(ਸਮਾਜ ਵੀਕਲੀ)
‘ਤੁਰਿਆ ਚੱਲ ਫਕੀਰਾ ਪਿੱਛਾ ਭਉਂ ਕੇ ਵੇਖੀਂ ਨਾ’……
ਅੱਜ ਇੱਕ ਇਹੋ ਜਿਹੇ ਫ਼ਕੀਰਾਨਾ ਤਬੀਅਤ ਦੇ ਮਾਲਕ ਦੀ ਗੱਲ ਕਰਨ ਲੱਗੀ ਹਾਂ, ਜੋ ਵੀਹ ਕੁ ਸਾਲ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਸਟੈਟਿਸਟਿਕਸ ਦਾ ਪ੍ਰੋਫ਼ੈਸਰ, ਉਪਰੰਤ ਇੱਕ ਸਾਲ ਯੂਨੀਵਰਸਿਟੀ ਆਫ਼ ਵਿੰਡਸਰ (ਕੈਨੇਡਾ) ਵਿਖੇ ਸਾਇੰਸਦਾਨ ਅਤੇ ਅੱਠ ਕੁ ਸਾਲ ਮੌਰੀਸਨ ਸਾਇੰਟਿਫਿਕ ਕੰਪਨੀ, ਕੈਲਗਰੀ ਵਿੱਚ ਸੀਨੀਅਰ ਸਾਇੰਸਦਾਨ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਅਚਾਨਕ 2005 ਵਿੱਚ ਸਭ ਕੁੱਝ ਛੱਡ ਛੁਡਾ ਕੇ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਤੋਂ ਲਵਾਰਿਸ, ਬਿਮਾਰ, ਅਪਾਹਜ ਮਰੀਜ਼ਾਂ ਨੂੰ ਆਪਣੇ ਸਾਈਕਲ ਤੇ ਲੱਦ ਹਸਪਤਾਲ ਪੁਚਾਉਂਦਾ, ਉਨ੍ਹਾਂ ਦੀ ਹੱਥੀ ਸੇਵਾ ਕਰਦਾ ਫ਼ੱਕਰਾਂ ਵਾਲੀ ਜ਼ਿੰਦਗੀ ਜਿਉਣ ਲੱਗ ਪਿਆ।
ਲੁਧਿਆਣਾ ਰਹਿੰਦਿਆਂ ਇਨ੍ਹਾਂ ਦੀਆਂ ਇਹ ਕਾਰਜ ਕਰਦਿਆਂ ਦੀਆਂ ਤਸਵੀਰਾਂ ਇੱਕ ਦੋ ਵਾਰ ਅਖ਼ਬਾਰ ਵਿੱਚ ਵੇਖੀਆਂ ਸਨ। ਮਨ ਹੀ ਮਨ ਇਸ ਨੇਕ ਕੰਮ ਤੇ ਕੰਮ ਕਰਨ ਵਾਲੇ ਦੀ ਸ਼ਲਾਘਾ ਕੀਤੀ, ਪਰ ਨਾ ਕਦੇ ਉਨ੍ਹਾਂ ਨੂੰ ਮਿਲਣ ਬਾਰੇ ਸੋਚਿਆ ਅਤੇ ਨਾ ਹੀ ਕਦੇ ਉਥੇ ਮਿਲਣ ਦਾ ਸਬੱਬ ਬਣਿਆ। ਅਸੀਂ 2009 ਵਿੱਚ ਪੱਕੇ ਤੌਰ ਤੇ ਕੈਲਗਰੀ ਆ ਵੱਸੇ। ਕਦੇ ਖ਼ਾਬੋ ਖਿਆਲ ਵਿੱਚ ਵੀ ਨਹੀਂ ਸੀ ਕਿ ਇਸ ਨੇਕ ਸਖ਼ਸ਼ ਨਾਲ ਇੱਥੇ ਮੁਲਾਕਾਤ ਹੋਵੇਗੀ। ਮੁਲਾਕਾਤ ਦਾ ਸਬੱਬ ਬਣਿਆ ‘ਰੇਡੀਓ ਸੁਰ ਸੰਗਮ’ ਰਾਹੀਂ, ਜਿੱਥੇ ਮੈਂ ਕਰੋਨਾ ਤੋਂ ਬਾਅਦ 2021 ਵਿੱਚ ਰੇਡੀਓ ਪ੍ਰੋਗਰਾਮ ਹੋਸਟ ਕਰਨ ਲਗੀ ਪਈ ਸਾਂ। ਇਨ੍ਹਾਂ ਨਾਲ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੰਪਰਕ ਕੀਤਾ ਤਾਂ ਇਨ੍ਹਾਂ ਹਾਂ ਕਰ ਦਿੱਤੀ ਅਤੇ ਨਿਯਤ ਸਮੇਂ ਤੋਂ ਪਹਿਲਾਂ ਹੀ ਸਟੂਡਿਓ ਵਿੱਚ ਹਾਜ਼ਰ ਹੋ ਗਏ।
ਸਫ਼ੈਦ ਕੁੜਤੇ ਪਜਾਮੇ ਵਿੱਚ ਦੇਵਤਿਆਂ ਵਾਲੀ ਦਿੱਖ ਵਾਲਾ ਇਹ ਵਿਅਕਤੀ ਡਾ: ਨੌਰੰਗ ਸਿੰਘ ਮਾਂਗਟ ਸੀ, ਜਿਨ੍ਹਾਂ ਨੂੰ ਮੈਂ ਤਸਵੀਰਾਂ ਵਿੱਚ ਹੀ ਵੇਖਿਆ ਸੀ। ਗੱਲਬਾਤ ਕਰਦਿਆਂ ਇਨ੍ਹਾਂ ਨੇ ਆਪਣੇ ਨਿਸ਼ਕਾਮ ਸੇਵਾ ਕਾਰਜ ਦੀ ਸਾਂਝ ਪਾਈ ਜੋ ਲੁਧਿਆਣੇ ਦੀਆਂ ਸੜਕਾਂ ਤੋਂ ਖੁੱਲ੍ਹੇ ਅਸਮਾਨ ਹੇਠਾਂ ਸ਼ੁਰੂ ਹੋ ਕੇ ਹੁਣ ‘ਗੁਰੂ ਅਮਰ ਦਾਸ ਅਪਾਹਜ ਆਸ਼ਰਮ’ ਦੇ ਰੂਪ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭਾ-ਸਹੌਲੀ-ਅੱਬੂਵਾਲ, ਤਿੰਨ ਪਿੰਡਾਂ ਦੇ ਵਿਚਕਾਰ ਨਿਆਸਰਿਆਂ ਦਾ ਆਸਰਾ ਬਣ ਗਿਆ ਸੀ। ਉਦੋਂ ਹੀ ਮੈਂ ਪੱਕਾ ਮਨ ਬਣਾ ਲਿਆ ਸੀ ਕਿ ਜਦੋਂ ਹੁਣ ਲੁਧਿਆਣੇ ਗਈ ਤਾਂ ਇਸ ਆਸ਼ਰਮ ਵਿੱਚ ਜ਼ਰੂਰ ਜਾਣਾ ਹੈ। 1989 ਤੋਂ 1997 ਤੱਕ ਮੈਂ ਸਰਾਭਾ ਪਿੰਡ ‘ਚ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਤੌਰ ਅੰਗਰੇਜ਼ੀ ਲੈਕਚਰਾਰ ਪੜ੍ਹਾਇਆ ਸੀ ਅਤੇ ਕਰਤਾਰ ਸਿੰਘ ਸਰਾਭਾ ਦਾ ਜਨਮ ਅਸਥਾਨ ਹੋਣ ਕਾਰਨ ਇਸ ਪਿੰਡ ਲਈ ਮੇਰੇ ਅੰਦਰ ਖਾਸ ਸ਼ਰਧਾ ਹੈ।
ਸੋ ਇਸ ਸਾਲ (2023 ਵਿੱਚ) ਜਦੋਂ ਲੁਧਿਆਣੇ ਗਏ ਤਾਂ ਡਾ. ਮਾਂਗਟ ਜੀ ਨਾਲ ਮੈਂ ਵਟਸਅੱਪ ‘ਤੇ ਸੰਪਰਕ ਕੀਤਾ ਤਾਂ ਇਨ੍ਹਾਂ ਦੱਸਿਆ ਕਿ ਮੈਂ ਤਾਂ ਪਿਛਲੇ ਹਫਤੇ ਵਾਪਸ ਕੈਲਗਰੀ ਆ ਗਿਆ ਹਾਂ। ਪਰ ਤੁਸੀਂ ਮੀਤ ਪ੍ਰਧਾਨ ਚਰਨ ਸਿੰਘ ਹੁਰਾਂ ਨਾਲ ਰਾਬਤਾ ਕਰ ਲਓ। ਸੋ ਮਈ ਮਹੀਨੇ ਦੇ ਪਹਿਲੇ ਹਫ਼ਤੇ ਜਦੋਂ ਸਾਡੀ ਗੱਡੀ ਸਰਾਭਾ ਪਿੰਡ ਦੇ ਮੋੜ ਤੋਂ ਸਹੌਲੀ ਵਾਲੀ ਸੜਕ ‘ਤੇ ਚੜ੍ਹੀ ਤਾਂ ਆਸ਼ਰਮ ਦੀ ਸਫ਼ੈਦ ਰੰਗ ਦੀ ਤਿੰਨ ਮੰਜ਼ਲੀ ਇਮਾਰਤ ਨਜ਼ਰੀ ਪਈ ਜਿਸ ਦੀ ਦਿੱਖ ਕਾਲਜ ਦੀ ਇਮਾਰਤ ਵਰਗੀ ਸੀ। ਗੱਡੀ ਪਾਰਕ ਕਰਕੇ ਦੋਵੇਂ ਪਾਸੇ ਖ਼ੂਬਸੂਰਤ ਫੁੱਲਾਂ ਬੂਟਿਆਂ ਨਾਲ ਭਰੇ ਰਸਤੇ ‘ਤੇ ਤੁਰਦਿਆਂ ਸਭ ਤੋਂ ੳੁਪਰਲੀ ਮੰਜ਼ਿਲ ਤੇ ਮੋਟੇ ਅੱਖਰਾਂ ਵਿੱਚ ਲਿਖਿਆ ‘ਗੁਰੂ ਅਮਰ ਦਾਸ ਅਪਾਹਜ ਆਸ਼ਰਮ’ ਪੜ੍ਹ ਯਕੀਨ ਹੋ ਗਿਆ ਕਿ ਅਸੀਂ ਸਹੀ ਜਗ੍ਹਾ ਤੇ ਪਹੁੰਚ ਗਏ ਸਾਂ।
ਸਾਨੂੰ ਆਸ਼ਰਮ ਦਾ ਸਮੁੱਚਾ ਕੰਮ-ਕਾਜ ਸੰਭਾਲਣ ਵਾਲੇ ਮੀਤ ਪ੍ਰਧਾਨ ਸ੍ਰ: ਚਰਨ ਸਿੰਘ ਜੀ ਬਹੁਤ ਆਦਰ ਨਾਲ ਮਿਲੇ। ਉਨ੍ਹਾਂ ਦੇ ਨਾਲ ਰਿਟਾਇਰਡ ਪ੍ਰੋਫੈਸਰ ਡਾ: ਕਮਲ ਗੁਰਮੀਤ ਸਿੰਘ ਵੀ ਬੈਠੇ ਹੋਏ ਸਨ। ਉਨ੍ਹਾਂ ਆਸ਼ਰਮ ਵਿੱਚ ਸੇਵਾ ਨਿਭਾ ਰਹੇ ਸਾਰੇ ਕਰਮਚਾਰੀਆਂ ਨਾਲ ਜਾਣ-ਪਛਾਣ ਕਰਵਾਈ। ਡਾ: ਹਰਸ਼ ਕੁਮਾਰ (ਮੈਡੀਕਲ ਅਫਸਰ), ਰੁਪਿੰਦਰ ਕੌਰ (ਆਫਿਸ ਸੁਪਰਡੈਂਟ), ਗੁਰਪ੍ਰੀਤ ਕੌਰ (ਸੁਪਰਡੈਂਟ ਐਕਾਊਂਟਸ), ਗੁਰਦੀਪ ਕੌਰ (ਸਟਾਫ ਨਰਸ) ਜਮਨਾ ਦੇਵੀ (ਟੇਲਰ) ਸੰਦੀਪ ਕੌਰ (ਫਾਰਮਾਸਿਸਟ) ਨੇ ਆਪਣੇ ਆਪਣੇ ਕੰਮ ਬਾਰੇ ਜਾਣਕਾਰੀ ਦਿੱਤੀ। ਮੈਂ ਪੰਜਾਬੀ ਨੈਸ਼ਨਲ ਟੀ.ਵੀ. ਲਈ ਇਸ ਆਸ਼ਰਮ ਵਿੱਚ ਬਿਤਾਏ ਪਲਾਂ ਦੀ ਵੀਡੀਓ ਬਣਾਉਣ ਲਈ ਸੁਮੀਤ ਨੂੰ ਲੈ ਕੇ ਗਈ ਸੀ। ਉਹ ਨਾਲੋ ਨਾਲ ਸਾਰੀ ਗੱਲਬਾਤ ਦੀ ਵੀਡੀਓ ਬਣਾਈ ਜਾ ਰਿਹਾ ਸੀ।
ਸਭ ਤੋਂ ਪਹਿਲਾਂ ਉਹ ਸਾਈਕਲ ਵੇਖਿਆ, ਜਿਹਦੇ ‘ਤੇ ਸੁਆਰ ਹੋ ਕੇ ਪਹਿਲੇ ਚਾਰ ਸਾਲ (2005 ਤੋਂ 2009 ਤੱਕ) ਲੁਧਿਆਣੇ ਸ਼ਹਿਰ ਦੀਆਂ ਸੜਕਾਂ ਤੇ ਘੁੰਮ ਫਿਰ ਕੇ, ਮਾਂਗਟ ਜੀ ਨੇ ਲਾਵਾਰਸ, ਬੇਸਹਾਰਾ, ਬੇਘਰ, ਅਪਾਹਜ, ਗਰੀਬ, ਬਿਮਾਰ ਲੋਕਾਂ ਦੀ ਸੇਵਾ-ਸੰਭਾਲ ਦਾ ਕਾਰਜ ਲਗਪਗ ਅਠਾਰਾਂ ਸਾਲ ਪਹਿਲਾਂ ਅਰੰਭਿਆ ਸੀ। ਨੱਬੇ ਰੁਪਏ ਦੀ ਖਰੀਦੀ ਹੋਈ ਇੱਕ ਲਾਲਟੈਣ, ਜੋ ਕਿ ਹਨੇਰੇ ਵਿੱਚ ਚਾਨਣ ਕਰਨ ਲਈ ਆਪਣੇ ਸਾਈਕਲ ਨਾਲ ਲਟਕਾ ਕੇ ਰਖਦੇ ਸੀ, ਸੈਂਕੜੇ ਹਨੇਰਾ ਢੋਂਦੇ ਵਿਅਕਤੀਆਂ ਲਈ ਰੋਸ਼ਨੀ ਦਾ ਪ੍ਰਤੀਕ ਬਣੀ ਅੱਜ ਵੀ ਉਥੇ ਮੌਜੂਦ ਸੀ। ਨਾਲ ਹੀ 130 ਰੁਪਏ ‘ਚ ਖਰੀਦਿਆ ਮਿੱਟੀ ਦੇ ਤੇਲ ਵਾਲਾ ਸਟੋਵ ਪਿਆ ਸੀ ਜਿਸ ਉਪਰ ਉਸ ਸਮੇਂ ਚਾਹ-ਪਾਣੀ, ਪਸ਼ਾਦਾ ਆਦਿਕ ਤਿਆਰ ਕਰਦੇ ਸੀ। ਡਾ: ਮਾਂਗਟ ਨੇ 23 ਮਾਰਚ 2009 ਨੂੰ ਇਸ ਜਗ੍ਹਾ ਤਰਪਾਲ ਦਾ ਤੰਬੂ ਲਾ ਕੇ ਇਸੇ ਹੀ ਲਾਲਟੈਣ ਤੇ ਸਟੋਵ ਨਾਲ ਆਤਮਾ ਰਾਮ ਤੇ ਨਨਕੀ ਨਾਂ ਦੇ ਦੋ ਮਜ਼ਦੂਰਾਂ ਸੰਗ ਨਿਆਸਰਿਆਂ ਦਾ ਆਸਰਾ ਬਣਾਉਣ ਦਾ ਮੁੱਢ ਬੰਨ੍ਹਿਆ ਸੀ। ਆਤਮਾ ਰਾਮ ਸ਼ੂਗਰ ਦਾ ਮਰੀਜ਼ ਸੀ ਜਿਸ ਨੂੰ ਉਨ੍ਹਾਂ ਲੁਧਿਆਣੇ ਵਾਲੀ (ਉਸ ਵੇਲੇ ਸੁੱਕੀ) ਨਹਿਰ ਵਿਚੋਂ ਚੁੱਕ ਕੇ ਹਸਪਤਾਲ ਇਲਾਜ ਕਰਵਾਇਆ ਸੀ। ਅੱਜ ਗੁਰੂ ਅਮਰ ਦਾਸ ਅਪਾਹਜ਼ ਆਸ਼ਰਮ ਦੇ ਕੋਲ ਢਾਈ ਏਕੜ ਦੇ ਕਰੀਬ ਜ਼ਮੀਨ ਹੈ। ਸਾਰੀ ਜ਼ਮੀਨ-ਜਾਇਦਾਦ ਆਸ਼ਰਮ ਦੇ ਨਾਮ ਹੈ ਜੋ ਕਿ ਇੱਕ ਚੈਰਿਟੇਬਲ ਸੰਸਥਾ ਹੈ। ਆਸ਼ਰਮ ਬਣਨ ਵੇਲੇ ਇਹ ਜਗ੍ਹਾ ਪਿੰਡਾਂ ਤੋਂ ਦੂਰ ਇੱਕ ਸੁੰਨ-ਸਾਨ ਜਗ੍ਹਾ ਸੀ। ਸਹੌਲੀ ਨੂੰ ਜਾਣ ਵਾਲੀ ਇਹ ਸੜਕ ਆਸ਼ਰਮ ਬਣਨ ਵੇਲੇ ਇੱਕ ਸੁੰਨਾ ਜਿਹਾ ਕੱਚਾ ਰਸਤਾ ਸੀ। ਕਦੇ ਕਦਾਈਂ ਹੀ ਕੋਈ ਸਾਇਕਲ ਵਾਲਾ ਇਸ ਕੱਚੇ ਰਸਤੇ ਲੰਘਦਾ ਸੀ।
ਹੁਣ ਆਸ਼ਰਮ ਵਿੱਚ 200 ਦੇ ਕਰੀਬ ਵਿਅਕਤੀ ਰਹਿੰਦੇ ਹਨ। ਇਨ੍ਹਾਂ ਵਿਚੋਂ 150 ਮਰਦ ਅਤੇ 50 ਔਰਤਾਂ ਹਨ । ਔਰਤਾਂ ਤਾਂ ਆਸ਼ਰਮ ਦੀ ਬਣੀ ਹੋਈ ਤਿੰਨ ਮੰਜ਼ਲੀ ਇਮਾਰਤ ਵਿੱਚ ਬਣੇ ਹਾਲ ਕਮਰਿਆਂ ਵਿੱਚ ਰਹਿੰਦੀਆਂ ਹਨ। ਉਨ੍ਹਾਂ ਲਈ ਬੜੇ ਸਾਫ਼-ਸੁਥਰੇ ਮੰਜੇ ਬਿਸਤਰੇ ਲਗੇ ਹਨ। ਮਰਦਾਂ ਦਾ ਨਿਵਾਸ ਅਸਥਾਨ ਅਜੇ ਸ਼ੈਡਾਂ ਵਿੱਚ ਹੈ। 50 ਸਾਲ ਦੀ ਉਮਰ ਤੋਂ ਵੱਧ ਵਾਲੇ ਮਰਦਾਂ ਲਈ ਸੀਨੀਅਰ ਸਿਟੀਜ਼ਨ ਦਾ ਵੱਡਾ ਹਾਲ ਹੈ । ਬਾਕੀ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਵੱਖ ਵੱਖ ਸ਼ੈਡਾਂ ਵਿੱਚ ਰੱਖਿਆ ਜਾਂਦਾ ਹੈ। ਡੇਢ ਸੌ ਦੇ ਕਰੀਬ ਮਰੀਜ਼ ਰੋਜ਼ਾਨਾ ਦਵਾਈ ‘ਤੇ ਨਿਰਭਰ ਕਰਦੇ ਹਨ।
ਦਿਨ ਵੇਲੇ ਲਗਪਗ ਸਾਰੇ ਮਰਦ ਔਰਤਾਂ ਆਪੋ ਆਪਣੇ ਕਮਰਿਆਂ ਵਿਚੋਂ ਬਾਹਰ ਨਿਕਲ ਕੇ ਸਾਂਝੀ ਥਾਂ ਤੇ ਬੈਠ ਜਾਂਦੇ ਹਨ ਅਤੇ ਹਮ-ਉਮਰਾਂ ਨਾਲ ਸਮਾਂ ਬਿਤਾਉਂਦੇ ਤਾਜ਼ੀ ਹਵਾ ਅਤੇ ਖੁੱਲ੍ਹ-ਡੁੱਲ੍ਹ ਦਾ ਆਨੰਦ ਮਾਣਦੇ ਹਨ। ਬਹੁਤ ਹੀ ਸਾਫ਼-ਸੁਥਰੀ ਰਸੋਈ ਵਿੱਚ 250 ਦੇ ਕਰੀਬ ਵਿਅਕਤੀਆਂ ਦਾ ਪ੍ਰਸ਼ਾਦਾ ਤਿਆਰ ਹੁੰਦਾ ਹੈ ਅਤੇ ਮਰਦ-ਔਰਤਾਂ ਵੱਡੇ ਲੰਗਰ ਹਾਲ ਵਿੱਚ ਜ਼ਮੀਨ ਤੇ ਬੈਠ ਕੇ ਜਾਂ ਪਾਸੇ ਲਗੇ ਬੈਂਚਾ ਤੇ ਬੈਠ ਕੇ ਪ੍ਰਸ਼ਾਦਾ ਖਾਂਦੇ ਹਨ।
ਆਸ਼ਰਮ ‘ਚ ਰਹਿਣ ਵਾਲੇ ਮਰਦ ਔਰਤਾਂ ਨਾਲ ਵੀ ਗੱਲਾਂ ਕੀਤੀਆਂ। ਸਭ ਦੀਆਂ ਦੁੱਖ ਭਰੀਆਂ ਕਹਾਣੀਆਂ ਧੁਰ ਅੰਦਰ ਕਾਂਬਾ ਛੇੜ ਰਹੀਆਂ ਸਨ। ਮਾਲਤੀ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਮੈਨੂੰ ਅਧਰੰਗ ਹੋਗਿਆ ਸੀ ਜਿਸ ਕਰਕੇ ਮੇਰਾ ਪਤੀ, ਜੋ ਕਿ ਰਿਕਸ਼ਾ ਚਲਾਉਂਦਾ ਸੀ, ਮੈਨੂੰ ਝਾੜੀਆਂ ਵਿੱਚ ਸੁੱਟ ਗਿਆ ਸੀ। ਦਿਮਾਗੀ ਸੰਤੁਲਨ ਗੁਆ ਚੁੱਕੀ ਨੀਲਮ ਨਾਂ ਦੀ ਔਰਤ ਲੁਧਿਆਣਾ ਸ਼ਹਿਰ ਦੇ ਭਾਈ ਰਣਧੀਰ ਸਿੰਘ ਨਗਰ ‘ਚ ਰਾਤ ਨੂੰ ਫੁੱਟ-ਪਾਥ ‘ਤੇ ਪਈ ਸੀ ਜਿਸ ਨੂੰ ਕੋਈ ਭਲਾ ਪੁਰਸ਼ ਪੁਲਿਸ ਮਦਦ ਨਾਲ ਆਸ਼ਰਮ ‘ਚ ਲੈ ਆਇਆ ਸੀ। ਇੱਕ ਦਿਮਾਗੀ ਸੰਤੁਲਨ ਗੁਆ ਚੁੱਕੀ ਔਰਤ ਜੋ ਕਿ ਬੋਲਦੀ ਨਹੀਂ ਸੀ ਪਤਾ ਲੱਗਿਆ ਕਿ ਰਾਤ ਦੇ ਹਨ੍ਹੇਰੇ ‘ਚ ਇਸ ਨੂੰ ਕੋਈ ਪੱਖੋਵਾਲ ਪਿੰਡ ਦੇ ਨਜ਼ਦੀਕ ਖੇਤਾਂ ‘ਚ ਸੁੱਟ ਗਿਆ ਸੀ। ਕਿਸੇ ਦੀ ਬਾਂਹ ਕੱਟੀ ਹੋਈ ਸੀ, ਕਿਸੇ ਦੀ ਲੱਤ ਮੁੱਢੋਂ ਕੱਟੀ ਹੋਈ ਸੀ।
ਮਰਦਾਂ ਵਾਲੇ ਪਾਸੇ ਗਏ ਕੋਈ ਉਚੀ-ਉਚੀ ਚੀਕਾਂ ਮਾਰ ਰਿਹਾ ਸੀ। ਕੁੱਝ ਮਰੀਜ਼ ਬੋਲ ਹੀ ਨਹੀਂ ਸਕਦੇ ਸਨ। ਦਿਮਾਗੀ ਸੰਤੁਲਨ ਗੁਆ ਚੁੱਕੇ ਕਈਆਂ ਨੂੰ ਆਪਣੀ ਸੁੱਧ-ਬੁੱਧ ਹੀ ਨਹੀਂ ਸੀ ਅਤੇ ਕੋਈ ਇਤਨਾ ਖਤਰਨਾਕ ਕਿ ਉਸ ਨੂੰ ਬੰਨ੍ਹ ਕੇ ਰਖਣਾ ਪੈਂਦਾ ਸੀ। ਇੱਕ ਸ਼ੈਡ ਵਿੱਚ ਚਾਰ ਕੁ ਬੱਚੇ ਮੰਜਿਆਂ ਤੇ ਪਏ ਸਨ, ਜਿਨ੍ਹਾਂ ਦੀ ਸੰਭਾਲ ਕਰਨ ਵਾਲੇ ਸੇਵਾਦਾਰ ਨੇ ਦੱਸਿਆ ਕਿ ਇਹ ਬੱਚੇ ਨਹੀਂ ਸਗੋਂ 20-22 ਸਾਲ ਤੋਂ ਜ਼ਿਆਦਾ ਉਮਰ ਦੇ ਹਨ। ਇਨ੍ਹਾਂ ਦਾ ਵਿਕਾਸ ਨਹੀਂ ਹੋਇਆ ਹੈ। ਨਾ ਹੀ ਇਹ ਆਪਣੇ ਆਪ ਖਾ-ਪੀ ਸਕਦੇ ਹਨ ਜਾਂ ਉਠ ਬੈਠ ਸਕਦੇ ਹਨ। ਇਥੇ ਆ ਕੇ ਵੇਖੋ ਤਾਂ ਰੱਬ ਦੀ ਆਖੀ ਜਾਣ ਵਾਲੀ ਇਸ ਦੁਨੀਆਂ ਦਾ ਹਨ੍ਹੇਰਾ ਪੱਖ ਨਜ਼ਰੀਂ ਪੈਂਦਾ ਹੈ। ਪਰ ਆਫ਼ਰੀਨ ਹਨ! ਇੱਥੇ ਨੌਕਰੀ ਕਰ ਰਹੇ ਮੁਲਾਜ਼ਮ, ਡਾਕਟਰ, ਨਰਸਾਂ, ਫਿਜ਼ੀਓਥੈਰੇਪਿਸਟ ਅਤੇ ਸੇਵਾਦਾਰ ਜਿਨ੍ਹਾਂ ਦੇ ਮੱਥੇ ਤੇ ਸ਼ਿਕਨ ਵੀ ਵੇਖੀ ਹੋਵੇ। ਸਗੋਂ ਉਹ ਕਹਿੰਦੇ ਹਨ ਕਿ ਸਾਨੂੰ ਇੱਥੇ ਕੰਮ ਕਰਕੇ ਸਕੂਨ ਮਿਲਦਾ ਹੈ।‘ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹਿ ਬੈਸਣੁ ਪਾਈਐ॥’ ਗੁਰਵਾਕ ਅਜਿਹੇ ਲੋਕਾਂ ਤੇ ਹੀ ਪੂਰਾ ਉਤਰਦਾ ਹੈ।
ਇੱਕ ਵੀਲ ਚੇਅਰ ਤੇ ਬੈਠਾ ਦਿਮਾਗੀ ਸੰਤੁਲਨ ਗੁਆ ਚੁੱਕਾ ‘ਗੁਲਾਬ’ ਨਾਂ ਦਾ ਮਰੀਜ਼ ਸੀ ਜਿਸ ਨੂੰ ਡਾ. ਮਾਂਗਟ ਜੀ 2012 ‘ਚ ਜ਼ਖਮਾਂ ਨਾਲ ਗਲ਼ੇ ਹੋਏ ਲਗਪਗ ਮੁਰਦਾ ਹਾਲਤ ਵਿੱਚ ਸੜਕ ਕੰਢਿਓਂ ਚੁੱਕ ਕੇ ਲਿਆਏ ਦੱਸੇ ਗਏ। ਹੁਣ ਇਹ ਵੀਲ ਚੇਅਰ ਨੂੰ ਹੱਥਾਂ ਨਾਲ ਰੇੜ੍ਹ ਕੇ ਇੱਧਰ ਉਧਰ ਤੁਰ ਫਿਰ ਲੈਂਦਾ ਹੈ। ਜਿਹੜੇ ਆਪਣਾ ਨਾਂ ਨਹੀਂ ਦੱਸ ਸਕਦੇ ਉਨ੍ਹਾਂ ਦੇ ਨਾਮ ਆਸ਼ਰਮ ‘ਚ ਆਪੇ ਰੱਖ ਲਏ ਜਾਂਦੇ ਹਨ। ਕਿਸੇ ਦਾ ਨਾਮ ਰੱਬ ਜੀ, ਕਿਸੇ ਦਾ ਮੰਡੀ, ਕਿਸੇ ਦਾ ਗੁਲਾਬ ਤੇ ਕਿਸੇ ਦਾ ਪੱਖੋਵਾਲ ਵਾਲੀ। ਸੋ ਲੰਮੀਆਂ ਕਹਾਣੀਆਂ ਹਨ ਲਗਪਗ ਹਰੇਕ ਬੇਸਹਾਰਾ ਆਖੇ ਜਾਣ ਵਾਲੇ ਇਨ੍ਹਾਂ ਰੱਬ ਦੇ ਬੰਦਿਆਂ ਦੀਆਂ ਜਿਨ੍ਹਾਂ ਨੂੰ ਇਸ ਆਸ਼ਰਮ ਨੇ ਆਪਣੇ ਨਿੱਘੇ ਕਲਾਵੇ ਵਿੱਚ ਲਿਆ ਹੋਇਆ ਹੈ।
ਇਮਾਰਤ ਦੀ ਤੀਸਰੀ ਮੰਜ਼ਲ ਉਪਰ ਗੁਰਦੁਆਰਾ ਸਾਹਿਬ ਹਨ। ਇੱਥੇ ਰੋਜ਼ਾਨਾ ਨਿਤਨੇਮ ਹੁੰਦਾ ਹੈ। ਸਾਰਾ ਦਿਨ ਗੁਰਬਾਣੀ ਚਲਦੀ ਹੈ ਜੋ ਕਿ ਆਸ਼ਰਮ ਦੇ ਹਰ ਭਾਗ ਵਿੱਚ ਸੁਣਾਈ ਦਿੰਦੀ ਹੈ। ਲੱਖਾਂ ਰੁਪਏ ਮਹੀਨੇ ਦਾ ਇਸ ਆਸ਼ਰਮ ਦਾ ਖਰਚਾ ਹੈ ਜੋ ਸੰਗਤਾਂ ਦੇ ਸਹਿਯੋਗ ਅਤੇ ਅਸੀਸਾਂ ਨਾਲ ਹੀ ਚੱਲਦਾ ਹੈ। ਗੁਰਬਾਣੀ ਦੇ ਗੁਰਵਾਕ “ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ॥” ਵਾਲੀ ਦਰਸਾਈ ਉਸ ਦਾਤੇ ਦੀ ਕਲਾ ਇੱਥੇ ਜ਼ਾਹਰਾ ਵਰਤਦੀ ਮਹਿਸੂਸ ਹੁੰਦੀ ਹੈ।
ਮਨੁੱਖਤਾ ਦੇ ਭਲੇ ਲਈ ਆਰੰਭੀ ਤੀਜੇ ਪਾਤਸ਼ਾਹ ਗੁਰੂ ਅਮਰ ਦਾਸ ਜੀ ਦੇ ਸਹਾਰੇ ਚਲਦੀ ਇਸ ਚੈਰੀਟੇਬਲ ਸੰਸਥਾ ਨੂੰ ਹਰ ਵੇਲੇ ਮੱਦਦ ਦੀ ਲੋੜ ਹੈ। ਸ਼ੈਡਾਂ ‘ਚ ਰਹਿ ਰਹੇ ਮਰਦ ਮਰੀਜ਼ਾਂ ਲਈ ਇੱਕ ਬਹੁਤ ਵੱਡੀ ਤਿੰਨ ਮੰਜ਼ਲੀ ਇਮਾਰਤ ਦਾ ਕੰਮ ਚਲ ਰਿਹਾ ਹੈ, ਜਿਸ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਅਤੇ ਅਸੀਸਾਂ ਦੀ ਬੇਹੱਦ ਲੋੜ ਹੈ ਜੀ।
ਗੁਰਚਰਨ ਕੌਰ ਥਿੰਦ (ਲੇਖਕ)
ਸੰਪਰਕ: ਆਸ਼ਰਮ (ਦਫਤਰ) 95018-42505; ਡਾ. ਨੌਰੰਗ ਸਿੰਘ ਮਾਂਗਟ, ਇੰਡੀਆ: 95018-42506; ਕੈਲਗਰੀ (ਕੈਨੇਡਾ) 403-401-8787; ਗੁਰਚਰਨ ਕੌਰ ਥਿੰਦ (ਲੇਖਕ), ਕੈਲਗਰੀ, ਕੈਨੇਡਾ: 403-402-9635
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly