ਨੂਰ ਜਹਾਂ, ਜਹਾਂਗੀਰ ਦੇ ਕੰਨ ਭਰਦੀ ਰਹਿੰਦੀ। ਜਹਾਂਗੀਰ ਨੇ ਖੁਸਰੋ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਖੁਸਰੋ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਜਾਂਦੇ ਹੋਏ ਤਰਨਤਾਰਨ ਵਿਖੇ ਮਿਲਿਆ। ਖੁਸਰੋ ਨੇ ਗੁਰੂ ਸਾਹਿਬ ਤੋਂ ਮਾਇਆ ਮੰਗੀ, ਏਥੇ ਇਤਹਾਸਕਾਰਾਂ ਵਿਚ ਮਤਭੇਦ ਹੈ, ਕੁਝ ਪੰਜ ਹਜ਼ਾਰ ਕਹਿੰਸੇ ਹਨ, ਕੁਝ ਇੱਕ ਲੱਖ ਕਹਿੰਦੇ ਹਨ। ਜਦੋਂ ਜਹਾਂਗੀਰ ਨੂੰ ਪਤਾ ਲਗਦਾ ਹੈ ਉਸਨੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦੇ ਹੁਕਮ ਦੇ ਦਿੱਤੇ। ਉਸਨੇ ਗੁਰੂ ਸਾਹਿਬ ਜੀ ਅੱਗੇ ਦੋ ਸ਼ਰਤਾਂ ਰੱਖੀਆਂ ਪਹਿਲੀ ਕਿ ਦੋ ਲੱਖ ਜੁਰਮਾਨਾ ਦਵੋ ਕਿਉਂਕਿ ਤੁਸੀਂ ਖੁਸਰੋ ਦੀ ਮਾਇਆ ਨਾਲ ਮਦਦ ਕੀਤੀ ਸੀ, ਦੂਜੀ ਤੁਸੀਂ ਸਾਡੇ ਧਰਮ ਬਾਰੇ ਪਹਿਲਾਂ ਗਲਤ ਲਿਖਿਆ ਹੈ ਹੁਣ ਤੁਸੀਂ ਸਾਡੇ ਰਹਬਰ ਬਾਰੇ ਕੁਝ ਲਿੱਖੋ।
ਗੁਰੂ ਸਹਿਬ ਨੇ ਦੋਵੇਂ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਪੈਸਾ ਸੰਗਤਾਂ ਦਾ ਹੈ ਅਤੇ ਕਿਸੇ ਹੋਰ ਕੰਮ ਵਾਸਤੇ ਖ਼ਰਚ ਨਹੀਂ ਕੀਤਾ ਜਾ ਸਕਦਾ। ਗੁਰੂ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਜਿਹਨਾਂ ਦੀ ਬਾਣੀ ਗੁਰੂ ਆਸ਼ੇ ਅਨੁਸਾਰ ਸੀ, ਭਾਵੇਂ ਉਹ ਕਿਸੇ ਧਰਮ ਦੇ ਮੰਨਣ ਵਾਲਾ ਸੀ, ਦਰਜ਼ ਕੀਤੀ ਗਈ ਹੈ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਯਾਸ਼ਾ ਕਾਨੂੰਨ ਅਨੁਸਾਰ ਸ਼ਹੀਦ ਕਰਨ ਦਾ ਹੁਕਮ ਦਿੱਤਾ। ਯਾਸ਼ਾ ਮੰਗੋਲਾਂ ਦਾ ਮੌਖਿਕ ਕਾਨੂੰਨ ਸੀ ਜੋ ਚੰਗੇਜ਼ ਖਾਨ ਦੇ ਸ਼ਾਸਨ ਦੌਰਾਨ ਬਣਾਇਆ ਗਿਆ ਸੀ। ਇਸ “ਕਾਨੂੰਨ” ਨੂੰ ਗੁਪਤ ਰੱਖਿਆ ਗਿਆ ਸੀ ਅਤੇ ਕਦੇ ਵੀ ਜਨਤਕ ਨਹੀਂ ਕੀਤਾ ਗਿਆ ਸੀ। ਇਹ ਮੰਨਿਆ ਜਾਂਦਾ ਸੀ ਕਿ ਜੇ ਕਿਸੇ ਧਾਰਮਿਕ ਬੰਦੇ ਦਾ ਖ਼ੂਨ ਜਮੀਨ ਤੇ ਡਿਗੇਗਾ ਤਾਂ ਉਸ ਜਗਹ ਤੇ ਬਹੁਤ ਹੋਰ ਧਰਮੀ ਬੰਦੇ ਪੈਦਾ ਹੋਣਗੇ। ਯਾਸ਼ਾ ਕਨੂੰਨ ਵਿਚ 18-19 ਤਰੀਕੇ ਦਿੱਤੇ ਹਨ ਸ਼ਹੀਦ ਕਰਨ ਦੇ, ਜਿਵੇਂ ਤੱਤੀ ਤਵੀ ਤੇ ਬਿਠਾਉਣਾ, ਉਬਲਦੇ ਓਨੀ ਵਿਚ ਉਬਾਲਣਾ, ਸਿਰ ਵਿੱਚ ਤੱਤੀ ਰੇਤ ਪਾਉਣਾ, ਭੁੱਖੇ ਰੱਖਣਾ, ਤਿਹਾਏ ਰੱਖਣਾ ਆਦਿ ਤਾਂਕਿ ਖ਼ੂਨ ਜਮੀਨ ਤੇ ਨਾ ਡਿੱਗੇ।
ਜਹਾਂਗੀਰ ਨੇ ਆਪਣੀ ਜੀਵਨੀ ਤੁਜਕੇ ਜਹਾਂਗਿਰੀ ਵਿਚ ਮੰਨਿਆ
ਹੈ ਕਿ ਉਸਨੇ ਹੀ ਗੁਰੂ ਸਾਹਿਬ ਨੂੰ ਯਾਸ਼ਾ ਕਨੂੰਨ ਦੇ ਮੁਤਾਬਿਕ ਸੱਜਾ ਦਿੱਤੀ ਹੈ।
“ਗੋਇੰਦਵਾਲ ਵਿਚ, ਜੋ ਦਰਿਆ ਬਿਆਸ ਦੇ ਕੰਢੇ ਸਥਿਤ ਹੈ, (ਗੁਰੂ) ਅਰਜਨ ਨਾਂ ਦਾ ਇਕ ਹਿੰਦੂ ਪੀਰਾਂ-ਸ਼ੇਖਾਂ ਦੇ ਭੇਸ ਵਿਚ ਰਹਿ ਰਿਹਾ ਸੀ। ਉਸ ਨੇ ਬਹੁਤ ਸਾਰੇ ਸਿੱਧੇ-ਸਾਦੇ ਹਿੰਦੂਆਂ, ਸਗੋਂ ਮੂਰਖ ਅਤੇ ਨੀਚ ਮੁਸਲਮਾਨਾਂ ਨੂੰ ਵੀ ਆਪਣੇ ਧਰਮ- ਕਰਮ ਦਾ ਸ਼ਰਧਾਲੂ ਬਣਾ ਕੇ, ਆਪਣੀ ਪੀਰੀ ਤੇ ਪਦਵੀ ਦਾ ਢੋਲ ਉੱਚੀ ਆਵਾਜ਼ ਨਾਲ ਵਜਾਇਆ ਹੋਇਆ ਸੀ। ਲੋਕ ਉਸ ਨੂੰ ਗੁਰੂ ਆਖਦੇ ਸਨ ਅਤੇ ਕਈ ਪਾਸਿਆਂ ਤੇ ਦਿਸ਼ਾਵਾਂ ਦੇ ਭੋਲੇ-ਭਾਲੇ ਤੇ ਪਾਖੰਡ-ਪੂਜ ਲੋਕ ਉਸ ਵੱਲ ਰੁਚਿਤ ਸਨ ਅਤੇ ਉਸ ਦੀ ਜਾਤ ਵਿਚ ਸੰਪੂਰਨ ਨਿਸਚਾ ਰੱਖਦੇ ਸਨ। ਉਸ ਨੇ ਤਿੰਨ-ਚਾਰ ਪੀੜ੍ਹੀਆਂ ਤੋਂ ਇਹ ਦੁਕਾਨ (ਭਾਵ ਸਿੱਖ ਲਹਿਰ) ਚਲਾਈ ਹੋਈ ਸੀ। ਮੇਰੇ ਦਿਲ ਵਿਚ ਇਹ ਖਿਆਲ ਚੋਖੇ ਚਿਰ ਤੋਂ ਆ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ (ਭਾਵ ਸਿੱਖ ਧਰਮ) ਨੂੰ ਬੰਦ ਕਰ ਦਿੱਤਾ ਜਾਏ ਜਾਂ ਉਸ (ਗੁਰੂ ਅਰਜਨ ਦੇਵ ਜੀ) ਨੂੰ ਇਸਲਾਮ ਦੇ ਧਰਮ- ਮੰਡਲ ਵਿਚ ਦਾਖਲ ਕਰ ਲਿਆ ਜਾਏ।… ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਜਾਂ ਉਸ ਨੂੰ ਇਸਲਾਮ ਦੇ ਘੇਰੇ ਵਿਚ ਦਾਖ਼ਲ ਕਰ ਲਿਆ ਜਾਏ। ਉਸ ਦਾ ਘਰ-ਘਾਟ ਤੇ ਬੱਚੇ ਮੈਂ ਮੁਰਤਜ਼ਾ ਖ਼ਾਨ ਦੇ ਹਵਾਲੇ ਕੀਤੇ ਅਤੇ ਉਸ ਦਾ ਮਾਲ-ਅਸਬਾਬ, ਜ਼ਬਤ ਕਰ ਕੇ ਮੈਂ ਹੁਕਮ ਦਿੱਤਾ ਕਿ ਉਸ ਨੂੰ ਸਿਆਸਤ (ਵਿਧਾਨ) ਅਤੇ ਯਾਸਾ ਦੀ ਰਾਜ-ਡੰਡਾਵਲੀ ਅਨੁਸਾਰ, ਮਾਰ-ਮੁਕਾ ਦਿੱਤਾ ਜਾਏ।” (ਤੁਜ਼ਕਿ-ਜਹਾਂਗੀਰੀ, 1606 ਈ., ਪੰਨਾ 35)
ਗੁਰੂ ਸਾਹਿਬ ਨੂੰ ਪੰਜ ਦਿਨ ਇਹ ਤਸੀਹੇ ਦਿਤੇ ਗਏ, ਓਰ ਉਹ ਨਾ ਡੋਲੇ ਅਤੇ ਗੁਰਬਾਣੀ ਗਾਉਂਦੇ ਰਹੇ:
ਤੇਰਾ ਕੀਆ ਮੀਠਾ ਲਾਗੈ।
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।
ਵਰਿੰਦਰ ਜੀਤ ਸਿੰਘ ਬੀਰ
ਲੁਧਿਆਣਾ 8283814271
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly