ਖੁਲਨਾ— ਬੰਗਲਾਦੇਸ਼ ‘ਚ ਇਕ ਵਾਰ ਫਿਰ ਹਿੰਦੂ ਭਾਈਚਾਰੇ ‘ਤੇ ਹਮਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸਲਾਮਿਕ ਕੱਟੜਪੰਥੀ ਸਮੂਹ ਮੰਦਰਾਂ ਅਤੇ ਪੂਜਾ ਕਮੇਟੀਆਂ ਨੂੰ ਧਮਕੀ ਭਰੇ ਪੱਤਰ ਭੇਜ ਕੇ 5 ਲੱਖ ਬੰਗਲਾਦੇਸ਼ੀ ਟਕਾ ਦੀ ਮੰਗ ਕਰ ਰਹੇ ਹਨ। ਜੇਕਰ ਰਾਸ਼ੀ ਨਾ ਦਿੱਤੀ ਗਈ ਤਾਂ ਦੁਰਗਾ ਪੂਜਾ ਬੰਦ ਕਰ ਦਿੱਤੀ ਜਾਵੇਗੀ। ਦੁਰਗਾ ਪੂਜਾ, ਜੋ ਕਿ 9 ਤੋਂ 13 ਅਕਤੂਬਰ ਤੱਕ ਮਨਾਈ ਜਾਵੇਗੀ, ਬੰਗਲਾਦੇਸ਼ੀ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਸ ਸਾਲ ਇਹ ਤਿਉਹਾਰ ਡਰ ਦੇ ਸਾਏ ਹੇਠ ਮਨਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਸਭ ਤੋਂ ਵੱਧ ਘਟਨਾਵਾਂ ਖੁਲ੍ਹਣਾ ਜ਼ਿਲ੍ਹੇ ਦੇ ਦਕੋਪ ਵਿੱਚ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਪੱਤਰ ਮਿਲੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਰਕਮ ਨਾ ਦੇਣ ਦੀ ਸੂਰਤ ਵਿੱਚ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਹੈ। ਕਈ ਥਾਵਾਂ ‘ਤੇ ਦੁਰਗਾ ਦੀਆਂ ਮੂਰਤੀਆਂ ਤੋੜੇ ਜਾਣ ਦੀਆਂ ਵੀ ਖ਼ਬਰਾਂ ਹਨ। 22 ਸਤੰਬਰ ਨੂੰ ਲਕਸ਼ਮੀਗੰਜ ਜ਼ਿਲ੍ਹੇ ਦੇ ਰਾਏਪੁਰ ਇਲਾਕੇ ਵਿੱਚ ਮਦਰੱਸੇ ਦੇ ਕੁਝ ਲੜਕਿਆਂ ਨੇ ਦੁਰਗਾ ਦੀਆਂ ਮੂਰਤੀਆਂ ਤੋੜ ਦਿੱਤੀਆਂ ਸਨ। ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਚਟਗਾਂਵ ਅਤੇ ਖੁਲਨਾ ਜ਼ਿਲ੍ਹਾ ਅਧਿਕਾਰੀਆਂ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਬੰਗਲਾਦੇਸ਼ ਦੀ ਹਿੰਦੂ-ਬੌਧ-ਈਸਾਈ ਏਕਤਾ ਕਮੇਟੀ ਨੇ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਤੋਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਚਟਗਾਂਵ ਜ਼ਿਲ੍ਹੇ ਦੀ ਸਨਾਤਨ ਵਿਦਿਆਰਥੀ ਸਭਾ ਦੇ ਪ੍ਰਧਾਨ ਕੁਸ਼ਲ ਚੱਕਰਵਤੀ ਨੇ ਕਿਹਾ, ਸਾਡੇ ਮਨ ਵਿੱਚ ਡਰ ਹੈ। ਅਸੀਂ ਆਪਣੀ ਸੁਰੱਖਿਆ ਲਈ ਸਰਕਾਰ ਨਾਲ ਸੰਪਰਕ ਕਰ ਰਹੇ ਹਾਂ।” ਸਤਖੀਰਾ ਜ਼ਿਲ੍ਹੇ ਦੇ ਇੱਕ ਸਥਾਨਕ ਹਿੰਦੂ ਭਾਈਚਾਰੇ ਦੇ ਆਗੂ ਵਿਵੇਕਾਨੰਦ ਰੇਅ ਨੇ ਕਿਹਾ, “ਕੁਝ ਕੱਟੜਪੰਥੀਆਂ ਨੇ ਦੁਰਗਾ ਜੀ ਦੀ ਮੂਰਤੀ ਅਤੇ ਪੰਡਾਲਾਂ ਦੀ ਭੰਨਤੋੜ ਕੀਤੀ ਹੈ। ਸਰਕਾਰ ਤਮਾਸ਼ਬੀਨ ਬਣੀ ਹੋਈ ਹੈ ਅਤੇ ਪੁਲਿਸ ਕੋਈ ਮਦਦ ਨਹੀਂ ਕਰ ਰਹੀ। ਅਗਸਤ ਵਿੱਚ ਭੜਕੀ ਹਿੰਸਾ ਦੇ ਬਾਅਦ ਤੋਂ ਬੰਗਲਾਦੇਸ਼ ਵਿੱਚ ਘੱਟ ਗਿਣਤੀ ਭਾਈਚਾਰਿਆਂ ਉੱਤੇ ਹਮਲਿਆਂ ਦੀਆਂ ਕਈ ਰਿਪੋਰਟਾਂ ਆਈਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly