ਜੀਐੱਸਟੀ ਪਰਿਸ਼ਦ: ਰਾਜਾਂ ਨੂੰ 16,982 ਕਰੋੜ ਰੁਪਏ ਦੇ ਬਕਾਏ ਦਾ ਹੋਵੇਗਾ ਪੂਰਾ ਭੁਗਤਾਨ

ਨਵੀਂ ਦਿੱਲੀ (ਸਮਾਜ ਵੀਕਲੀ):  ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਨਾਲ ਸਬੰਧਤ ਮਾਮਲਿਆਂ ਵਿਚ ਫ਼ੈਸਲੇ ਲੈਣ ਵਾਲੀ ਸਰਬਉੱਚ ਅਥਾਰਿਟੀ ਜੀਐੱਸਟੀ ਪਰਿਸ਼ਦ ਦੀ ਮੀਟਿੰਗ ਵਿਚ ਅੱਜ ਸ਼ੀਰੇ, ਪੈਨਸਿਲ ਸ਼ਾਰਪਨਰ ਉਤੇ ਜੀਐੱਸਟੀ ਦਰ ਵਿਚ ਕਟੌਤੀ ਦੇ ਨਾਲ ਹੀ ਸਾਲਾਨਾ ਰਿਟਰਨ ਭਰਨ ਵਿਚ ਦੇਰੀ ਉਤੇ ਲੱਗਣ ਵਾਲੀ ਲੇਟ ਫੀਸ ਨੂੰ ਤਰਕਸੰਗਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਇੱਥੇ ਹੋਈ ਜੀਐੱਸਟੀ ਪਰਿਸ਼ਦ ਦੀ 49ਵੀਂ ਬੈਠਕ ਖ਼ਤਮ ਹੋਣ ਤੋਂ ਬਾਅਦ ਮੀਡੀਆ ਨੂੰ ਇਨ੍ਹਾਂ ਅਹਿਮ ਫ਼ੈਸਲਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੂਨ ਦੇ 16,982 ਕਰੋੜ ਰੁਪਏ ਸਮੇਤ ਜੀਐੱਸਟੀ ਮੁਆਵਜ਼ੇ ਦੇ ਸਾਰੇ ਬਕਾਏ ਦਾ ਭੁਗਤਾਨ ਜਲਦੀ ਕਰ ਦਿੱਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਇਹ ਰਾਸ਼ੀ ਆਪਣੇ ਸਰੋਤਾਂ ਤੋਂ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਇਸ ਨੂੰ ਭਵਿੱਖ ਵਿਚ ਮੁਆਵਜ਼ਾ ਸੈੱਸ ਕੁਲੈਕਸ਼ਨ ਰਾਹੀਂ ਵਸੂਲ ਕੀਤਾ ਜਾਵੇਗਾ।

ਇਸ ਬੈਠਕ ਵਿਚ ਸੀਤਾਰਾਮਨ ਤੋਂ ਇਲਾਵਾ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਤ ਮੰਤਰੀਆਂ ਤੇ ਵੱਖ-ਵੱਖ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਸੀਤਾਰਾਮਨ ਨੇ ਕਿਹਾ ਕਿ ਪਰਿਸ਼ਦ ਨੇ ਸ਼ੀਰੇ ਉਤੇ ਪੈਕਿੰਗ ਤੋਂ ਪਹਿਲਾਂ ਜੀਐੱਸਟੀ ਨੂੰ 18 ਪ੍ਰਤੀਸ਼ਤ ਤੋਂ ਘਟਾ ਕੇ ਪੰਜ ਪ੍ਰਤੀਸ਼ਤ ਕਰਨ ਦੀ ਸਿਫ਼ਾਰਿਸ਼ ਕੀਤੀ। ਪਰਿਸ਼ਦ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ ਜੇਕਰ ਟੈਗ-ਟਰੈਕਿੰਗ ਉਪਕਰਨ ਜਾਂ ਡੇਟਾ ਲੌਗਰ ਜਿਹਾ ਉਪਕਰਨ ਇਕ ਕੰਟੇਨਰ ਉਤੇ ਪਹਿਲਾਂ ਤੋਂ ਹੀ ਲੱਗਾ ਹੋਇਆ ਹੈ, ਤਾਂ ਉਸ ਉਪਕਰਨ ਉਤੇ ਅਲੱਗ ਤੋਂ ਕੋਈ ਆਈਜੀਐੱਸਟੀ ਨਹੀਂ ਲੱਗੇਗਾ ਤੇ ਕੰਟੇਨਰਾਂ ਲਈ ਉਪਲਬਧ ‘ਜ਼ੀਰੋ’ ਆਈਜੀਐੱਸਟੀ ਸਹੂਲਤ ਉਨ੍ਹਾਂ ਲਈ ਵੀ ਉਪਲੱਬਧ ਹੋਵੇਗੀ।

ਵਿੱਤ ਮੰਤਰੀ ਨੇ ਕਿਹਾ ਕਿ ਜੀਐੱਸਟੀ ਪਰਿਸ਼ਦ ਨੇ ਵਿੱਤੀ ਸਾਲ 2022-23 ਤੋਂ ਬਾਅਦ 20 ਕਰੋੜ ਰੁਪਏ ਦੇ ਵਪਾਰ ਵਾਲੇ ਰਜਿਸਟਰਡ ਵਿਅਕਤੀਆਂ ਲਈ ਤੈਅ ਮਿਤੀ ਤੋਂ ਬਾਅਦ ਸਾਲਾਨਾ ਜੀਐੱਸਟੀ ਰਿਟਰਨ ਭਰਨ ਉਤੇ ਫਾਰਮ ਜੀਐੱਸਟੀਆਰ-9 ਲੇਟ ਫੀਸ ਨੂੰ ਤਰਕਸੰਗਤ ਬਣਾਉਣ ਦਾ ਫ਼ੈਸਲਾ ਲਿਆ ਹੈ। ਇਕ ਵਿੱਤੀ ਵਰ੍ਹੇ ਵਿਚ ਪੰਜ ਕਰੋੜ ਰੁਪਏ ਦਾ ਵਪਾਰ ਕਰਨ ਵਾਲੇ ਵਿਅਕਤੀ ਉਤੇ ਇਕ ਦਿਨ ਦੀ ਲੇਟ ਫੀਸ 50 ਰੁਪਏ ਹੈ, ਜੋ ਵਪਾਰ ਦੇ ਵੱਧ ਤੋਂ ਵੱਧ 0.04 ਪ੍ਰਤੀਸ਼ਤ ਦੇ ਅਧੀਨ ਹੈ। ਪੰਜ ਕਰੋੜ ਤੋਂ 20 ਕਰੋੜ ਰੁਪਏ ਤੱਕ ਦੇ ਵਪਾਰ ਵਾਲੇ ਵਿਅਕਤੀ ਉਤੇ ਲੇਟ ਫੀਸ 100 ਰੁਪਏ ਪ੍ਰਤੀ ਦਿਨ ਹੋ ਜਾਵੇਗੀ।

 

Previous articleਅਪੀਲੀ ਟ੍ਰਿਬਿਊਨਲਾਂ ਬਾਰੇ ਮੰਤਰੀ ਸਮੂਹ ਦੀ ਰਿਪੋਰਟ ਪ੍ਰਵਾਨ
Next articleਮਿੱਠੀ ਬੋਲੀ