(ਸਮਾਜ ਵੀਕਲੀ)
ਕੱਚੀ ਗੜ੍ਹੀ ਵਿੱਚ ਆਏ ਅੱਜ ਕੇਹੇ ਮਹਿਮਾਨ ਨੀ
ਫੱਟ ਪਿੰਡਿਆਂ ਦੇ ਉੱਤੇ,ਚਿਹਰਿਆਂ ਤੇ ਮੁਸਕਾਨ ਨੀ।
ਤਾਰਿਆਂ ਦਾ ਟੋਲਾ ਜਿਵੇਂ ਧਰਤੀ ਤੇ ਆ ਗਿਆ
ਵਿੱਚ ਚੰਨ ਦਰਵੇਸ਼ੀ, ਕੋਈ ਆਤਮਾ ਮਹਾਨ ਨੀ।
ਲੈ ਕੇ ਭਿੱਜੇ ਹੋਏ ਬਾਣੇ,ਭੁੰਜੇ ਬੈਠ ਗਏ ਨਿਮਾਣੇ
ਇੰਝ ਪੜੀ ਰਹਿਰਾਸ,ਫੂਕੇ ਮੋਇਆਂ ਚ ਜਾਨ ਨੀ।
ਨੀ ਇਹ ਤਾਂ ਗੁਜਰੀ ਦਾ ਚੰਨ,ਨਾਲ ਵੱਡੇ ਫ਼ਰਜ਼ੰਦ
ਸਿੰਘ ਗੁਰੂ ਦੇ ਪਿਆਰੇ,ਵਿੱਚ ਬੈਠੇ ਨੇ ਧਿਆਨ ਨੀ।
ਦਿਲੋਂ ਉੱਠਦੀ ਏ ਚੀਸ, ਭੁੱਖੇ ਭਾਣੇ ਸਿੰਘ ਸੋ ਗਏ
ਲੰਮੇ ਪੈਂਡਿਆਂ ਦੇ ਰਾਹੀ,ਲਾਹੁਣ ਬਿੰਦ ਕੁ ਥਕਾਨ ਨੀ।
ਗੁਰੂ ਜਾਗਦਾ ਅਡੋਲ,ਤੱਕੇ ਸਭਨਾਂ ਨੂੰ ਵਾਰੋ ਵਾਰੀ
ਸੀਸ ਸਿੰਘਾਂ ਦੇ ਪਲ਼ੋਸੇ,ਹੋਈ ਜਾਵੇ ਕੁਰਬਾਨ ਨੀ।
ਨਾਲ਼ੇ ਵਰ ਦਈ ਜਾਵੇ, ਨਾਲ਼ੇ ਦੁਮਾਲੇ ਹੈ ਸਵਾਰਦਾ
ਇਹਨੇ ਪੁੱਤਰਾਂ ਤੇ ਸਿੰਘਾਂ ਨੂੰ ਹੈ ਰੱਖਿਆ ਸਮਾਨ ਨੀ।
ਇਹਨੂੰ ਪਤੈ ਹੌਲੀ ਹੌਲੀ ਸਭ,ਪਾਉਣਗੇ ਸ਼ਹੀਦੀਆਂ
ਵਾਰ ਜਿਗਰ ਦੇ ਟੋਟੇ, ਰੱਖੂ ਖਾਲਸੇ ਦੀ ਸ਼ਾਨ ਨੀ।
ਕਰੇ ਗੱਲਾਂ ਖੁਦਾ ਨਾਲ,ਹੈ ਸਭ ਤੇਰੇ ਦਿੱਤੇ ਲਾਲ
ਆਖੇ ਸੌਂਪਣੇ ਖੁਦਾ ਨੂੰ,ਇਹ ਕਰੇ ਪੁੱਤਰਾਂ ਨੂੰ ਦਾਨ ਨੀ।
ਸਿਫਤ ਗੁਰੂ ਦੀ ਨਾ, “ਮੁਸਾਫ਼ਿਰ” ਕੋਈ ਲਿਖ ਸਕੇ
ਇਹ ਸਿਦਕ ਤਿਆਗ ਦਾ, ਲਾਸਾਨੀ ਹੈ ਨਿਧਾਨ ਨੀ।
ਨਰਪਿੰਦਰ ਸਿੰਘ ਮੁਸਾਫ਼ਿਰ
ਖਰੜ ਮੋ-7355733733)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly