ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਸਾਹਿਬ ਨੇ ਨੰਬਰਦਾਰਾਂ ਦੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਨੂੰ ਜਾਰੀ ਕੀਤਾ ਸਰਕਾਰੀ ਪੱਤਰ।
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਨੰਬਰਦਾਰ ਯੂਨੀਅਨ 643®️ ਦੇ ਸੀਨੀਅਰ ਮੀਤ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਜ਼ਿਲ੍ਹਾ ਜਲੰਧਰ ਦੇ ਸਮੂਹ ਨੰਬਰਦਾਰ ਸਾਹਿਬਾਨਾਂ ਨੂੰ ਸੁਚੇਤ ਕੀਤਾ ਹੈ ਕਿ ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਬੀਤੇ ਸਾਲ ਅਗਸਤ 2022 ਨੂੰ ਸੂਬੇ ਦੇ ਸਿਪਾ-ਸਿਲਾਰਾਂ ਨੇ ਲਿਖਤੀ ਮਤਾ ਪਾਸ ਕਰਕੇ ਗੁਰਪਾਲ ਸਿੰਘ ਸਮਰਾ ਨੂੰ ਰਜਿ: ਜਥੇਬੰਦੀ 643 ‘ਚੋਂ ਬਰਖ਼ਾਸਤ ਕਰ ਅਖਬਾਰਾਂ ਰਾਹੀਂ ਸਮੁੱਚੇ ਪੰਜਾਬ ਦੇ ਨੰਬਰਦਾਰਾਂ ਨੂੰ ਜਾਣੂੰ ਕਰਵਾ ਦਿੱਤਾ ਸੀ ਉਪਰੰਤ ਸ. ਬਲਜਿੰਦਰ ਸਿੰਘ ਕਿੱਲੀ ਨੂੰ ਸਰਬ ਸੰਮਤੀ ਨਾਲ ਸੂਬਾ ਪ੍ਰਧਾਨ ਨਿਯੁਕਤ ਕਰ ਦਿੱਤਾ ਸੀ। ਸੰਧੂ ਨੇ ਕਿਹਾ ਕਿ ਗੁਰਪਾਲ ਸਿੰਘ ਸਮਰਾ ਜ਼ਿਆਦਾਤਰ ਸਮਾਂ ਵਿਦੇਸ਼ ਵਿੱਚ ਰਹਿੰਦੇ ਹਨ, ਜਦੋਂ ਕਿਤੇ ਵਿਦੇਸ਼ ਤੋਂ ਪਰਤਦੇ ਹਨ ਫਿਰ ਨੰਬਰਦਾਰਾਂ ਅਤੇ ਸਰਕਾਰਾਂ ਖਿਲਾਫ਼ ਛਲਾਵੇ ਕਰਦੇ ਹਨ, ਨੰਬਰਦਾਰਾਂ ਦੇ ਮਾਣ ਸਨਮਾਨ ਦਾ ਘਾਣ ਕਰਦੇ ਹਨ, ਸਿੱਟੇ ਵੱਜੋਂ ਕੋਈ ਵੀ ਮੰਗ ਮੰਨੀ ਨਹੀਂ ਜਾਂਦੀ। ਗੁਰਪਾਲ ਸਮਰਾ ਦਾ ਖਾਸ ਅੰਦਾਜ਼ ਹੈ ਕਿ ਜਿਹੜੀ ਵੀ ਸਰਕਾਰ ਆਉਂਦੀ ਹੈ ਉਸੇ ਤਰੀਕੇ ਦਾ “ਪਹਿਰਾਵਾ” ਪਹਿਨਕੇ ਗਿਰਗਟ ਵਾਂਗ ਰੰਗ ਬਦਲਦੇ ਹਨ।
ਸਰਕਾਰ ਅਤੇ ਉਸਦੇ ਨੁਮਾਇੰਦਿਆਂ ਨਾਲ ਛਲਾਵਾ ਕਰਕੇ ਆਪਣੇ ਆਪ ਨੂੰ ਉਸ ਸਮੇਂ ਦੀ ਪਾਰਟੀ ਦਾ ਵੱਡਾ ਹਿਤੈਸ਼ੀ ਬਣਨ ਦਾ ਡਰਾਮਾ ਰਚਦੇ ਹਨ। ਉਦਾਹਰਣ ਵਜੋਂ ਅਕਾਲੀ ਸਰਕਾਰ ਦੇ ਸਮੇਂ ਸੰਗਰੂਰ ਵਿਖੇ ਕੀਤੀ ਰੈਲੀ ਮੌਕੇ ਗੁਰਪਾਲ ਸਮਰਾ ਨੇ “ਨੀਲਾ ਪਹਿਰਾਵਾ” ਸਜਾ ਲਿਆ ਜੋ ਇਹ ਦੇਖਕੇ ਕਾਂਗਰਸੀ ਨੰਬਰਦਾਰ ਅੱਗ ਬਬੂਲੇ ਹੋ ਗਏ ਅਤੇ ਕੈਬਿਨੇਟ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਦੀ ਹਾਜ਼ਰੀ ਵਿੱਚ “ਬਾਦਲ ਸਰਕਾਰ ਮੁਰਦਾਬਾਦ” ਦੇ ਨਾਅਰੇ ਲਗਾਉਂਦੇ ਹੋਏ ਪੰਡਾਲ ਛੱਡਣ ਦੇ ਨਾਲ-ਨਾਲ ਯੂਨੀਅਨ ਦਾ ਸਾਥ ਵੀ ਛੱਡ ਗਏ। ਹੁਣ ਫਿਰ ਇਸ ਗੁਰਪਾਲ ਸਮਰਾ ਨੇ ਆਪ ਦੀ ਸਰਕਾਰ ਹੋਣ ਕਾਰਨ “ਪੀਲਾ ਪਹਿਰਾਵਾ” ਸਜਾ ਲਿਆ ਹੈ ਅਤੇ ਪੰਜਾਬ ਸਰਕਾਰ ਨੂੰ ਚਿੱਟੇ ਦਿਨ ਹੀ ਛਲਾਵਾ ਦੇ ਰਹੇ ਹਨ ਜਦਕਿ ਸ਼ਾਮ ਹੁੰਦੇ ਹੀ “ਚਿੱਟਾ ਪਹਿਰਾਵਾ” ਸਜਾ ਕੇ ਕਾਂਗਰਸ ਪਾਰਟੀ ਦਾ ਤਕੜਾ ਵਰਕਰ ਹੋਣ ਦਾ ਦਾਅਵਾ ਠੋਕਦੇ ਹਨ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਕਿਹਾ ਕਿ ਗੁਰਪਾਲ ਸਮਰਾ ਨੂੰ ਪਹਿਲਾਂ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਓਹ ਅਕਾਲੀ ਹਨ, ਕਾਂਗਰਸੀ ਹਨ ਜਾਂ ਫਿਰ ਆਮ ਪਾਰਟੀ ਦੇ ਹਨ। ਉਹਨਾਂ ਕਿਹਾ ਕਿ ਗੁਰਪਾਲ ਸਮਰਾ ਨੇ ਹਾਲ ਹੀ ਵਿੱਚ ਇੱਕ ਸੱਦਾ ਪੱਤਰ ਕਾਰਡ ਵਿੱਚ “ਪੰਜਾਬ ਨੰਬਰਦਾਰ ਯੂਨੀਅਨ ਸਮਰਾ ਰਜਿ 643” ਛੱਪਵਾਕੇ ਫਿਰ ਨੰਬਰਦਾਰਾਂ ਅਤੇ ਹੋਰ ਲੋਕਾਂ ਨਾਲ ਸ਼ਰੇਆਮ ਧੋਖਾ ਕੀਤਾ ਹੈ ਜਦਕਿ ਉਕਤ ਜਥੇਬੰਦੀ ਕਿਤੇ ਰਜਿਸਟਰਡ ਨਹੀਂ ਹੈ।
ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਜ਼ਿਲ੍ਹਾ ਜਲੰਧਰ ਦੇ ਨੰਬਰਦਾਰਾਂ ਨੂੰ ਦੱਸਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਵੰਤ ਸਿੰਘ ਸੰਧਵਾਂ ਨੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਕਿੱਲੀ ਨੇ ਨਾਮ ਸਰਕਾਰੀ ਪੱਤਰ ਜਾਰੀ ਕਰਦਿਆਂ ਲਿਖਿਆ ਹੈ ਕਿ ਤੁਹਾਡਾ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਪਾਸ ਸਰਕਾਰੀ ਤੌਰ ‘ਤੇ ਭੇਜ ਦਿੱਤਾ ਹੈ ਅਤੇ ਜਲਦੀ ਹੀ ਉਹਨਾਂ ਨਾਲ ਬੈਠਕ ਹੋਵੇਗੀ ਅਤੇ ਮੰਗਾਂ ਦਾ ਨਿਵਾਰਣ ਕਰ ਦਿੱਤਾ ਜਾਵੇਗਾ। ਸਰਕਾਰੀ ਚਿੱਠੀ ਦੀ ਸੂਹ ਮਿਲਣ ਉਪਰੰਤ ਗੁਰਪਾਲ ਸਮਰਾ ਤਰਲੋ ਮੱਛੀ ਹੋ ਗਿਆ ਹੈ ਕਿਉਂਕਿ ਉਸਨੂੰ ਯਕੀਨ ਹੈ ਕਿ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਕਿੱਲੀ, ਸੂਬਾ ਸਕੱਤਰ ਧਰਮਿੰਦਰ ਖੱਟਰਾਂ ਅਤੇ ਉਹਨਾਂ ਦੀ ਟੀਮ ਸਲੀਕੇ ਨਾਲ ਮੰਗਾਂ ਮੰਨਵਾਉਣ ਵਿੱਚ ਕਾਮਯਾਬ ਹੋ ਹੀ ਜਾਵੇਗੀ ਅਤੇ ਉਸਦੇ ਪੱਲੇ ਕੁੱਝ ਵੀ ਨਹੀਂ ਰਹੇਗਾ। ਸਮੂਹ ਜ਼ਿਲ੍ਹੇ ਦੇ ਨੰਬਰਦਾਰ ਵਿਦੇਸ਼ੀ ਅਤੇ ਗਿਰਗਟ ਵਾਂਗ ਪਹਿਰਾਵਾ ਬਦਲਣ ਵਾਲੇ ਅਤੇ ਬਨਾਉਟੀ ਜਥੇਬੰਦੀ ਦੇ ਸੂਬਾ ਪ੍ਰਧਾਨ ਅਖਵਾਉਣ ਵਾਲੇ ਗੁਰਪਾਲ ਸਮਰੇ ਦੀਆਂ ਛਲਾਵੇ ਭਰੀਆਂ ਚਾਲਾਂ ਤੋਂ ਸਾਵਧਾਨ ਰਹਿਣ। ਨੰਬਰਦਾਰ ਪਰਿਵਾਰ ਵਿੱਚ ਹਰ ਰਾਜਨੀਤਕ ਪਾਰਟੀ ਦੇ ਨੰਬਰਦਾਰ ਹਨ, ਕਿਸੇ ਵੀ ਨੰਬਰਦਾਰ ਜਾਂ ਉਸਦੇ ਨਜ਼ਦੀਕੀਆਂ ਨੂੰ ਕਿਸੇ ਇੱਕ ਪਾਰਟੀ ਨੂੰ ਵੋਟ ਪਾਉਣ ਲਈ ਪਾਬੰਦ ਨਹੀਂ ਕੀਤਾ ਜਾ ਸਕਦਾ। ਸਰਕਾਰਾਂ ਨੂੰ ਡਰਾ ਧਮਕਾ ਕੇ ਨਹੀਂ ਮਸਲੇ ਹੱਲ ਨਹੀਂ ਹੁੰਦੇ ਸਗੋਂ ਸੂਝਬੂਝ ਨਾਲ ਗੱਲਬਾਤ ਕਰਕੇ ਹੀ ਹੱਲ ਹੁੰਦੇ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly