(ਸਮਾਜ ਵੀਕਲੀ)
ਅੱਜ ਪੰਜਾਬ ਦਾ ਨੌਜਵਾਨ ਕਨੂੰਨ ਤੋਂ ਬਾਗ਼ੀ ਹੁੰਦਾ ਨਜ਼ਰ ਆ ਰਿਹਾ ਹੈ !
ਬੀਤੇ ਦਿਨੀਂ ਸਿੰਘੂ ਬਾਰਡਰ ਤੇ ਵਾਪਰੀ ਘਟਨਾ ਤੇ ਵੱਧ ਗਿਣਤੀ ਨੌਜਵਾਨਾਂ ਦਾ ਕਹਿਣਾ ਸੀ … ਵਧੀਆ ਕੀਤਾ ਸੋਧਾ ਲਗਾਕੇ !
ਨੌਜਵਾਨ ਤੋਂ ਅੱਜ ਕਨੂੰਨ ਤੋਂ ਬਾਗ਼ੀ ਹੋਣ ਦੇ ਕਾਰਨ ਪੁੱਛੋ ਤਾਂ ਜਵਾਬ ਮਿਲੇਗਾ …
– ਕੀ ਹੁਣ ਤੱਕ 84 ਦਾ ਇਨਸਾਫ ਮਿਲਿਆ ?
– ਬੇਅਦਬੀਆਂ ਦਾ ਇਨਸਾਫ ਮਿਲਿਆ ?
– ਘੱਟ ਗਿਣਤੀਆਂ ਤੇ ਧੱਕਾ ਕਿਉਂ ਕੀਤਾ ਜਾਂਦਾ ?
– ਜਿਨ੍ਹਾਂ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਨ੍ਹਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ ?
ਵਗੈਰਾ ਵਗੈਰਾ ਏਂਦਾ ਦੀਆਂ ਅਨੇਕਾਂ ਗੱਲਾਂ ਸੁਨਣ ਨੂੰ ਮਿਲ ਜਾਣਗੀਆਂ !
ਮੇਰਾ ਸਵਾਲ :
ਪਰ , ਕੀ ਕਨੂੰਨ ਤੋਂ ਬਾਗ਼ੀ ਹੋਕੇ ਸਭ ਕੁਝ ਠੀਕ ਹੋ ਜਾਵੇਗਾ ?
ਕੀ ਕਨੂੰਨ ਤੋੜਨ ਨਾਲ ਸਰਕਾਰ ਸਾਥੋਂ ਡਰ ਜਾਵੇਗੀ ?
ਕੀ ਬਾਗ਼ੀ ਹੋਕੇ ਅਸੀਂ ਕਨੂੰਨ ਤੋਂ ਬਚ ਜਾਵਾਂਗੇ ?
ਕੀ ਸਾਡੇ ਕੋਲ ਅੱਜ ਟੈਂਕ ਤੋਪਾਂ ਵਾਲਿਆਂ ਨਾਲ ਲੜਨ ਲਈ ਵੱਡੇ ਹਥਿਆਰ ਹੈ ਨੇ ?
ਜੇ ਅਸੀਂ ਕਨੂੰਨ ਤੋਂ ਬਾਗ਼ੀ ਹਾਂ ਫ਼ੇਰ ਗ੍ਰਿਫਤਾਰੀਆਂ ਕਿਉਂ ?
ਫਿਰ ਵਕੀਲ ਕਰ ਕੇ ਕੋਰਟ ਦੇ ਕਟਿਹਰੇ ‘ਚ ਇਨਸਾਫ਼ ਦੀ ਮੰਗ ਕਿਉਂ ?
ਵੀਰੋ , ਕਨੂੰਨ ਤੋੜਨ ਵਰਗੀਆਂ ਗਲਤੀਆਂ ਕਰਕੇ ਘਾਟਾ ਹੀ ਘਾਟਾ ਸਾਡੀ ਝੋਲ਼ੀ ਪਵੇਗਾ !
ਮਾਵਾਂ ਦੇ ਪੁੱਤਰ ਜੇਲਾਂ ‘ਚ ਸੜਨਗੇ , ਮਾਵਾਂ ਭੈਣਾਂ ਪੁੱਤਰ-ਭਰਾਵਾਂ ਦੀ ਯਾਦ ਵਿੱਚ ਝੂਰ ਝੂਰ ਵਿਲਕਣਗੀਆਂ , ਥਾਣਿਆਂ ਅੰਦਰ ਅੰਨੀਂ ਤਸ਼ੱਦਦ ਹੋਵੇਗੀ !
ਅਗਰ ਤੁਸੀਂ 1984 ਤੋਂ ਬਾਅਦ ਅੱਜ 2021 ਦੇ ਹਾਲਾਤ ਕਿਸੇ ਬਜ਼ੁਰਗ ਤੋਂ ਪੁੱਛੋਗੇ ਜਿਸਨੇ 84 ਦਾ ਦੌਰ ਵੇਖਿਆ ਹੋਵੇ ਤਾਂ ਉਨ੍ਹਾਂ ਦਾ ਕਹਿਣਾ ਹੋਵੇਗਾ … ਅੱਜ ਬਹੁਤ ਜ਼ਿਆਦਾ ਸਿਸਟਮ ਵਿਚ ਸੁਧਾਰ ਹੋ ਗਿਆ ਹੈ ਤੇ ਮੇਰਾ ਮੰਨਣਾ ਹੈ ਜਿੰਨੇ ਜਲਦੀ ਲੋਕ ਜਾਗਰੂਕ ਹੋਣਗੇ ਓਨਾਂ ਜਲਦੀ ਸਮਾਜ ਹੋਰ ਬਦਲੇਗਾ !
ਬਹੁਤਿਆਂ ਦਾ ਕਹਿਣਾ ਹੈ ਸਿੱਖਾਂ ਨਾਲ 1947 ਤੋਂ ਬਾਅਦ ਵਿਤਕਰਾ ਹੁੰਦਾ ਆਇਆ ਹੈ ਸਿੱਖਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ !
ਪਰ ਮੈਨੂੰ ਇਹ ਨੀ ਸਮਝ ‘ਚ ਆਇਆ …
ਡਾ. ਮਨਮੋਹਨ ਸਿੰਘ (ਸਾਬਕਾ ਪ੍ਰਧਾਨ ਮੰਤਰੀ)
ਪ੍ਰਕਾਸ਼ ਸਿੰਘ ਬਾਦਲ (25 ਸਾਲ ਦੇ ਸਾਬਕਾ ਮੁੱਖ ਮੰਤਰੀ)
ਕੈਪਟਨ ਅਮਰਿੰਦਰ ਸਿੰਘ (9 ਸਾਲ ਦੇ ਸਾਬਕਾ ਮੁੱਖ ਮੰਤਰੀ)
ਡਾਕਟਰ ਓਬਰਾਏ ਵਰਗੇ ਜਿਨ੍ਹਾਂ ਦਾ ਵਿਦੇਸ਼ਾਂ ਵਿੱਚ ਅਰਬਾਂ ਦਾ ਕਾਰੋਬਾਰ ਚਲਦਾ
ਅੱਜ ਅਨੇਕਾਂ ਸਿੱਖ ਜੱਜ ਨੇ , ਵਕੀਲ ਨੇ , ਅੱਜ ਪੰਜਾਬ ਦਾ ਡੀ ਜੀ ਪੀ ਸਿੱਖ ਹੈ ਅਜਿਹੇ ਅਨੇਕਾਂ IPS , IAS Officers ਤੁਹਾਨੂੰ ਸਿੱਖ ਮਿਲ ਜਾਣਗੇ !
ਅੱਜ ਸਾਨੂੰ ਅੱਗੇ ਵਧਣ ਤੋਂ ਕੌਣ ਰੋਕ ਰਿਹਾ ਹੈ ?
ਕੋਈ ਨਹੀਂ !
ਅਸੀਂ ਮਿਹਨਤ ਤੋਂ ਮੂੰਹ ਮੋੜਕੇ ਐਸ਼ ਪ੍ਰਸਤੀ ‘ਚ ਲੱਗੇ ਹਾਂ , ਇਲਾਕੇ ‘ਚ ਆਪਣਾ ਦਬਕਾ ਬਣਾਈ ਰੱਖਣਾ ਹੀ ਆਪਣੀ ਵੱਡੀ ਪ੍ਰਾਪਤੀ ਮੰਨ ਬੈਠੇ ਹਾਂ !
ਜੇ 1984 ਤੋਂ ਬਾਅਦ ਅੱਜ 2021 ਤੱਕ ਏਨਾਂ ਸਿਸਟਮ ਵਿਚ ਸੁਧਾਰ ਹੋਇਆ ਹੈ ਤਾਂ ਉਮੀਦ ਰੱਖੋ ਅੱਗੇ ਵੀ ਸਮਾਂ ਬਦਲੇਗਾ
ਜੇ ਕਨੂੰਨ ਲਾਗੂ ਕਰਨ ਵਾਲਿਆਂ ਵਿੱਚ ਕਮੀਂ ਹੈ ਤਾਂ ਇਹ ਵੀ ਯਾਦ ਰੱਖੋ ਕਨੂੰਨ ਚਲਾਉਣ ਵਾਲੇ ਵੀ ਸਾਡੇ ਵਿਚੋਂ ਹੀ ਉਨ੍ਹਾਂ ਅਹੁਦਿਆਂ ਤੇ ਜਾਕੇ ਬੈਠੇ ਨੇ , ਉਹ ਕਿਸੇ ਦੂਜੇ ਗ੍ਰਹਿ ਤੋਂ ਨਹੀਂ ਆਏ !
ਬਹੁਤੇ ਤਾਂ ਅਜਿਹੇ ਨੇ ਜਿਹੜੇ ਜ਼ਿੰਦਗੀ ਭਰ ਕਨੂੰਨ ਦੀ ਉਲੰਘਣਾਂ ਕਰਦੇ ਨੇ ਤੇ ਜਦੋਂ ਕਦੇ ਕੋਈ ਅਧਿਕਾਰੀ ਉਸ ਨਾਲ ਗਲਤ ਪੇਸ਼ ਆਵੇ ਫੇਰ ਸਾਡੀ ਦੁਹਾਈ ਹੁੰਦੀ ਹੈ ਕਿ ਸਾਡੇ ਨਾਲ ਧੱਕਾ ਹੁੰਦਾ !
ਵੀਰੋ , ਅੱਜ ਲੋੜ ਹੈ ਕਨੂੰਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਨਾਕਿ ਕਨੂੰਨ ਤੋਂ ਬਾਗ਼ੀ ਹੋਣ ਦੀ !
ਏਕਤਾ ਬਣਾਈ ਰੱਖੋ , ਵੱਧ ਤੋਂ ਵੱਧ ਪੜਾਈ ਕਰੋ , ਕਨੂੰਨ ਬਾਰੇ ਜਾਣਕਾਰੀ ਰੱਖੋ , ਚੰਗੇ ਪੜੇ ਲਿਖਿਆਂ ਦੀ ਸੰਗਤ ਕਰਦੇ ਰਹੋ
ਜੋਰਾ ਸਿੰਘ ਬਨੂੜ
ਸਮਾਜ ਸੇਵਕ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly