ਮਾਪਿਆਂ ਵੱਲੋਂ ਬੱਚੀ ਨੂੰ ਜਲਦ ਤੋਂ ਜਲਦ ਭਾਰਤ ਵਾਪਿਸ ਲਿਆਉਣ ਦੀ ਮੰਗ
ਕਪੂਰਥਲਾ(ਸਮਾਜ ਵੀਕਲੀ) ( ਕੌੜਾ ) –ਯੂਕਰੇਨ ’ਤੇ ਹੋਏ ਰੂਸੀ ਹਮਲੇ ਨਾਲ ਜਿੱਥੇ ਯੂਕਰੇਨ ਬੁਰੀ ਤਰ੍ਹਾਂ ਦਹਿਲ ਗਿਆ ਹੈ ਉਥੇ ਦੁਨੀਆਂ ਭਰ ਵਿੱਚ ਇਸ ਦੀ ਹਲਚਲ ਮਹਿਸੂਸ ਕੀਤੀ ਜਾ ਰਹੀ ਹੈ। ਭਾਰਤ ਤੋਂ ਬਹੁਤ ਸਾਰੇ ਪੜ੍ਹਾਈ ਕਰਨ ਗਏ ਹੋਏ ਬੱਚੇ ਯੂਕਰੇਨ ਵਿੱਚ ਫਸ ਗਏ ਹਨ। ਨੇੜੇਲੇ ਪਿੰਡ ਹੈਬਤਪੁਰ ਦੀ ਗੁਰਲੀਨ ਕੌਰ ਪੁੱਤਰੀ ਸੁਖਵਿੰਦਰ ਸਿੰਘ ਵੀ ਯੂਕਰੇਨ ਵਿੱਚ ਫਸ ਗਈ ਹੈ। ਗੁਰਲੀਨ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਮਾਤਾ ਰਮਨਦੀਪ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਗੁਰਲੀਨ 2018 ਵਿੱਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਲਈ ਯੂਕਰੇਨ ਗਈ ਸੀ ਅਤੇ ਹੁਣ ਉਹ ਚੌਥੇ ਸਾਲ ਦੀ ਪੜ੍ਹਾਈ ਕਰ ਰਹੀ ਸੀ।
ਉਨ੍ਹਾਂ ਦੱਸਿਆ ਕਿ ਗੁਰਲੀਨ ਦੀ ਅਜੇ ਦੋ ਸਾਲ ਦੀ ਪੜ੍ਹਾਈ ਬਾਕੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਗੁਰਲੀਨ ਦੀ ਵਾਪਸੀ ਲਈ ਉਨ੍ਹਾਂ 26 ਫਰਵਰੀ ਦੀ ਟਿਕਟ ਵੀ ਬੁੱਕ ਕਰਵਾਈ ਸੀ ਪਰ 24 ਫਰਵਰੀ ਨੂੰ ਜੰਗ ਲੱਗ ਜਾਣ ਕਾਰਨ ਸਰਕਾਰ ਵੱਲੋਂ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇੰਟਰਨੈੱਟ ਦੀ ਸੇਵਾ ਚਾਲੂ ਹੋਣ ਕਰਕੇ ਲਗਾਤਾਰ ਉਨ੍ਹਾਂ ਦਾ ਗੁਰਲੀਨ ਨਾਲ ਸੰਪਰਕ ਬਣਿਆ ਹੋਇਆ ਹੈ ਅਤੇ ਉਹ ਬਿਲਕੁਲ ਠੀਕ-ਠਾਕ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਗੁਰਲੀਨ ਆਪਣੀਆਂ ਸਹੇਲੀਆਂ ਨਾਲ ਨਿੱਜੀ ਰਹਾਇਸ਼ ਵਿੱਚ ਰਹਿੰਦੀ ਸੀ ਪਰ ਹੁਣ ਉਹ ਯੂਨੀਵਰਸਿਟੀ ਵਿੱਚ ਬਾਕੀ ਬੱਚਿਆਂ ਨਾਲ ਤਬਦੀਲ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਗੁਰਲੀਨ ਸਮੇਤ ਸਾਰੇ ਬੱਚਿਆਂ ਨੇ 10-15 ਦਿਨ ਦਾ ਖਾਣ ਪੀਣ ਦਾ ਸਮਾਨ ਇੱਕਠਾ ਕਰਕੇ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਨੇ 26 ਫਰਵਰੀ ਨੂੰ ਉਨ੍ਹਾਂ ਕੋਲ ਆ ਜਾਣਾ ਸੀ ਪਰ ਰੂਸ ਵੱਲੋਂ ਕੀਤੇ ਗਏ ਹਮਲੇ ਨਾਲ ਗੁਰਲੀਨ ਦੀ ਵਾਪਸੀ ਨਹੀਂ ਹੋ ਸਕੀ। ਇਹ ਕਹਿੰਦਿਆਂ ਹੀ ਗੁਰਲੀਨ ਦੇ ਮਾਤਾ ਪਿਤਾ ਦੀਆਂ ਅੱਖਾਂ ’ਚ ਪਾਣੀ ਆ ਗਿਆ ਅਤੇ ਉਨ੍ਹਾਂ ਨੇ ਅੱਖਾਂ ਬੰਦ ਕਰਕੇ ਗੁਰਲੀਨ ਦੀ ਸੁੱਖ ਮੰਗੀ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਪਿੰਡ ਪੰਡੋਰੀ ਦੀ ਇੱਕ ਹੋਰ ਵਿਦਿਆਰਥਣ ਮੁਸਕਾਨ ਥਿੰਦ ਵੀ ਉਨ੍ਹਾਂ ਦੀ ਬੇਟੀ ਗੁਰਲੀਨ ਨਾਲ ਯੂਕਰੇਰਨ ਵਿੱਚ ਫਸੀ ਹੋਈ ਹੈ। ਮਾਪਿਆਂ ਵੱਲੋਂ ਜਿੱਥੇ ਗੁਰਲੀਨ ਨੂੰ ਵਾਪਿਸ ਲਿਆਉਣ ਲਈ ਸਰਕਾਰੇ-ਦਰਬਾਰੇ ਨੱਠ ਭੱਜ ਕੀਤੀ ਜਾ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly