(ਸਮਾਜ ਵੀਕਲੀ) ਨੇਤਰਹੀਣ ਹੋਣ ਦੇ ਬਾਵਜੂਦ ਨੇਤਰਹੀਣਾਂ ਨੂੰ ਵਿੱਦਿਆ ਪੜ੍ਹਾਉਣੀ ਬਹੁਤ ਵੱਡਾ ਪੁੰਨ ਹੈ । ਪਰਮਾਤਮਾ ਵੱਲੋਂ ਚਾਹੇ ਉਹਨਾਂ ਨੂੰ ਅੱਖਾਂ ਦੀ ਜੋਤ ਪ੍ਰਾਪਤ ਨਹੀਂ ਹੋਈ ਪਰ ਉਹ ਪਰਮਾਤਮਾ ਨੂੰ ਕੋਈ ਉਲਾਂਭਾ (ਤਾਅਨਾ) ਵੀ ਨਹੀਂ ਮਾਰਦੇ । ਨੇਤਰਹੀਣ ਵਿਦਿਆਰਥੀ ਵੀ ਅੱਜ ਕਈ ਉੱਚ ਪਦਵੀਆਂ ਤੇ ਸੁਸ਼ੋਭਿਤ ਹਨ । ਉਚੇਰੀ ਵਿੱਦਿਆ ਪ੍ਰਾਪਤ ਕਰਕੇ ਅੱਗੋਂ ਹੋਰ ਨੇਤਰਹੀਣਾਂ ਨੂੰ ਵੀ ਸਿੱਖਿਆ ਦੇ ਰਹੇ ਹਨ। ਅਜਿਹੇ ਹੀ ਸੰਗੀਤ ਅਧਿਆਪਕ ਹਨ ਮਾਸਟਰ ਇਕਬਾਲ ਸਿੰਘ। ਮਾਸਟਰ ਇਕਬਾਲ ਸਿੰਘ ਦਾ ਜਨਮ 4 ਜੁਲਾਈ 1973 ਈਸਵੀ ਨੂੰ ਪਿਤਾ ਸ੍ਰ: ਬਲਵਿੰਦਰ ਸਿੰਘ ਮਿਸਤਰੀ ਦੇ ਘਰ ਮਾਤਾ ਹਰਭਜਨ ਕੌਰ ਜੀ ਦੀ ਕੁੱਖ ਤੋਂ ਕਲਕੱਤਾ ਵਿਖੇ ਹੋਇਆ। ਜਨਮ ਤੋਂ ਕੁਝ ਸਮੇਂ ਬਾਅਦ ਹੀ ਡਾਕਟਰਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ ਕਿ ਇਸ ਬੱਚੇ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਹੈ । ਅੱਖਾਂ ਤੋਂ ਬਿਨਾਂ ਉਹਨਾਂ ਦੇ ਸਰੀਰ ਦੇ ਸਾਰੇ ਅੰਗ ਤੰਦਰੁਸਤ ਹਨ। ਇਕਬਾਲ ਸਿੰਘ ਜਨਮ ਤੋਂ ਬਾਅਦ ਜਿੰਨੇ ਦਿਨ ਵੀ ਹਸਪਤਾਲ ਰਿਹਾ । ਉਹਨਾਂ ਦੇ ਮਾਤਾ ਹਰਭਜਨ ਕੌਰ ਨੂੰ ਰੋਣ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਸੁਝਦਾ । ਇਹਨਾਂ ਦੇ ਜਨਮ ਤੋਂ ਪਹਿਲਾਂ ਵੀ ਦੋ ਭੈਣਾਂ ਸਨ ਜਿਨ੍ਹਾਂ ਵਿੱਚੋਂ ਛੋਟੀ ਭੈਣ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਸੀ । ਮਾਤਾ ਹਰਭਜਨ ਕੌਰ ਹਸਪਤਾਲ ਵਿੱਚ ਬੈਠੇ ਇਹ ਸੋਚਦੇ, ਹੇ ਪਰਮਾਤਮਾ ! ਮੇਰੇ ਕਰਮ ਹੀ ਇੰਨੇ ਮਾੜੇ ਕਿਉਂ ਹਨ ? ਲੋਕਾਂ ਦੇ ਕਿੰਨੇ ਹੀ ਬੱਚੇ ਮੇਰੇ ਸਾਹਮਣੇ ਹੋਏ ਹਨ, ਸਭ ਦੀਆਂ ਅੱਖਾਂ ਠੀਕ- ਠਾਕ ਹਨ। ਮੇਰੇ ਬੱਚੇ ਦੀਆਂ ਅੱਖਾਂ ਦੀ ਰੌਸ਼ਨੀ ਕਿਉਂ ਨਹੀਂ ਦਿੱਤੀ। ਮੈਂ ਕਿਹੜਾ ਕਰਮ ਮਾੜਾ ਕੀਤਾ ਸੀ ਕਿ ਜਿਸ ਦੀ ਮੈਨੂੰ ਇੰਨੀ ਵੱਡੀ ਸਜ਼ਾ ਮਿਲੀ ਹੈ ? ਹਸਪਤਾਲ ਵਿੱਚ ਇੱਕ ਡਾਕਟਰ ਨੇ ਮਾਤਾ ਹਰਭਜਨ ਕੌਰ ਨੂੰ ਹੌਸਲਾ ਦਿੰਦਿਆਂ ਹੋਇਆ ਸਮਝਾਇਆ ਕਿ ਇਹ ਤਾਂ ਪਰਮਾਤਮਾ ਦੀ ਰਜ਼ਾ ਹੈ । ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹ ਉਸੇ ਤਰ੍ਹਾਂ ਹੀ ਕਰਦਾ ਹੈ । ਇਹ ਕੋਈ ਸਾਡੇ ਪਿਛਲੇ ਕਰਮਾਂ ਦਾ ਹਿਸਾਬ-ਕਿਤਾਬ ਹੁੰਦਾ ਹੈ । ਰੋਣ ਨਾਲ ਕੁਝ ਨਹੀਂ ਹੋਣਾ, ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਹੀ ਮੰਨਣਾ ਪਵੇਗਾ ਤੇ ਮੰਨਣਾ ਵੀ ਚਾਹੀਦਾ ਹੈ । ਭਾਵੇਂ ਮਾਤਾ-ਪਿਤਾ ਲਈ ਨੇਤਰਹੀਣ ਪੁੱਤ ਦਾ ਪਾਲਣ-ਪੋਸ਼ਣ ਕਰਨਾ ਮੁਸ਼ਕਲ ਕੰਮ ਸੀ ਪ੍ਰੰਤੂ ਸ਼ੁਰੂ ਤੋਂ ਹੀ ਚੰਗਾ ਪਾਲਣ-ਪੋਸ਼ਣ, ਲਾਡ-ਪਿਆਰ ਅਤੇ ਚੰਗੀਆਂ ਆਦਤਾਂ ਵਾਲਾ ਜੀਵਨ ਜਿਊਣ ਦੀ ਜਾਚ ਸਿਖਾਈ ।
ਜਦੋਂ ਇਹ 5 ਕੁ ਸਾਲ ਦੇ ਹੋਏ ਤਾਂ ਮਾਤਾ ਹਰਭਜਨ ਕੌਰ ਕਿਸੇ ਕੰਮ ਲਈ ਲੁਧਿਆਣਾ ਗਏ ਸਨ । ਉਹ ਵਾਪਸ ਆਉਂਦਿਆਂ ਇਹਨਾਂ ਲਈ ਸਾਈਕਲ ਲੈ ਆਏ । ਇਹਨਾਂ ਦੇ ਪਿਤਾ ਸ੍ਰ: ਬਲਵਿੰਦਰ ਸਿੰਘ ਆਪਣੀ ਪਤਨੀ ਨੂੰ ਬਹੁਤ ਗੁੱਸੇ ਹੋਏ ਤੇ ਕਹਿਣ ਲੱਗੇ ਕਿ ਇਹ ਸਾਈਕਲ ਤੁਸੀਂ ਕਿਉਂ ਖਰੀਦਿਆ ਹੈ ? ਕੋਈ ਹੋਰ ਖਿਡਾਉਣਾ ਖਰੀਦ ਲੈਂਦੇ । ਤੁਹਾਨੂੰ ਜਦੋਂ ਪਤਾ ਹੈ ਇਸ ਨੂੰ ਕੁਝ ਦਿੱਸਦਾ ਨਹੀਂ ਤਾਂ ਇਹ ਸਾਈਕਲ ਕਿਵੇਂ ਚਲਾਏਗਾ ? ਦੂਜੀ ਗੱਲ, ਲੋਕ ਕੀ ਕਹਿਣਗੇ ਕਿ ਇੱਕ ਤਾਂ ਬੱਚੇ ਨੂੰ ਦਿਸਦਾ ਨਹੀਂ ਦੂਜਾ ਉਸ ਨੂੰ ਸਾਈਕਲ ਲਿਆ ਦਿੱਤਾ, ਇਹ ਕਿਹੜੀ ਸਿਆਣੀ ਗੱਲ ਹੈ । ਮਾਤਾ ਹਰਭਜਨ ਕੌਰ ਕਹਿਣ ਲੱਗੀ ਕੁਝ ਨਹੀਂ ਹੁੰਦਾ। ਇਸ ਦੇ ਹਾਣ ਦੇ ਸਾਰੇ ਬੱਚਿਆਂ ਕੋਲ ਸਾਈਕਲ ਹਨ, ਇਹ ਵੀ ਸਾਈਕਲ ਚਲਾ ਲਵੇਗਾ। ਉਸ ਦਿਨ ਤੋਂ ਬਾਅਦ ਇਹਨਾਂ ਸਾਈਕਲ ਬਹੁਤ ਚਲਾਇਆ। ਇਸ ਨੂੰ ਸਾਈਕਲ ਚਲਾਉਂਦੇ ਨੂੰ ਦੇਖ ਕੇ ਲੋਕ ਬਹੁਤ ਹੈਰਾਨ ਹੁੰਦੇ ਸਨ । ਜਿੰਨੀ ਦੇਰ ਵੀ ਇਹਨਾਂ ਸਾਈਕਲ ਚਲਾਇਆ ਨਾ ਕਦੇ ਕੋਈ ਸੱਟ-ਫੇਟ ਲੱਗੀ ਤੇ ਨਾ ਹੀ ਕੋਈ ਸਾਈਕਲ ਦਾ ਨੁਕਸਾਨ ਹੋਇਆ ।
ਛੇ ਸਾਲ ਦੀ ਉਮਰ ਵਿੱਚ ਮਾਤਾ ਪਿਤਾ ਨੇ ਨੇਤਰਹੀਣਾਂ ਲਈ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ । ਜਿਸ ਦਿਨ ਸਕੂਲ ਜਾਣਾ ਸੀ । ਇਹਨਾਂ ਦੇ ਦਾਦੀ ਜੀ ਨੇ ਗੁਰਦੁਆਰਾ ਸਾਹਿਬ ਲੈ ਜਾ ਕੇ ਮੱਥਾ ਟਿਕਾਇਆ । ਜਿੱਥੇ-ਜਿੱਥੇ ਵੀ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਲੱਗੀਆਂ ਸਨ ਉਹਨਾਂ ਸਾਰੀਆਂ ਤਸਵੀਰਾਂ ਅੱਗੇ ਇਹਨਾਂ ਨੂੰ ਵਾਰ-ਵਾਰ ਮੱਥਾ ਟੇਕਣ ਲਈ ਕਹਿੰਦੇ ਰਹੇ। ਘਰ ਦੇ ਵਿੱਚ ਉਦਾਸੀ ਵਾਲਾ ਮਾਹੌਲ ਸੀ । ਉਦਾਸੀ ਵਾਲਾ ਮਾਹੌਲ ਇਸ ਲਈ ਸੀ ਕਿ ਸਕੂਲ ਵਿੱਚ ਛੁੱਟੀ ਤੋਂ ਬਾਅਦ ਹੋਸਟਲ ਵਿੱਚ ਹੀ ਰਹਿਣਾ ਹੈ, ਜਿਥੋਂ ਰੋਜ਼ਾਨਾ ਆਉਣਾ-ਜਾਣਾ ਔਖਾ ਹੈ । ਆਂਢ-ਗੁਆਂਢ ਦੇ ਬੱਚੇ ਤਾਂ ਸਵੇਰੇ ਸਕੂਲ ਪੜ੍ਹਨ ਜਾਂਦੇ ਹਨ ਅਤੇ ਛੁੱਟੀ ਹੋਣ ਉਪਰੰਤ ਦੁਪਹਿਰ ਸਮੇਂ ਘਰ ਵਾਪਸ ਆ ਜਾਂਦੇ ਹਨ । ਪਰ ਇਕਬਾਲ ਸਿੰਘ ਆਪਣੇ ਸਕੂਲ ਤੋਂ ਘਰ ਵਾਪਸ ਨਹੀਂ ਆ ਸਕਦਾ ਸੀ । ਪੰਜਾਬ ਵਿੱਚ ਨੇਤਰਹੀਣਾਂ ਲਈ ਸਰਕਾਰੀ ਸਕੂਲ ਇੱਕ ਹੀ ਹੈ । ਜਿੱਥੇ ਬੱਚਿਆਂ ਨੂੰ ਰਹਿ ਕੇ ਹੀ ਪੜ੍ਹਨਾ ਪੈਂਦਾ ਹੈ । ਜਿਸ ਦਿਨ ਇਹ ਸਕੂਲ ਗਿਆ ਉਸ ਦਿਨ ਘਰ ਵਿੱਚ ਕਿਸੇ ਵੀ ਪਰਿਵਾਰ ਦੇ ਮੈਂਬਰ ਨੇ ਖਾਣਾ ਨਹੀਂ ਖਾਧਾ । ਸਾਰੇ ਪਰਿਵਾਰ ਵਾਲਿਆਂ ਦਾ ਰੌ-ਰੌ ਕੇ ਬੁਰਾ ਹਾਲ ਹੋ ਗਿਆ । ਸਕੂਲ ਵਿੱਚ ਖਾਣਾ ਖਾਣ ਦਾ ਸਮਾਂ, ਪੜ੍ਹਾਈ ਕਰਨ ਦਾ ਸਮਾਂ, ਸਵੇਰੇ ਉੱਠਣ ਦਾ ਸਮਾਂ, ਖੇਡਣ ਦਾ ਸਮਾਂ ਨਿਸ਼ਚਿਤ ਹੁੰਦਾ ਹੈ । ਇਹਨਾਂ ਦੇ ਪਿਤਾ ਨੇ ਇਹਨਾਂ ਨੂੰ ਸਕੂਲ ਛੱਡਣ ਤੇ ਉਸ ਤੋਂ ਬਾਅਦ ਘਰ ਲੈ ਕੇ ਆਉਣ ਦਾ ਇੱਕ ਅਜਿਹਾ ਸਿਸਟਮ ਬਣਾਇਆ ਕਿ ਸਕੂਲ ਵਿੱਚ ਮੇਰਾ ਮਨ ਲੱਗ ਜਾਵੇ । ਪਹਿਲਾਂ ਇੱਕ ਦਿਨ ਸਕੂਲ ਛੱਡਿਆ, ਫਿਰ ਤਿੰਨ ਦਿਨ, ਫਿਰ ਪੰਜ-ਪੰਜ ਦਿਨ ਤੇ ਉਸ ਤੋਂ ਬਾਅਦ ਹਰ ਸ਼ਨੀਵਾਰ ਨੂੰ ਸਕੂਲ ਤੋਂ ਘਰ ਲੈ ਜਾਣਾ ਅਤੇ ਸੋਮਵਾਰ ਨੂੰ ਸਵੇਰੇ ਛੱਡ ਜਾਣਾ । ਫਿਰ 15 ਦਿਨ ਬਾਅਦ ਘਰ ਲੈ ਜਾਣਾ। ਉਸ ਤੋਂ ਬਾਅਦ ਫੇਰ ਜਦੋਂ ਸਕੂਲ ਦੀਆਂ ਛੁੱਟੀਆਂ ਹੁੰਦੀਆਂ ਸਨ, ਉਸ ਸਮੇਂ ਹੀ ਘਰ ਲੈ ਕੇ ਜਾਂਦੇ ਸਨ । ਜਿਸ ਦਿਨ ਸਕੂਲ ਲੱਗਦਾ, ਉਸ ਦਿਨ ਹੀ ਇਹਨਾਂ ਨੂੰ ਪਿਤਾ ਜੀ ਸਕੂਲ ਛੱਡ ਆਉਂਦੇ ਸਨ । ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ । ਇਹਨਾਂ ਦੇ ਪਿਤਾ ਜੀ ਦੇ ਇਸ ਅਸੂਲ ਤੋਂ ਸਕੂਲ ਦੇ ਅਧਿਕਾਰੀ ਅਤੇ ਕਰਮਚਾਰੀ ਬਹੁਤ ਖੁਸ਼ ਸਨ । ਇਸ ਸਕੂਲ ਵਿੱਚ ਇਕਬਾਲ ਸਿੰਘ ਨੇ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਚੰਗੇ ਨੰਬਰ ਲੈ ਕੇ ਪਾਸ ਕੀਤੀ ।10+2 ਪਿੰਡ ਗਾਲਬ ਕਲਾਂ, ਬੀ.ਏ. ਐਸ.ਡੀ.ਕਾਲਜ ਅੰਬਾਲਾ ਤੋਂ ਅਤੇ ਐੱਮ.ਏ. ਸੰਗੀਤ ਗਾਇਨ (ਮਿਊਜ਼ਿਕ ਵੋਕਲ) ਰਾਮਗੜ੍ਹੀਆ ਗਰਲਜ ਕਾਲਜ ਲੁਧਿਆਣਾ ਤੋਂ ਕੀਤੀ ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1998 ਵਿੱਚ ਐੱਮ.ਏ. ਸੰਗੀਤ ਗਾਇਨ ਦੀ ਪ੍ਰੀਖਿਆ ‘ਚ 569/800 (72%) ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ । ਸਟੇਟ ਬੈਂਕ ਆਫ ਇੰਡੀਆ ਲੁਧਿਆਣਾ ਤੇ ਪੰਜਾਬ ਵੈਲਫੇਅਰ ਐਸੋਸੀਏਸ਼ਨ ਫਾਰ ਦੀ ਬਲਾਈਂਡ ਵੱਲੋਂ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ‘ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਕਬਾਲ ਸਿੰਘ ਨੇ ਜੂਨ 1999 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਲਿਆ ਗਿਆ ਯੂ.ਜੀ.ਸੀ. (ਯੂਨੀਵਰਸਿਟੀ ਗ੍ਰਾਂਟ ਕਮਿਸ਼ਨ) ਦਾ ਟੈਸਟ ਵੀ ਪਾਸ ਕਰ ਲਿਆ । ਇਸ ਨੇ ਸਾਰੀ ਵਿੱਦਿਆ ਕੈਸਿਟ ਰਿਕਾਰਡਿੰਗ ਰਾਹੀਂ ਤੇ ਹੈਲਪਰ ਰਾਹੀਂ ਪ੍ਰਾਪਤ ਕੀਤੀ । ਇਹਨਾਂ ਸੰਗੀਤ ਦੀ ਸਿੱਖਿਆ ਮਾਸਟਰ ਬੋਧ ਰਾਜ ਅਰੋੜਾ ਜੀ ਪਾਸੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਸੈਹਸਵਾਨ ਰਾਮਪੁਰ ਘਰਾਣੇ ਦੇ ਉਸਤਾਦ ਹਫ਼ੀਜ਼ ਅਹਿਮਦ ਖਾਨ ਪਾਸੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਕੇ ਸੰਗੀਤ ਦੀਆਂ ਬਾਰੀਕੀਆਂ ਨੂੰ ਸਮਝਿਆ । ਸੰਗੀਤ ਗਾਇਨ ਵਿੱਚ ਇਹਨਾਂ ਨੇ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵਿਖੇ ਸੰਗੀਤ ਭੂਸ਼ਣ, ਸੰਗੀਤ ਵਿਸਾਰਦ ਤੇ ਸੰਗੀਤ ਭਾਸਕਰ ਦਾ ਸੱਤ ਸਾਲ ਦਾ ਡਿਪਲੋਮਾ ਵੀ ਪਹਿਲੇ ਸਥਾਨ ‘ਚ ਪ੍ਰਾਪਤ ਕੀਤਾ ।
ਨੇਤਰਹੀਣ ਹੋਣ ਦੇ ਬਾਵਜੂਦ ਇਕਬਾਲ ਸਿੰਘ ਵਿੱਦਿਆ, ਸੰਗੀਤ ਵਿੱਚ ਨਾਮ ਕਮਾਉਣ ਦੇ ਨਾਲ-ਨਾਲ ਰੱਸਾਕਸ਼ੀ ਤੇ ਕ੍ਰਿਕਟ ਦੇ ਵੀ ਚੰਗੇ ਖਿਡਾਰੀ ਹਨ । ਪੰਜਾਬ ਸਪੋਰਟਸ ਐਸੋਸੀਏਸ਼ਨ ਫਾਰ ਦੀ ਬਲਾਈਂਡ ਲੁਧਿਆਣਾ ਦਾ ਕੁਝ ਸਮਾਂ ਪ੍ਰੀਜਾਈਡਿੰਗ ਸੈਕਟਰੀ ਰਿਹਾ ਹੈ । ਉਹਨਾਂ ਹਿਸਾਰ, ਲਖਨਊ, ਜਲੰਧਰ, ਅੰਮ੍ਰਿਤਸਰ, ਦਿੱਲੀ ਵਿਖੇ ਕ੍ਰਿਕਟ ਮੈਚ ਖੇਡੇ । ਜਲੰਧਰ ਵਿਖੇ 1999 ਤੇ 2000 ਵਿੱਚ ਖੇਡੇ ਕ੍ਰਿਕਟ ਮੈਚਾਂ ਵਿੱਚ ਇਹਨਾਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਟਰਾਫ਼ੀ ਜਿੱਤੀ । ਨੇਤਰਹੀਣ ਜਾਗਰਤੀ ਸੰਘ ਹਰਿਆਣਾ, ਆਰੀਆ ਪ੍ਰਗਿਆ ਚਕਸੂ ਕੁਮਾਰ ਸਭਾ ਅੰਧ ਵਿਦਿਆਲਾ ਲੋਹਗੜ੍ਹ ਗੇਟ ਅੰਮ੍ਰਿਤਸਰ, ਭਾਰਤ ਨੇਤਰਹੀਣ ਸੇਵਕ ਸਮਾਜ ਲੁਧਿਆਣਾ ਆਦਿ ਕ੍ਰਿਕਟ ਟੀਮਾਂ ਵਿੱਚ ਭਾਗ ਲਿਆ । 1998,1999 ਤੇ 2000 ਵਿੱਚ ਜਲੰਧਰ ਵਿਖੇ ਰੱਸਾਕਸ਼ੀ ਖੇਡ ਵਿੱਚ ਲਗਾਤਾਰ ਪੰਜਾਬ ਦੀ ਟੀਮ ਨੇ ਤਿੰਨ ਸਾਲ ਟਰਾਫ਼ੀ ਜਿੱਤੀ । ਇਕਬਾਲ ਸਿੰਘ ਨੇ ਤਿੰਨੇ ਸਾਲ ਹੀ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ । 1996 ਵਿੱਚ ਇੰਡੀਅਨ ਬਲਾਈਂਡ ਸਪੋਰਟਸ ਐਸੋਸੀਏਸ਼ਨ ਵੱਲੋਂ ਲੁਧਿਆਣਾ ਵਿਖੇ ਹੋਈਆਂ ਖੇਡਾਂ ਵਿੱਚ 100 ਤੇ 200 ਮੀਟਰ ਦੌੜ ਵਿੱਚ ਵੀ ਭਾਗ ਲਿਆ ।
ਹਰ ਸਾਲ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵੱਲੋਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਰਵਾਇਆ ਜਾਂਦਾ ਹੈ। ਜਿਸ ਵਿੱਚ ਗੁਰਬਾਣੀ ਦੇ ਨਿਰਧਾਰਤ ਰਾਗਾਂ ਵਿੱਚ ਵੱਖ- ਵੱਖ ਸੰਗੀਤ ਦੇ ਵਿਦਵਾਨਾਂ ਵੱਲੋਂ ਸ਼ਬਦ ਗਾਇਨ ਕੀਤੇ ਜਾਂਦੇ ਹਨ । ਇਸ ਸੰਮੇਲਨ ਵਿੱਚ ਮਾਸਟਰ ਇਕਬਾਲ ਸਿੰਘ 2004 ਤੋਂ ਲੈ ਕੇ ਅੱਜ ਤੱਕ ਬਿਨਾਂ ਨਾਗਾ ਹਾਜ਼ਰੀ ਭਰ ਰਹੇ ਹਨ । ਜਵੱਦੀ ਟਕਸਾਲ ਵਿਖੇ ਹਰ ਸਾਲ ਸੰਗੀਤ ਦੀ ਵਰਕਸ਼ਾਪ ਲਗਾਈ ਜਾਂਦੀ ਹੈ, ਜਿਸ ਦੇ ਨਾਲ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸੰਗੀਤ ਨਾਲ ਜੋੜਿਆ ਜਾਂਦਾ ਹੈ । ਉਸ ਵਰਕਸ਼ਾਪ ਵਿੱਚ ਵੀ ਸੰਗੀਤ ਦੇ ਨਾਮਵਰ ਅਧਿਆਪਕ ਅਤੇ ਹੋਰ ਮਹਾਨ ਸ਼ਖਸ਼ੀਅਤਾਂ ਸੰਗੀਤ ਵਿਸ਼ੇ ਤੇ ਆਪਣੇ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਆ ਦਿੰਦੇ ਹਨ। ਉਸ ਵਰਕਸ਼ਾਪ ਵਿੱਚ 2022 ਅਤੇ 2023 ਵਿੱਚ ਇਕਬਾਲ ਸਿੰਘ ਨੂੰ ਵੀ ਸ਼ਾਮਲ ਹੋਣ ਦਾ ਮੌਕਾ ਦਿੱਤਾ ਗਿਆ । ਮਾਸਟਰ ਇਕਬਾਲ ਸਿੰਘ ਆਕਾਸ਼ਵਾਣੀ ਜਲੰਧਰ ਤੋਂ ਸ਼ਾਸਤਰੀ ਸੰਗੀਤ ਵਿੱਚ ਬੀ ਗਰੇਡ, ਗਜ਼ਲ ਵਿੱਚ ਬੀ ਹਾਈ ਗ੍ਰੇਡ ਅਤੇ ਸ਼ਬਦ ਗਾਇਨ ਵਿੱਚ ਵੀ ਬੀ ਹਾਈਗ੍ਰੇਡ ਦਾ ਆਰਟਿਸਟ ਹੈ । ਉਹਨਾਂ ਦੇ ਪ੍ਰੋਗਰਾਮ ਸਮੇਂ-ਸਮੇਂ ਸਿਰ ਰੇਡੀਓ ਤੋਂ ਪ੍ਰਸਾਰਿਤ ਹੁੰਦੇ ਰਹਿੰਦੇ ਹਨ । ਸ਼ਾਸਤਰੀ ਗਾਇਨ ਵਿੱਚ ਉਹਨਾਂ ਕਈ ਸੰਗੀਤ ਸੰਮੇਲਨਾਂ ਵਿੱਚ ਭਾਗ ਲਿਆ ਅਤੇ ਆਪਣੇ ਗਾਇਨ ਦਾ ਪ੍ਰਦਰਸ਼ਨ ਕੀਤਾ । ਜਿਨ੍ਹਾਂ ਵਿੱਚੋਂ ਕੁਝ ਨਾਮ ਹੇਠ ਲਿਖੇ ਅਨੁਸਾਰ ਹਨ ।
* ਹਰਿਵੱਲਭ ਸੰਗੀਤ ਸੰਮੇਲਨ ਜਲੰਧਰ ।
* ਮਾਸਟਰ ਰਤਨ ਸੰਗੀਤ ਸੰਮੇਲਨ ਫਗਵਾੜਾ ।
* ਬਸੰਤ ਸੰਗੀਤ ਸੰਮੇਲਨ ਹੁਸ਼ਿਆਰਪੁਰ ।
* ਵਿਸ਼ਨੂੰ ਦਿਗੰਬਰ ਸੰਗੀਤ ਸੰਮੇਲਨ ਫਰੀਦਕੋਟ ।
* ਭਾਈ ਮਰਦਾਨਾ ਸੰਗੀਤ ਸੰਮੇਲਨ ਪਟਿਆਲਾ ।
* ਤਰਸੇਮ ਲਾਲ ਸਿਧੂ ਸੰਗੀਤ ਸੰਮੇਲਨ ਲੁਧਿਆਣਾ ।
* ਹੋਲੀ ਸੰਗੀਤ ਸੰਮੇਲਨ ਅੰਮ੍ਰਿਤਸਰ ।
ਮਾਸਟਰ ਇਕਬਾਲ ਸਿੰਘ ਨੇ ਆਪਣਾ ਯੂਟਿਊਬ ਚੈਨਲ ਵੀ ਬਣਾਇਆ ਹੋਇਆ ਹੈ ਜਿਸ ਦਾ ਨਾਮ “ਇਕਬਾਲ ਸਿੰਘ ਬਮਰਾਹ” ਹੈ। ਇਸ ਚੈਨਲ ਦੇ ਮਾਧਿਅਮ ਰਾਹੀਂ ਜੋ ਕੋਈ ਵੀ ਸੰਗੀਤ ਸੁਣਨ ਦਾ ਇਛੁੱਕ ਹੋਵੇ ਉਹ ਇਹਨਾਂ ਦੀ ਗਾਇਕੀ ਨੂੰ ਸੁਣ ਸਕਦਾ ਹੈ । ਮਾਸਟਰ ਇਕਬਾਲ ਸਿੰਘ ਵੱਲੋਂ ਸੰਗੀਤ ਬਾਰੇ ਇੱਕ ਬਹੁਤ ਹੀ ਮਹੱਤਵਪੂਰਨ ਪੁਸਤਕ “ਗੁਰਬਾਣੀ ਗਾਇਨ” ਤਿਆਰ ਕੀਤੀ ਗਈ ਹੈ। ਇਸ ਪੁਸਤਕ ਦੇ ਦੋ ਭਾਗ ਹਨ। ਪੁਸਤਕ ਦਾ ਪਹਿਲਾ ਭਾਗ 13 ਅਪ੍ਰੈਲ 2025 ਈਸਵੀ ਨੂੰ ਵਿਸਾਖੀ ਦੇ ਸ਼ੁੱਭ ਦਿਹਾੜੇ ‘ਭਾਰਤ ਨੇਤਰਹੀਣ ਸੇਵਕ ਸਮਾਜ (ਰਜਿ:)’ ਲੁਧਿਆਣਾ ਵਿਖੇ ਰਿਲੀਜ਼ ਕੀਤਾ ਗਿਆ ਹੈ। ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 31 ਸ਼ੁੱਧ ਰਾਗਾਂ ਵਿੱਚ ਗੁਰੂਆਂ ਅਤੇ ਭਗਤਾਂ ਵੱਲੋਂ ਉਚਾਰੇ ਗਏ ਸ਼ਬਦ ਸ੍ਵਰ ਲਿਪੀ ਬੱਧ ਕੀਤੇ ਗਏ ਹਨ ਅਤੇ ਭਾਰਤੀ ਸ਼ਾਸਤਰੀ ਸੰਗੀਤ ਦੇ 31 ਰਾਗ ਲੈ ਕੇ ਉਨ੍ਹਾਂ ਵਿੱਚ ਉਹ ਸ਼ਬਦ ਸ੍ਵਰ ਲਿਪੀ ਬੱਧ ਕੀਤੇ ਗਏ ਹਨ ਜੋ ਕਿ ਰਾਗਾਂ ਤੋਂ ਇਲਾਵਾ ਹਨ ਜਿਵੇਂ ਕਿ ਸਵਈਏ, ਦਸਮ ਗ੍ਰੰਥ ਵਿੱਚੋਂ ਕੁਝ ਸ਼ਬਦ ਅਤੇ ਕੁਝ ਭਾਈ ਗੁਰਦਾਸ ਜੀ ਦੀਆਂ ਵਾਰਾਂ ਹਨ । ਇਹ ਪੁਸਤਕ ਪ੍ਰਿੰਟਵੈੱਲ, 146, ਇੰਡਸਟਰੀਅਲ ਫੋਕਲ ਪੁਆਇੰਟ, ਅੰਮ੍ਰਿਤਸਰ ਦੁਆਰਾ ਛਾਪੀ ਗਈ ਹੈ । ਪੁਸਤਕ ਦੇ 300 ਪੰਨੇ ਹਨ, ਪੁਸਤਕ ਦੀ ਕੀਮਤ 700 ਰੁਪਏ ਹੈ । ਪੁਸਤਕ ਪ੍ਰਾਪਤ ਕਰਨ ਲਈ ਸ੍ਰ: ਇਕਬਾਲ ਸਿੰਘ ਬਮਰਾਹ ਨਾਲ ਮੋਬਾਇਲ ਨੰਬਰ 94631-39519 ਤੇ ਸੰਪਰਕ ਕੀਤਾ ਜਾ ਸਕਦਾ ਹੈ । ਇਹ ਪੁਸਤਕ ਰਾਗੀ ਜਥਿਆਂ, ਗੁਰਮਤਿ ਸੰਗੀਤ ਦੀ ਸਿਖਲਾਈ ਪ੍ਰਾਪਤ ਕਰਨ ਵਾਲੇ ਬੱਚਿਆਂ, ਵਿਅਕਤੀਆਂ ਲਈ ਲਾਭਦਾਇਕ ਹੈ ।
ਇਕਬਾਲ ਸਿੰਘ ਜੀ ਭਾਰਤ ਨੇਤਰਹੀਣ ਸੇਵਕ ਸਮਾਜ (ਰਜਿ:)ਸਭਾ ਦੇ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ । ਇਹ ਸਭਾ 1964 ਤੋਂ ਲੁਧਿਆਣਾ ਵਿਖੇ ਨੇਤਰਹੀਣ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ । ਮਾਸਟਰ ਇਕਬਾਲ ਸਿੰਘ ਵੱਲੋਂ ਕਾਫੀ ਲੰਮੇ ਅਰਸੇ ਤੋਂ ਹਰ ਸ਼ਨਿੱਚਰਵਾਰ ਨੂੰ ਭਾਰਤ ਨੇਤਰਹੀਣ ਸੇਵਕ ਸਮਾਜ ਵਿੱਚ ਜਾ ਕੇ ਨੇਤਰਹੀਣ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਫੀਸ ਦੇ ਸੰਗੀਤ ਦੀ ਸਿੱਖਿਆ ਦੇ ਰਹੇ ਹਨ । ਜਿਸ ਨਾਲ ਨੇਤਰਹੀਣ ਵਿਦਿਆਰਥੀ ਸੰਗੀਤ ਦੀ ਸਿੱਖਿਆ ਹਾਸਲ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਰਹੇ ਹਨ / ਹੋ ਸਕਦੇ ਹਨ । ਉਹਨਾਂ ਦਾ ਕਹਿਣਾ ਹੈ ਕਿ ਇਹ ਸਿਲਸਿਲਾ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਪਰਮਾਤਮਾ ਨੇ ਚਾਹਿਆ। ਮੈਂ ਨੇਤਰਹੀਣ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦਿੰਦਾ ਰਹਾਂਗਾ ।
ਇਕਬਾਲ ਸਿੰਘ ਜੀ ਵਿੱਦਿਆ ਤੇ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਦੇ ਨਾਲ-ਨਾਲ ਸੱਭਿਆਚਾਰਕ ਸਰਗਰਮੀਆਂ ਵਿੱਚ ਵੀ ਭਾਗ ਲਿਆ । 1994 ‘ਚ ਜਲੰਧਰ ਵਿਖੇ ਹੋਏ ਹਰਿਵੱਲਭ ਸੰਗੀਤ ਸੰਮੇਲਨ ਵਿੱਚ ਮਿਊਜਿਕ ਵੋਕਲ ਗਾਇਨ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ 2100 ਰੁਪਏ ਤੇ ਮੋਮੈਂਟੋ ਨਾਲ ਇਕਬਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ । ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵਿਖੇ 15ਵੀਂ ਭਾਈ ਮਰਦਾਨਾ ਯਾਦਗਾਰੀ ਗੁਰਬਾਣੀ ਗਾਇਨ ਪ੍ਰਤੀਯੋਗਤਾ ‘ਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ। ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ ਲੁਧਿਆਣਾ ਵਿਖੇ ਤੀਸਰੀ ਭਾਈ ਦਲੀਪ ਸਿੰਘ ਯਾਦਗਾਰੀ ਤਬਲਾ ਵਾਦਨ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ । ਮਾਸਟਰ ਇਕਬਾਲ ਸਿੰਘ ਨੇ ਅੰਤਰ ਕਾਲਜ ਯੂਥ ਫੈਸਟੀਵਲਾਂ ਤੇ ਹੋਰ ਕਈ ਸੱਭਿਆਚਾਰਕ ਮੁਕਾਬਲਿਆਂ ‘ਚ ਵੱਖ-ਵੱਖ ਥਾਵਾਂ (ਲੁਧਿਆਣਾ, ਦੋਰਾਹਾ, ਚੰਡੀਗੜ੍ਹ, ਕੁਰੂਕਸ਼ੇਤਰ, ਜੈਪੁਰ, ਜਗਾਧਰੀ, ਸਿੱਧਵਾਂ ਖੁਰਦ, ਅੰਬਾਲਾ ਕੈਂਟ, ਕਾਲਕਾ, ਜਲੰਧਰ) ਤੇ ਗੀਤ, ਗ਼ਜ਼ਲ, ਸ਼ਬਦ, ਭਜਨ, ਤਬਲਾ, ਸ਼ਾਸਤਰੀ ਸੰਗੀਤ ਤੇ ਕਵਿਤਾ ਗਾਇਨ ‘ਚ ਭਾਗ ਲਿਆ । ਇਕਬਾਲ ਸਿੰਘ ਨੇ ਇਹਨਾਂ ਵੱਖ-ਵੱਖ ਥਾਵਾਂ ਤੇ ਹੋਏ ਮੁਕਾਬਲਿਆਂ ਵਿੱਚ ਜ਼ਿਆਦਾਤਰ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਕੇ 80 ਤੋਂ ਹੀ ਵੱਧ ਮਾਣ-ਸਨਮਾਨ ਪ੍ਰਾਪਤ ਕੀਤੇ । ਏਕ ਜੋਤ ਵਿਕਲਾਂਗ ਬੱਚੋਂ ਕਾ ਸਕੂਲ ਲੁਧਿਆਣਾ ਵੱਲੋਂ ਗੁਰੂ ਨਾਨਕ ਦੇਵ ਭਵਨ ਵਿਖੇ ਬਰੇਲ ਲਿਪੀ ਦੇ ਬਾਨੀ ਲੂਈ ਬਰੇਲ ਦੇ 215ਵੇੱ ਜਨਮ-ਦਿਨ ਤੇ 4 ਜਨਵਰੀ 2025 ਈ: ਨੂੰ ਮਾਸਟਰ ਇਕਬਾਲ ਸਿੰਘ ਨੂੰ ਸਿਰੋਪਾਉ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ । ਉਹਨਾਂ ਸਕੂਲਾਂ ਅਤੇ ਕਾਲਜਾਂ ਵਿੱਚ ਕਰਵਾਏ ਜਾਣ ਵਾਲੇ ਵੱਖ-ਵੱਖ ਪੱਧਰਾਂ ਦੇ ਸੰਗੀਤ ਮੁਕਾਬਲਿਆਂ ਵਿੱਚ ਲੁਧਿਆਣਾ, ਗੁਰਦੁਆਰਾ ਫਲਾਹੀ ਸਾਹਿਬ ਲੁਧਿਆਣਾ, ਰਾਮਗੜ੍ਹੀਆ ਕਾਲਜ ਲੁਧਿਆਣਾ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਲੋਕ ਗੀਤ, ਸ਼ਬਦ, ਸੁਗਮ ਸੰਗੀਤ, ਸ਼ਬਦ ਗਾਇਨ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਸੇਵਾ ਵੀ ਨਿਭਾਈ ਹੈ ।
ਮਾਸਟਰ ਇਕਬਾਲ ਸਿੰਘ ਭਾਰਤ ਨੇਤਰਹੀਣ ਸੇਵਕ ਸਮਾਜ ਲੁਧਿਆਣਾ ਦਾ ਪਹਿਲਾਂ ਜੁਆਇੰਟ ਸਕੱਤਰ ਅਤੇ ਵਰਤਮਾਨ ਸਮੇਂ ਪ੍ਰਧਾਨ, ਸੁਰਾਂਗਣ ਸੰਗੀਤ ਸਭਾ ਲੁਧਿਆਣਾ ਦਾ ਪ੍ਰਬੰਧਕ ਹੈ ਮਾਸਟਰਕ ਇਕਬਾਲ ਸਿੰਘ ਅੱਜ ਕੱਲ੍ਹ ਨੇਤਰਹੀਣ ਦੀ ਸਰਕਾਰੀ ਸੰਸਥਾ ਜਮਾਲਪੁਰ ਲੁਧਿਆਣਾ ਵਿਖੇ ਸੰਗੀਤ ਅਧਿਆਪਕ ਵਜੋਂ ਬੱਚਿਆਂ ਦੀ ਵਿੱਦਿਆ ਰਾਹੀਂ ਸੇਵਾ ਕਰ ਰਹੇ ਹਨ। ਇਹਨਾਂ ਵੱਲੋਂ ਤਿਆਰ ਕੀਤੇ ਬੱਚੇ ਗੀਤ, ਗ਼ਜ਼ਲ, ਸ਼ਬਦ, ਭਜਨ ਗਾਇਨ ਵਿੱਚ ਵੱਖ-ਵੱਖ ਥਾਵਾਂ ਤੇ ਅਨੇਕਾਂ ਹੀ ਇਨਾਮ ਪ੍ਰਾਪਤ ਕਰ ਚੁੱਕੇ ਹਨ।
ਮਾਸਟਰ ਇਕਬਾਲ ਸਿੰਘ ਦਾ ਵਿਆਹ 19 ਨਵੰਬਰ 2001 ਈਸਵੀ ਨੂੰ ਦਿੱਲੀ ਨਿਵਾਸੀ ਸ਼੍ਰੀਮਤੀ ਹੇਮਾ ਨਾਲ ਹੋਇਆ । ਪਤਨੀ ਦੀ ਨਿਗ੍ਹਾ ਥੋੜ੍ਹੀ ਜਿਹੀ ਹੈ। ਉਹਨਾਂ ਨੂੰ ਚੱਲਣ ਫਿਰਨ ਜਾਂ ਆਉਣ-ਜਾਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ । ਇਹਨਾਂ ਦੇ ਘਰ ਦੋ ਧੀਆਂ (ਸੰਚਾਰੀ ਅਤੇ ਸੁਰਮਨੀ ) ਤੇ ਇੱਕ ਪੁੱਤਰ (ਮਨਰਾਗ ਸਿੰਘ) ਨੇ ਜਨਮ ਲਿਆ । ਤਿੰਨੇ ਬੱਚੇ ਹੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ-ਠਾਕ ਹਨ । ਮਾਸਟਰ ਇਕਬਾਲ ਸਿੰਘ ਆਪਣੇ ਗ੍ਰਹਿ ਬੀ-31/1136/205/75-ਸੀ, ਗਲ਼ੀ ਨੰਬਰ 1, ਕੁਨਾਲ ਕਲੋਨੀ, ਮੁੰਡੀਆਂ ਕਲਾਂ ਲੁਧਿਆਣਾ ਵਿਖੇ ਪਰਿਵਾਰ ਸਮੇਤ ਸੁਖੀ ਜੀਵਨ ਬਸਰ ਕਰ ਰਹੇ ਹਨ ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
# 1138/63-ਏ, ਗੁਰੂ ਤੇਗ ਬਹਾਦਰ ਨਗਰ,ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣEmail :-[email protected]



