ਗੁਰਦੇਵ ਪਿਤਾ

ਰਮੇਸ਼ ਬੱਗਾ ਚੋਹਲਾ

(ਸਮਾਜ ਵੀਕਲੀ)

(20 ਜੂਨ ਪਿਤਾ ਦਿਵਸ)

ਦੁਨੀਆਂ ਦੇ ਸੂਝਵਾਨ ਹਲਕਿਆਂ ਵਿਚ ਮਾਂ ਨੂੰ ਰੱਬ ਦਾ ਦੂਜਾ ਰੂਪ ਕਹਿ ਕੇ ਸਤਿਕਾਰਿਆ ਅਤੇ ਪਿਆਰਿਆ ਜਾਂਦਾ ਹੈ। ਕਿਉਂਕਿ ਆਪਣੇ ਬੱਚੇ ਦੇ ਪਾਲਣ-ਪੋਸ਼ਣ ਹਿੱਤ ਆਪਣੀ ਮਾਂ ਤੋਂ ਵੱਡੀ ਕੁਰਬਾਨੀ ਦੁਨੀਆਂ ਦੇ ਹੋਰ ਕਿਸੇ ਵੀ ਰਿਸ਼ਤੇ ਵਿਚ ਦੇਖਣ ਨੂੰ ਨਹੀਂ ਮਿਲਦੀ ਪਰ ਇਸ ਕੁਰਬਾਨੀ ਦੇ ਜਜ਼ਬੇ ਨੂੰ ਹੁਲਾਰਾ ਬੱਚੇ ਦੇ ਪਿਤਾ ਵੱਲੋਂ ਹੀ ਦਿੱਤਾ ਜਾਂਦਾ ਹੈ। ਪਤਨੀ ਦੇ ਰੂਪ ਵਿਚ ਬੱਚੇ ਦੀ ਮਾਂ ਨੂੰ ਬੱਚੇ ਦੇ ਪਿਤਾ ਵੱਲੋਂ ਸਮੇਂ-ਸਮੇਂ ਦਿੱਤਾ ਗਿਆ ਹੁਲਾਰਾ ਅਤੇ ਸਹਾਰਾ ਉਸ ਮਾਂ ਦੀ ਸ਼ਕਤੀ ਅਤੇ ਸਮਰੱਥਾ ਹੋ ਨਿਬੜਦੀ ਹੈ। . ਆਪਣਿਆਂ ਬੱਚਿਆਂ ਨੂੰ ਸਹੀ ਸਮੇਂ ‘ਤੇ ਸਹੀ ਅਗਵਾਈ ਦੇਣੀ ਅਤੇ ਉਸ ਅਗਵਾਈ ਦੀ ਰੋਸ਼ਨੀ ਵਿਚ ਸਹੀ ਨਿਸ਼ਾਨਿਆਂ ਨੂੰ ਮਿਥਣ ਵਿਚ ਬੱਚੇ ਦੇ ਪਿਤਾ ਦਾ ਆਪਣਾ ਇੱਕ ਅਹਿਮ ਰੋਲ ਹੁੰਦਾ ਹੈ। ਜਿਹੜਾ ਪਿਤਾ ਆਪਣਾ ਇਹ ਰੋਲ ਸੁਚੱਜੇ ਢੰਗ ਨਾਲ ਨਹੀਂ ਨਿਭਾਉਂਦਾ ਉਹ ਆਪਣੀ ਔਲਾਦ ਦੇ ਪਿਆਰ ਅਤੇ ਸਤਿਕਾਰ ਦਾ ਪਾਤਰ ਨਹੀਂ ਬਣ ਸਕਦਾ। ਇਸ ਰੋਲ ਦਾ ਨਿਭਾਅ ਕਿਸੇ ਪਿਤਾ ਦੀ ਆਰਥਿਕਤਾ ਨਾਲ ਵੀ ਜੁੜਿਆ ਹੁੰਦਾ ਹੈ।

ਜੇਕਰ ਆਰਥਿਕਤਾ ਬਲਵਾਨ ਹੋਵੇਗੀ ਤਾਂ ਰੋਲ ਵੀ ਪ੍ਰਭਾਵਸ਼ਾਲੀ ਹੋਵੇਗਾ ਪਰ ਜੇਕਰ ਆਰਥਿਕਤਾ ਦਾਲ-ਫੁਲਕੇ ਜੋਗੀ ਹੀ (ਭਾਵ ਕਮਜ਼ੋਰ) ਹੋਵੇਗੀ ਤਾਂ ਪਿਤਾ ਜੀ ਦਾ ਇਹ ਰੋਲ ਵੀ ਬੁੱਤਾ-ਸਾਰ ਹੀ ਹੋਵੇਗਾ।ਖ਼ੈਰ ਆਰਥਿਕ-ਸਮਾਜਿਕ ਰੁਤਬਾ ਚਾਹੇ ਕੋਈ ਵੀ ਹੋਵੇਹਰੇਕ ਪਿਤਾ ਆਪਣੇ ਬੱਚਿਆਂ ਦਾ ਭਲਾ ਸੋਚਦਾ ਅਤੇ ਲੋਚਦਾ ਹੈ। ਉਹ ਚਾਹੁੰਦਾ ਹੈ ਕਿ ਉਸ ਦੀ ਔਲਾਦ ਉਸ ਤੋਂ ਵੀ ਚਾਰ ਕਦਮ ਅਗੇਰੇ ਜਾਵੇ। ਉਸ ਦੇ ਬੱਚਿਆਂ ਦੀ ਕਾਮਯਾਬੀ ਵਿਚ ਹੀ ਉਸ ਦੀ ਆਪਣੀ ਕਾਮਯਾਬੀ ਅਤੇ ਖ਼ੁਸ਼ੀ ਛੁਪੀ ਹੁੰਦੀ ਹੈ। ਜੇਕਰ ਬੱਚਿਆਂ ਨੂੰ ਕੋਈ ਭੁੱਖ/ਦੁੱਖ ਹੋਵੇ ਤਾਂ ਪਿਤਾ ਆਪਣੇ ਹਿੱਸੇ ਦੀ ਬੁਰਕੀ/ ਸੁੱਖ ਆਪਣੇ ਬੱਚਿਆਂ ਤੋਂ ਵਾਰ ਦਿੰਦਾ ਹੈ। ਇਸ ਵਾਰਨੇ ਦੀ ਭਾਵਨਾ ਨੂੰ ਉਹ ਆਪਣਾ ਧੰਨ ਭਾਗ ਸਮਝਦਾ ਹੈ। ਆਪਣੇ ਧੀਆਂ-ਪੁੱਤਰਾਂ ਦੀ ਤਰੱਕੀ ਉਸ ਲਈ ਖ਼ੁਸ਼ੀਆਂ-ਖੇੜਿਆਂ ਦਾ ਸਬੱਬ ਬਣਦੀ ਹੈ।

ਜਗ ‘ਤੇ ਪੁੱਤ ਤਾਂ ਕਪੁੱਤ ਹੁੰਦੇ ਅਕਸਰ ਸੁਣੇ ਜਾਂਦੇ ਹਨ ਪਰ ਕੋਈ ਪਿਤਾ ਕੁਪਿਤਾ ਹੁੰਦਾ ਬਹੁਤ ਹੀ ਘੱਟ ਸੁਣਾਈ/ਦਿਖਾਈ ਦਿੰਦਾ ਹੈ। ਪਿਤਾ ਆਪ ਤਾਂ ਕੰਡਿਆਲੀਆਂ ਰਾਹਾਂ ‘ਤੇ ਵੀ ਤੁਰ ਲੈਂਦਾ ਹੈ ਪਰ ਆਪਣੇ ਧੀਆਂ-ਪੁੱਤਰਾਂ ਦੀਆਂ ਰਾਹਾਂ ਵਿਚੋਂ ਹਮੇਸ਼ਾਂ ਕੰਡੇ ਚੁੱਗਦਾ ਰਹਿੰਦਾ ਹੈ। ਉਸ ਦੀ ਕਮਾਈ ਅਤੇ ਭਲਾਈ ਸਦਕਾ ਹੀ ਉਸ ਦੀ ਸੰਤਾਨ ਸਦਾ ਮੌਜ(ਖ਼ਸ਼ੀ) ਵਿਚ ਰਹਿੰਦੀ ਹੈ। ਤਾਂਹੀਉਂ ਤਾਂ ਕਿਸੇ ਗਾਇਕ ਨੇ ਇਹ ਬੋਲ ਕਹੇ ਹਨ ਜੋ ਸੱਚ ਦੇ ਕਾਫ਼ੀ ਨੇੜੇ ਹਨ:- ‘ਉਹ ਮੌਜਾਂ ਭੁੱਲਦੀਆਂ ਨਹੀਂ ਜੋ ਬਾਪੂ (ਪਿਤਾ) ਦੇ ਸਿਰ ‘ਤੇ ਕਰੀਆਂ’

ਸਾਡੇ ਗੁਰੂ ਸਾਹਿਬਾਨ ਨੇ ਮਾਤਾ ਦੇ ਨਾਲ-ਨਾਲ ਪਿਤਾ ਨੂੰ ਵੀ ਗੁਰਦੇਵ ਦਾ ਦਰਜਾ ਦਿੱਤਾ ਹੈ। ਇਸ ਦਰਜੇ ਤਹਿਤ ਮਾਤਾ-ਪਿਤਾ ਦੀ ਸੇਵਾ ਤੀਰਥ ਸਮਾਨ ਮੰਨੀ ਗਈ ਹੈ। ਪਰ ਅਜੋਕੇ ਸਮੇਂ ਵਿਚ ਇਹ ਸਮੀਕਰਣਾਂ ਦਿਨ-ਬ-ਦਿਨ ਬਦਲਦੀਆਂ ਜਾ ਰਹੀਆਂ ਹਨ। ਇਨ੍ਹਾਂ ਸਮੀਕਰਣਾਂ ਕਾਰਨ ਸਾਡੀ ਰਿਸ਼ਤਾ-ਨਾਤਾ ਪ੍ਰਣਾਲੀ ਵੀ ਮਤਲਬਖ਼ੋਰੀ ਪਹੁੰਚ ਦਾ ਸ਼ਿਕਾਰ ਹੋ ਰਹੀ ਹੈ। ‘ਗੌਂ ਭੁਨਾਵੇਂ ਜੌਂ’ ਦੀ ਤਰਜ਼ ‘ਤੇ ਹਰੇਕ ਬੰਦਾ ਆਪਣੇ ਮਤਲਬ ਨਾਲ ਬੱਝਾ ਹੋਇਆ ਹੈ। ਮਤਲਬ ਨਿਕਲ ਜਾਣ ਤੋਂ ਬਾਅਦ ਉਹ ਸਿੱਧੇ ਮੂੰਹ ਗੱਲ ਵੀ ਨਹੀਂ ਕਰਦਾ। ਬਦਲੀਆਂ ਹੋਈਆਂ ਇਨ੍ਹਾਂ ਸਮੀਕਰਣਾਂ ਦਾ ਅਸਰ ਬਾਪ-ਬੇਟੇ/ ਬੇਟੀਆਂ ਦੇ ਰਿਸ਼ਤਿਆਂ ਵਿਚ ਵੀ ਸਾਫ ਦਿਖਾਈ ਦੇਣ ਲੱਗ ਪਿਆ ਹੈ।ਜਿਹੜੀ ਸੰਤਾਨ ਦੀ ਬਿਗੜੀ ਸੰਵਾਰਨ ਲਈ ਪਿਤਾ ਵੱਲੋਂ ਅਕਸਰ ਕੋਈ ਨਾ ਕੋਈ ਘਾਲਣਾ ਘਾਲੀ ਜਾਂਦੀ ਹੈ।

ਉਹੀ ਸੰਤਾਨ ਲੋੜ ਪੈਣ ਤੇ ਉਸ (ਪਿਤਾ) ਨੂੰ ਅੱਖਾਂ ਦਿਖਾਉਣ ਲੱਗ ਪੈਂਦੀ ਹੈ। ਪਿਛਲੀ ਉਮਰੇ ਕਈ ਬਾਪ ਤਾਂ ਆਪਣੇ ਬੱਚਿਆਂ ਦੀ ਬੇਧਿਆਨੀ ਦਾ ਸ਼ਿਕਾਰ ਹੋ ਕੇ ਬਿਰਧ ਆਸ਼ਰਮ ਦੀ ਸ਼ਰਨ ਤੱਕ ਲੈ ਲੈਂਦੇ ਹਨ। ਦੁਖ਼ੀ ਹੋਈ ਉਨ੍ਹਾਂ ਦੀ ਆਤਮਾ ਤਾਂ ਇਹ ਵੀ ਕਹਿ ਦਿੰਦੀ ਹੈ ਕਿ ‘ਅਜਿਹੀ ਔਲਾਦ ਨਾਲੋਂ ਤਾਂ ਬੇਔਲਾਦੇਹੀ ਚੰਗੇ ਸੀ’। ਅਜਿਹੀ ਸੁਰਤ-ਏ-ਹਾਲ ਕਈ ਵਾਰ ਤਾਂ ਕਈਆਂ ਬੱਚਿਆਂ ਵਿਚ ਆਈ (ਪਿਤਾ ਦੀ ਦੌਲਤ ਪ੍ਰਤੀ) ਲਾਲਚ ਦੀ ਭਾਵਨਾ ਵੱਸ ਉਪਜ ਪੈਂਦੀ ਹੈ। ਦੌਲਤ ਦੀ ਵੰਡ ਅਤੇ ਔਲਾਦ ਦੀ ਬੇਰੁਖ਼ੀ ਤਾਂ ਹੁਣ ਮਾਪਿਆਂ ਨੂੰ ਵੀ ਵੰਡਣ ਲੱਗ ਪਈ ਹੈ। ਆਪਣੀ ਜ਼ਿਮੀਵਾਰੀ ਤੋਂ ਕਿਨਾਰਾ ਕਰਨ ਵਾਲੀ ਸੰਤਾਨ ਮਾਂ ਨੂੰ ਕਿਤੇ ਹੋਰ ਅਤੇ ਬਾਪ(ਪਿਤਾ) ਨੂੰ ਕਿਤੇ ਹੋਰ ਰਹਿਣ ਲਈ ਮਜ਼ਬੂਰ ਕਰ ਦਿੰਦੀ ਹੈ। ਇਸ ਤਰਾਂ੍ਹ ਕਰਨ ਨਾਲ ਜਿਥੇ ਉਨ੍ਹਾਂ ਨੂੰ ਮਾਨਸਿਕ ਕਸ਼ਟ ਸਹਿਣਾ ਪੈਂਦਾ ਹੈ ਉਥੇ ਉਨ੍ਹਾਂ ਦਾ ਬੁਢਾਪਾ ਵੀ ਮਿੱਟੀ ਵਿਚ ਰੁੱਲ ਜਾਂਦਾ ਹੈ।

ਸੋ ਪਿਤਾ ਦਿਵਸ ਮਨਾਉਣਾ ਤਦ ਹੀ ਸਾਰਥਿਕ ਹੋ ਸਕਦਾ ਹੈ ਜੇਕਰ ਅਸੀਂ ਆਪਣੇ ਪਿਤਾ ਨੂੰ ਉਨ੍ਹਾਂ ਸਾਰੀਆਂ ਤੱਤੀਆਂ ਹਵਾਵਾਂ( ਦੁੱਖ਼-ਤਕਲੀਫ਼ਾਂ) ਤੋਂ ਬਚਾ ਕੇ ਰੱਖੀਏ ਜਿਹੜੀਆਂ ਉਸ ਲਈ ਸਰੀਰਕ ਅਤੇ ਮਾਨਸਿਕ ਪੀੜਾ ਦਾ ਕਾਰਨ ਬਣਦੀਆਂ ਹੋਣ ਅਤੇ ਔਲਾਦ ਲਈ ਜਗ-ਹਸਾਈ ਦਾ ਸਬੱਬ ਹੋ ਨਿਬੜਨ। ਪੈਸੇ ਨਾਲੋਂ ਵੱਧ ਕੇ ਪਿਤਾ ਨੂੰ ਪਿਆਰ ਦੀ ਭੁੱਖ ਹੁੰਦੀ ਹੈ ਜੋ ਬੱਚਿਆਂ ਵੱਲੋਂ ਪਿਆਰ ਦੇ ਦੋ ਬੋਲ, ਬੋਲ ਕੇਹੀ ਪੂਰੀ ਕੀਤੀ ਜਾ ਸਕਦੀ ਹੈ। ਤੇ ਇਨ੍ਹਾਂ ਬੋਲਾਂ ਉਪਰ ਕੋਈ ਖਾਸ ਖਰਚ ਵੀ ਨਹੀਂ ਜੇ ਆਉਂਦਾ ਤਾਂ ਫਿਰ ਕਰ ਦਿਓ ਅੱਜ ਤੋਂ ਹੀ ਸ਼ੁਰੂ ਕਿਉਂਕਿ ਅੱਜ ਪਿਤਾ ਦਿਵਸ ਹੈ।

ਰਮੇਸ਼ ਬੱਗਾ ਚੋਹਲਾ

#1348/17/1 ਗਲੀ ਨੰ:8 ਰਿਸ਼ੀ ਨਗਰ

ਐਕਸਟੈਨਸ਼ਨ (ਲੁਧਿਆਣਾ)

ਮੋਬ:9463132719

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleJohn Kerry, Saudi Crown Prince commit to addressing climate change
Next articleਪੰਥਕ ਰਤਨ-ਮਾ.ਤਾਰਾ ਸਿੰਘ ਜੀ