

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਗੁਰਦੁਆਰਾ ਬਾਬਾ ਦਰਬਾਰਾ ਸਿੰਘ ਟਿੱਬਾ ਵਿਖੇ ਸੰਤ ਬਾਬਾ ਦਰਬਾਰਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸਾਖੀ ਦਾ ਪਾਵਨ ਪਵਿੱਤਰ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਬਾਹਰੇ ਇਲਾਕੇ ਦੇ ਨਾਮਵਰ ਪਿੰਡਾਂ ਟਿੱਬਾ, ਅਮਰਕੋਟ, ਭੀਲਾਂਵਾਲ, ਜਾਂਗਲਾ, ਗਾਂਧਾ ਸਿੰਘ ਵਾਲਾ, ਸ਼ਿਕਾਰਪੁਰ ,ਨਸੀਰਪੁਰ , ਭੋਰੂਵਾਲ, ਸੈਦਪੁਰ, ਨਵਾਂ ਠੱਟਾ ਅਤੇ ਬੂਲਪੁਰ ਵੱਲੋਂ ਸਾਂਝੇ ਤੌਰ ਤੇ ਵਿਸਾਖੀ ਮੇਲੇ ਦੇ ਆਯੋਜਨ ਵਿੱਚ ਸੰਗਤਾਂ ਵੱਲੋਂ ਵੱਡਮੁੱਲਾ ਯੋਗਦਾਨ ਪਾਇਆ ਗਿਆ। ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।ਇਸ ਮੌਕੇ ਸਜਾਏ ਗਏ ਧਾਰਮਿਕ ਦੀਵਾਨ ਮੌਕੇ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਵੱਲੋਂ ਗੁਰ ਇਤਿਹਾਸ ਦੀ ਸਾਂਝ ਪਾਈ ਗਈ। ਇਸ ਮੌਕੇ ਢਾਡੀ ਜਥਾ ਜਤਿੰਦਰਪਾਲ ਸਿੰਘ ਜੋਧ ਸਭਰਾਵਾਂ ਵਾਲੇ, ਭਾਈ ਅਵਤਾਰ ਸਿੰਘ ਦੂਲੋਵਾਲ ਵਾਲੇ ਕਵੀਸ਼ਰੀ ਜਥਾ, ਭਾਈ ਸੁਖਦੇਵ ਸਿੰਘ ਚਮਕਾਰਾ ਦੇ ਢਾਡੀ ਜਥੇ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੀ ਇਤਿਹਾਸਿਕ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਗਈ ਅਤੇ ਸਮੁੱਚੀਆਂ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਦਿੱਤੀ ਗਈ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਨਿਸ਼ਕਾਮ ਸੇਵਾ ਕਰਦਿਆਂ ਗੁਰੂ ਘਰ ਤੋਂ ਲਾਹਾ ਪ੍ਰਾਪਤ ਕੀਤਾ। ਸਟੇਜ ਸਕੱਤਰ ਦੀ ਸੇਵਾ ਭਾਈ ਇੰਦਰਜੀਤ ਸਿੰਘ ਬਜਾਜ ਸਾਬਕਾ ਸਰਪੰਚ ਠੱਟਾ ਨਵਾਂ ਵੱਲੋਂ ਨਿਭਾਈ ਗਈ । ਸਮਾਗਮ ਦੌਰਾਨ ਵੱਖ ਵੱਖ ਸ਼ਖਸ਼ੀਅਤਾਂ ਦਾ ਪ੍ਰਧਾਨ ਪਿਆਰਾ ਸਿੰਘ ,ਸਰਪ੍ਰਸਤ ਤਰਸੇਮ ਸਿੰਘ ਟਿੱਬਾ, ਖਜਾਨਚੀ ਮਾਸਟਰ ਗੁਰਬਚਨ ਸਿੰਘ, ਮਾਸਟਰ ਗੁਰਮੇਜ ਸਿੰਘ ਸੈਕਟਰੀ, ਜਸਪਾਲ ਸਿੰਘ ਮੀਤ ਪ੍ਰਧਾਨ, ਸੂਰਤ ਸਿੰਘ ਮੀਤ ਪ੍ਰਧਾਨ, ਬਲਵਿੰਦਰ ਸਿੰਘ ਮੀਤ ਖਜਾਨਚੀ, ਜਸਪ੍ਰੀਤ ਕੌਰ ਸਰਪੰਚ ਟਿੱਬਾ, ਬਲਵਿੰਦਰ ਸਿੰਘ ਬੱਗਾ, ਜਸਵੰਤ ਸਿੰਘ ਕੌੜਾ, ਤਰਸੇਮ ਸਿੰਘ ਆਦਿ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਇਲਾਕੇ ਭਰ ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸ਼ਿਰਕਤ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj