“ਗੁਰੂ ਅਰਜਨ ਦੇਵ ਜੀ”

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

“ਬਾਦਸ਼ਾਹ ਏ ਹਿੰਦ ਦਾ ਹੁਕਮ ਹੋਇਆ ਸਿੱਖ ਰਹੇ ਨਾ ਸਿੱਖੀ,
ਜ਼ਬਰੀ ਇਸਲਾਮ ਕਬੂਲ ਕਰਾਇਓ ਜੋ ਮੰਨੇ ਨਾ ਮੌਤ ਹੈ ਡਿੱਠੀ;
ਜੂਨ ਮਹੀਨੇ ਤੱਪਦੀ ਅੱਗ ਦਾ ਮੋਹ ਨਾਲ ਸੀਨਾਂ ਠਾਰ ਗਏ,
ਸ਼ਾਂਤੀ ਦੇ ਪੁੰਜ ਗੁਰੂ ਅਰਜਨ,ਅੱਜ ਆਪਣਾਂ ਆਪ ਹੀ ਵਾਰ ਗਏ.…;

ਤੱਤੀ ਤਵੀ ‘ਤੇ ਰੱਬ ਬੈਠਿਆ,ਰੱਬ ਨੂੰ ਕੀ ਖ਼ੌਫ਼ ਬਾਦਸ਼ਾਹੀਆਂ ਦਾ,
ਬੰਦਗ਼ੀ ਹੈ ਖ਼ੁਦਾ ਨਾਲ ਉਸਦੀ,ਉਸ ਨੂੰ ਰੰਗ ਖ਼ੁਦਾਈਆਂ ਦਾ;
ਤੇਰਾ ਭਾਣਾਂ ਮੀਠਾ ਲਾਗੇ, ਕਹਿਕੇ ਰਹਿਬਰ ਦਾ ਮੁੱਲ ਤਾਰ ਗਏ….;

ਉਸ ਸ਼ੀਤਲ ਮੂਰਤ ਅੱਗੇ,ਸੇਕ ਤਵੀ ਦਾ ਠੰਡਾ ਹੋ ਗਿਆ,
ਉਸਨੇ ਸੁਖਮਨ ਬੋਲ਼ੀ ਉਚਾਰੇ,ਇਹ ਜੱਗ ਸੁਖਮਨ ਹੋਇਆ;
ਮੀਰੀ ਦਾ ਵਰਦਾਨ ਬਖ਼ਸ਼ ਕੇ ਸ਼ਹੀਦੀਆਂ ਦੀ ਗਾ ਵਾਰ ਗਏ,
ਸ਼ਾਂਤੀ ਦੇ ਪੁੰਜ ਗੁਰੂ ਅਰਜਨ,ਅੱਜ ਆਪਣਾਂ ਆਪ ਹੀ ਵਾਰ ਗਏ.…;

ਜਹਾਂਗੀਰ ਦੀ ਰੁਲੀ ਬਾਦਸ਼ਾਹੀ,ਉਸਦਾ ਟੁੱਟਿਆ ਹੰਕਾਰ ਵੇਖਿਆ,
ਜਦ ਧਰਮੀ ਦੇ ਉਸ ਸੇਕ ਅੱਗੇ ਅੱਗ ਦਾ ਫਿੱਕਾ ਸੇਕ ਵੇਖਿਆ;
ਨਫ਼ਰਤ ਦੀ ਇਸ ਬਲਦੀ ਅੱਗ ਨੂੰ ਮੋਹ ਦੇ ਨਾਲ ਨੇ ਠਾਰ ਗਏ,
ਸ਼ਾਂਤੀ ਦੇ ਪੁੰਜ ਗੁਰੂ ਅਰਜਨ,ਅੱਜ ਆਪਣਾਂ ਆਪ ਹੀ ਵਾਰ ਗਏ.…;

ਰੌਸ਼ਨ ਹੋਇਆ ਚਾਰ ਚੁਫੇਰੇ,ਸਿੱਖੀ ਖੰਡਿਓ ਤਿੱਖੀ ਹੋਈ,
ਇਹੀ ਗੁੜ੍ਹਤੀ ਚਮਕੌਰ ਗੜ੍ਹੀ ਵਿੱਚ,ਗੁਰੂ ਗੋਬਿੰਦ ਨੇ ਡਿੱਠੀ ਹੋਈ;
ਪਿਓ ਦਾਦਿਆਂ ਦੀ ਪਾਈ ਪਿਰਤ ‘ਤੇ ਸਰਬੰਸ ਕੌਮ ਤੋਂ ਵਾਰ ਗਏ,
ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ,ਅੱਜ ਆਪਣਾ ਆਪ ਨੇ ਵਾਰ ਗਏ….!!”

ਹਰਕਮਲ ਧਾਲੀਵਾਲ
ਸੰਪਰਕ:- 8437403720

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਅੰਮ੍ਰਿਤ ਵੇਲ਼ੇ ਬੋਲਿਆ
Next articleਕਬਜ ਦੇ ਲੱਛਣ ਅਤੇ ਘਰੇਲੂ ਇਲਾਜ