ਪੁਸਤਕ ਦਾ ਨਾਂ : ਲਾਲ ਰੱਤਾ (ਕਹਾਣੀ ਸੰਗ੍ਰਹਿ)
ਲੇਖਕ ਦਾ ਨਾਂ : ਭੁਪਿੰਦਰ ਸਿੰਘ ਮਾਨ
ਪੰਨੇ : 118ਕੀਮਤ : 250/- ਰੁਪਏ
ਪ੍ਰਕਾਸ਼ਕ : ਊੜਾ ਪਬਲੀਕੇਸ਼ਨ ਮੋਗਾ
ਤੇਜਿੰਦਰ ਚੰਡਿਹੋਕ ਬਰਨਾਲਾ

(ਸਮਾਜ ਵੀਕਲੀ) ਭੁਪਿੰਦਰ ਸਿੰਘ ਮਾਨ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ ਕਿਉਕਿ ਉਸ ਨੇ ਹਥਲੀ ਪੁਸਤਕ ‘ਲਾਲ ਰੱਤਾ’ ਤੋਂ ਪਹਿਲਾਂ ਪੰਜਾਬੀ ਪਾਠਕਾਂ ਲਈ ਤਿੰਨ ਕਹਾਣੀ ਸੰਗ੍ਰਹਿ ਤਿੰਨ ਨਾਵਲ ਇੱਕ ਬਾਲ ਨਾਵਲ ਸਫਰਨਾਮਾਂ ਅਤੇ ਵਾਰਤਕ ਪੁਸਤਕਾਂ ਦੀ ਸਿਰਜਣਾ ਕੀਤੀ ਹੈ|
ਕਹਾਣੀ ਆਧੁਨਿਕ ਸਮੇਂ ਦਾ ਸਾਹਿਤ ਰੂਪ ਹੈ| ਕਹਾਣੀ ਦੀ ਸਿਰਜਣਾ ਨਵੇਕਲੀ ਕਥਾ ਸ਼ੈਲੀ ਪਾਤਰ ਚਿਤਰਣ ਪਲਾਟ ਵਾਤਾਵਰਣ ਅਤੇ ਉਦੇਸ਼ ਨਾਲ ਕੀਤੀ ਜਾਂਦੀ ਹੈ| ਕਹਾਣੀ ਕਥਾ ਸਾਹਿਤ ਵਿੱਚ ਲੰਬੀਆਂ ਕਹਾਣੀਆਂ ਮਿੰਨੀ ਕਹਾਣੀਆਂ ਛੋਟੀਆਂ ਕਹਾਣੀਆਂ ਲਘੂ ਕਥਾ ਆਦਿ ਵਿਭਿੰਨ ਰੂਪਾਂ ਵਿੱਚ ਮਿਲਦੀਆਂ ਹਨ| ਭੁਪਿੰਦਰ ਸਿੰਘ ਮਾਨ ਨੇ ਲੰਬੀਆਂ ਕਹਾਣੀਆਂ ਦੀ ਸਿਰਜਨਾ ਕੀਤੀ ਹੈ|
ਭੁਪਿੰਦਰ ਸਿੰਘ ਮਾਨ ਦਾ ਤਾਜ਼ਾ ਤੇ ਹਥਲਾ ਕਹਾਣੀ ਸੰਗ੍ਰਹਿ ‘ਲਾਲ ਰੱਤਾ’ ਵਿੱਚ ਅੱਠ ਕਹਾਣੀਆਂ ਸ਼ਾਮਲ ਹਨ ਅਤੇ ਪੁਸਤਕ ਦੀ ਸਿਰਲੇਖਤ ਕਹਾਣੀ ‘ਲਾਲ ਰੱਤਾ’ ਸੱਤਵੇਂ ਨੰਬਰ ਤੇ ਸ਼ੁਮਾਰ ਕੀਤੀ ਗਈ ਹੈ| ਪੁਸਤਕ ਨੂੰ ਵਾਚਦਿਆਂ ਮਹਿਸੂਸ ਕੀਤਾ ਹੈ ਕਿ ਪੁਸਤਕ ਦਾ ਮੁੱਖ ਬੰਦ ਜਾਂ ਭੂਮਿਕਾ ਨਹੀਂ ਬੰਨੀ ਗਈ ਅਤੇ ਨਾ ਹੀ ਲੇਖਕ ਵਲੋਂ ਆਪਣੇ ਵਿਚਾਰ ਅਤੇ ਸਮਰਪਣ ਬਾਰੇ ਕੁੱਝ ਲਿਖਿਆ ਗਿਆ ਹੈ|
ਜੇ ਹੁਣ ਅਸੀਂ ਪੁਸਤਕ ਵਿਚਲੀਆਂ ਕਹਾਣੀਆਂ ਬਾਰੇ ਜ਼ਿਕਰ ਕਰੀਏ ਤਾਂ ਪੁਸਤਕ ਦੀ ਪਲੇਠੀ ਕਹਾਣੀ ‘ਵੈਰਾਗ’ ਸਮਾਜ ਵਿਚਲੇ ਮਰਦ ਅਤੇ ਔਰਤ ਉਪਰ ਕਾਮ ਦੇ ਭਾਰੂ ਹੋਣ ਅਤੇ ਫਿਰ ‘ਐਂਡ ਜਸਟੀਫਾਈ ਮੀਨਜ਼’ ਦੇ ਅਧਾਰ ਤੇ ਕੁੱਝ ਵੀ ਕਰ ਗੁਜਰਨ ਬਾਰੇ ਚਿੰਤਾ ਵਿਅਕਤ ਕਰਦੀ ਹੈ| ਕਹਾਣੀ ਦਾ ਪਾਤਰ ਹਰਦੇਵ ਸਿੰਘ ਉਰਫ ਦੇਬੀ ਬਚਪਨ ਤੋਂ ਸਰੀਰਕ ਪੱਖੋਂ ਸਮਰਥ ਨਾ ਹੋਣ ਤੇ ਵੀ ਆਪਣੇ ਦੋਸਤ ਗੋਰੇ ਦੀ ਪਤਨੀ ਸਤਵੰਤ ਨਾਲ ਪ੍ਰੇਮ ਕਰਦਾ ਹੈ ਅਤੇ ਵਿਆਹ ਕਰਦਾ ਹੈ| ਉਧਰ ਸਤਵੰਤ ਦਾ ਪਤੀ ਗੋਰਾ ਜੋ ਦੇਬੀ ਦਾ ਮਿੱਤਰ ਵੀ ਹੈਲੂ ਸ਼ਰਾਬ ਦਾ ਆਦੀ ਭਾਵੇਂ ਹੈ ਪਰ ਦੋ ਬੱਚਿਆਂ ਦਾ ਪਿਉ ਵੀ ਹੈ| ਸ਼ਰਾਬ ਹੋਣ ਕਰਕੇ ਉਸ ਦਾ ਫਾਇਦਾ ਉਠਾ ਕੇ ਦੇਬੀ ਉਸ ਨੂੰ ਸ਼ਰਾਬ ਵਿੱਚ ਸੰਖੀਆ ਦੇ ਕੇ ਪਾਰ ਬੁਲਾ ਦਿੰਦਾ ਹੈ ਅਤੇ ਯਾਰ ਮਾਰ ਕਰਦਾ ਹੈ ਅਤੇ ਪਿੰਕੀ ਦੇ ਵਿਆਹ ਸਮੇਂ ਹੋਏ ਇੱਕਠ ਵਿੱਚ ਦੇਬੀ ਨੂੰ ਇਹੀ ਚਿੰਤਾ ਰਹਿੰਦੀ ਹੈ ਕਿ ਉਸ ਦਾ ਭੇਤ ਨਾ ਖੁੱਲ ਜਾਵੇ| ਉਹ ਗੁਰੂਘਰ ਬੈਠਾ ਵੀ ਆਤਮ ਹੱਤਿਆ ਦੀ ਸੋਚਦਾ ਹੈ ਪਰ ਫਿਰ ਗੁਰਬਾਣੀ ਨੂੰ ਧਿਆਨ ਵਿੱਚ ਲਿਆਉਂਦਾ ਹੈ ਕਿ ਗੁਰਬਾਣੀ ਤਾਂ ਆਤਮ ਹੱਤਿਆ ਤੋਂ ਵਰਜਦੀ ਹੈ| ਦੂਜੇ ਪਾਸੇ ਸਤਵੰਤ ਦੇਬੀ ਨਾਲ ਰਹਿੰਦਿਆਂ ਵੀ ਬਾਹਰ ਜਾਣ ਦੀ ਆਦੀ ਹੈ ਅਤੇ ਇਕ ਸੇਵਾ ਮੁਕਤ ਪੁਲਿਸ ਅਫਸਰ ਗੁਰਸਾਹਿਬ ਸਿੰਘ ਉਸ ਦੇ ਘਰ ਰਹਿੰਦਾ ਹੈ ਜਿਸ ਦੀ ਆਪਣੀ ਪਤਨੀ ਦੀ ਮੌਤ ਹੋ ਚੁੱਕੀ ਹੈਲੂ ਪਰ ਦੇਬੀ ‘ਅੱਖੀਂ ਦੇਖ ਕੇ ਮੱਖੀ ਨਾ ਖਾਣ’ ਦੀ ਕਹਾਵਤ ਅਨੁਸਾਰ ਵਿਚੋ ਵਿੱਚ ਕੁਰਝਦਾ ਰਹਿੰਦਾ ਹੈ| ਕਹਾਣੀ ਦਾ ਅੰਤ ਲੇਖਕ ਨੇ ਕਰਦਿਆਂ ਦਰਸਾਇਆ ਹੈ ਕਿ ਭਾਵੇਂ ਉਹ ਗੁਰਸਾਹਿਬ ਨਾਲ ਰਹਿੰਦੀ ਹੈ ਪਰ ਲੋਕ ਲਾਜ ਕਰਕੇ ਗੁਰੂਘਰ ਨੀਵੀਂ ਪਾਈ ਬੈਠੇ ਦੇਬੀ ਨੂੰ ਪਿੰਕੀ ਦੇ ਲਾਵਾਂ ਫੇਰਿਆਂ ਦੀ ਰਸਮ ਲਈ ਬੁਲਾਉਂਦੀ ਹੈ ਅਤੇ ਗੁਰਸਾਹਿਬ ਗੁਰਦੁਆਰੇ ਵਿੱਚੋਂ ਬਾਹਰ ਚਲਾ ਜਾਂਦਾ ਹੈ| ਕਹਾਣੀ ਵਿੱਚ ਕੁੱਝ ਸ਼ਬਦ ਅਜੇਹੇ ਲਏ ਗਏ ਹਨ ਜਿਨਾਂ ਬਾਰੇ ਸ਼ਾਇਦ ਨਵੀਂ ਪੀੜ੍ਹੀ ਨਹੀਂ ਜਾਣਦੀ ਜਿਵੇਂ ਖਰੌੜੀ ਕਪਾਲ ਆਦਿ| ਦੂਜਾ ਪੰਨਾ 12 ਉੱਪਰ ਇੱਕ ਵਾਕ ‘ਅਸਲ ਵਿੱਚ ਉਹ ਆਪਣੀ ਤਨਖਾਹ ਬਣਨਾ ਨਹੀਂ ਚਾਹੁੰਦਾ’ ਵਿੱਚ ਵੰਡਣਾ ਦੀ ਥਾਂ ਬਣਨਾ ਲਿਖਿਆ ਗਿਆ ਹੈ|
ਪੁਸਤਕ ਦੀ ਦੂਜੀ ਕਹਾਣੀ ‘ਇੱਕ ਮਜ਼ਾਰ ਹੋਰ’ ਅਜੋਕੇ ਸਮੇਂ ਦੀ ਪੀੜ੍ਹੀ ਦੇ ਯਥਾਰਥ ਨੂੰ ਲੈ ਕੇ ਚਿੰਤਾਗ੍ਰਸਤ ਹੁੰਦੀ ਹੈ| ਕਾਰਪੋਰੇਟ ਘਰਾਣਿਆਂ ਵਲੋਂ ਆਮ ਲੋਕਾਂ ਨੂੰ ਆਪਣੇ ਕੰਟਰੋਲ ਵਿੱਚ ਲੈਣ ਦੀ ਗੱਲ ਕਰਦੀ ਹੈ| ਕਹਾਣੀ ਸੁਪਨੇ ਵਿੱਚ ਆਏ ਚੂਹੇ ਦੇ ਡਾਵਣੇਂ ਹਾਲਾਤਾਂ ਤੋਂ ਸ਼ੁਰੂ ਹੁੰਦੀ ਹੈ| ‘ਰਾਹੁਲ’ ਆਪਣੀ ਮਾਂ ਸਵਿਤਾ ਨੂੰ ਕਿਤਾਬਾਂ ਦੀ ਥਾਂ ਸੋਸ਼ਲ ਮੀਡੀਆ ਨਾਲ ਜੋੜਨਾ ਚਾਹੁੰਦਾ ਹੈਲੂ ਪਰ ਸਵਿਤਾ ਸਮਝਦੀ ਹੈ ਕਿ ਸੋਸ਼ਲ ਮੀਡੀਆ ਨਾਲੋ ਕਿਤਾਬਾਂ ਵੱਧ ਸਕੂਨ ਦਿੰਦੀਆਂ ਹਨ| ਉਹ ਜਾਣਦੀ ਹੈ ਕਿ ਪੁਸਤਕਾਂ ਇਕੱਲਤਾ ਦੂਰ ਕਰਦੀਆਂ ਹਨ| ਕਿਉਂਕਿ ਉਸ ਦੀ ਪਤੀ ਦੀ ਮੌਤ ਤੋਂ ਬਾਅਦ ਉਹ ਇਕੱਲਾਪਾ ਮਹਿਸੂਸ ਕਰਨ ਲੱਗ ਪੈਂਦੀ ਹੈ ਅਤੇ ਪੁਸਤਕਾਂ ਨਾਲ ਜੁੜ ਕੇ ਸਮਾਂ ਲੰਘਾਉਂਦੀ ਹੈ| ਹਰ ਮਾਂ ਬਾਪ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਬੱਚੇ ਨੂੰ ਤਰੱਕੀ ਕਰਦੇ ਵੇਖੇ ਪਰ ਆਧੁਨਿਕ ਸਮੇਂ ਆਪਣੀ ਤਰੱਕੀ ਦੀ ਆੜ ਵਿੱਚ ਬੱਚੇ ਆਪਣੇ ਮਾਂ ਪਿਉ ਨੂੰ ਪੁਰਾਣੇ ਖ਼ਿਆਲਾਂ ਦੇ ਸਮਝਣ ਲੱਗ ਪੈਂਦੇ ਹਨ| ਰਾਹੁਲ ਦਾ ਦੂਰ ਬਾਹਰਲੇ ਸਕੂਲ ਵਿੱਚ ਪੜਨਾ ਅਤੇ ਨੌਕਰੀ ਕਰਨਾ ਰਿਸ਼ਤੇਦਾਰੀਆਂ ਤੋਂ ਦੂਰ ਲੈ ਜਾਂਦਾ ਹੈ| ਕਹਾਣੀ ਰਾਹੁਲ ਅਤੇ ਸ਼ਬੀਨਾ ਦੇ ਸਬੰਧਾਂ ਨੂੰ ਲੈ ਕੇ ਲਿਵ ਇਨ ਰਿਲੇਸ਼ਨ ਦੀ ਗੱਲ ਵੀ ਕਰਦੀ ਹੈ| ਨਵੀਂ ਪੀੜ੍ਹੀ ਵਿੱਚ ਆ ਰਹੇ ਬਦਲਾਅ ਦਾ ਇਸ ਗੱਲ ਤੋਂ ਵੀ ਪਤਾ ਲੱਗਦਾ ਹੈਲੂ ਜਦੋਂ ਸਵਿਤਾ ਸ਼ਬੀਨਾ ਨੂੰ ਰਾਹੁਲ ਨਾਲ ਵਿਆਹ ਦੀ ਗੱਲ ਕਰਦੀ ਹੈ ਤਾਂ ਉਹ ਆਖਦੀ ਹੈ ‘ਅੱਜਕਲ ਤਾਂ ਡਬਲ ਇਨਕਮ ਵਿਦਾਉਟ ਕਿਡਜ਼ ਦਾ ਜ਼ਮਾਨਾ ਹੈ|’ ਉਸ ਨੂੰ ਵੱਡੇ ਇੰਸਟੀਚਿਉਟ ਅਤੇ ਕੰਪਨੀਆਂ ‘ਦੌਲੇ ਸ਼ਾਹ ਦੇ ਚੂਹੇ’ ਮਜ਼ਾਰ ਵਰਗੀਆਂ ਲੱਗਦੀਆਂ ਹਨ ਜਿਹੜੀਆਂ ਕਾਮਿਆਂ ਨੂੰ ਆਪਣੇ ਅਧੀਨ ਕਰ ਲੈਂਦੀਆਂ ਹਨ ਤੇ ਫਿਰ ਉਹਨਾਂ ਨੂੰ ਹੋਰ ਕਿਸੇ ਦੀ ਸੁੱਧ-ਬੁੱਧ ਹੀ ਨਹੀਂ ਰਹਿੰਦੀ| ਫਿਰ ਉਸਦੀ ਧੀ ਸੁਲੇਖਾ ਦੱਸਦੀ ਹੈ ਕਿ ਉਹਨਾਂ ਦੇ ਸ਼ਹਿਰ ਇਕ ਆਈ. ਆਈ. ਟੀ ਮਨਜ਼ੂਰ ਹੋ ਗਈ ਹੈ ਤਾਂ ਉਹ ਬੋਲੀ ਕਿ ਅੱਛਾ ਸਾਡੇ ਸ਼ਹਿਰ ਵੀ ਇੱਕ ਮਜ਼ਾਰ ਹੋਰ ਬਣਨ ਲੱਗੀ ਹੈ ਜਿਹੜੀ ਬਿਨਾਂ ਲੋਹੇ ਦੇ ਟੋਪ ਤੋਂ ਹੀ ਦੌਲੇ ਸ਼ਾਹ ਦੇ ਚੂਹੇ ਪੈਦਾ ਕਰੇਗੀ| ਕਹਾਣੀ ਦੇ ਪੰਨਾਂ ਨੰਬਰ 27 ਵਿੱਚ ਇਕ ਵਾਕ ‘ਚਾਰੇ ਚੱਕ ਕੇ ਪੈ ਗਿਆ|’ ਵਿਚੋਂ ‘ਪੈਰ’ ਸ਼ਬਦ ਗਾਇਬ ਹੈ|
ਇਸ ਪੁਸਤਕ ਵਿੱਚ ਤੀਜੀ ਤੇ ਚੌਥੀ ਦੋ ਕਹਾਣੀਆਂ ਦਾ ਨਾਮਕਰਨ ਅੰਗ੍ਰੇਜ਼ੀ ਸ਼ਬਦਾਂ ਨਾਲ ਕੀਤਾ ਗਿਆ ਹੈ ਭਾਵੇਂ ਉਹਨਾਂ ਦੇ ਵਿਸ਼ੇ ਵਸਤੂ ਵੱਖੋ ਵਖਰੇ ਹਨ| ਇੱਕ ਹੈੱਡ ਹੰਟਰਜ਼ ਅਤੇ ਦੂਜੀ ਹੈਪੀ ਐਂਡਿੰਗ| ਕਹਾਣੀ ‘ਹੈੱਡ ਹੰਟਰਜ਼’ ਵਿੱਚ ਆਪਣੇ ਤਾਏ ਬਚਨ ਸਿੰਘ ਵਲੋਂ ਦਬੀ ਜ਼ਮੀਨ ਦੀ ਕਹਾਣੀ ਹੈ ਜਿਸ ਦਾ ਬਾਅਦ ਵਿੱਚ ਉਸ ਦੇ ਤਾਏ ਵਲੋਂ ਗਲਤੀ ਮੰਨਣ ਕਰਕੇ ਨਿਪਟਾਰਾ ਹੋ ਜਾਂਦਾ ਹੈ| ਹਾਲਾਂ ਕਿ ਫੌਜ ਦੀ ਨੌਕਰੀ ਦੌਰਾਨ ਬਣੇ ਫਿਜ਼ੋ ਦੋਸਤ ਉਸ ਦੇ ਤਾਏ ਅਤੇ ਉਸ ਦੇ ਮੁੰਡੇ ਦਾ ਸਿਰ ਕਲਮ ਕਰਨ ਦੀ ਗੱਲ ਕਰਦਾ ਹੈ| ਕਹਾਣੀ ਵਿੱਚ ਖੋਹੀ ਜਾ ਰਹੀ ਜ਼ਮੀਨ ਕੋਰੋਨਾ ਅਤੇ ਕਿਸਾਨੀ ਦੇ ਤਿੰਨ ਬਿਨਾਂ ਦੀ ਗੱਲ ਵੀ ਆਉਂਦੀ ਹੈ ਕਿਊਂ ਕਿ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ| ਦੂਜੀ ਕਹਾਣੀ ‘ਹੈਪੀ ਐਂਡਿੰਗ’ ਯਾਤਰਾ ਸਮਰਣ ਵਰਗੀ ਜਾਪਦੀ ਹੈ ਪਰ ਜਿੱਥੇ ਪਾਤਰ ਕ੍ਰਿਸ਼ਨਾ ਜੋ ਟਰੈਕਿੰਗ ਕਰਦਾ ਹੈ ਦੀ ਕਹਾਣੀ ਦਿਲਚਸਪੀ ਪੈਦਾ ਕਰਦੀ ਹੈ ਉੱਥੇ ‘ਜੈਸੇ ਕੋ ਤੈਸਾ’ ਵਾਲਾ ਦਵੰਦ ਵੀ ਪੇਸ਼ ਕਰਦੀ ਹੈ| ਕਹਾਣੀ ਉਸ ਦੀ ਪ੍ਰੇਮਿਕਾ ਸੁਜਾਤਾ ਜਿਸ ਦਾ ਪਤੀ ਦੁਬਈ ਕੰਮ ਕਰਦਾ ਹੈ ਨਾਲ ਗੱਲ ਚਲਦੀ ਹੈ ਉਧਰ ਉਸ ਦੀ ਪਤਨੀ ਸਰਲਾ ਦੀ ਆਪਣੇ ਪ੍ਰੇਮੀ ਨਾਲ ਗੱਲਬਾਤ ਦਿਖਾਉਂਦੀ ਹੈ| ਬਾਂਹ ਉੱਪਰ ਕ੍ਰਿਸ਼ਨਾ ਵਲੋਂ ਲਿਖਾਏ ਅੱਖਰ ‘ਐੱਸ ਕੇ’ ਦੋਨਾਂ ਨੂੰ ਉੱਲੂ ਬਣਾਉਣ ਦਾ ਕੰਮ ਕਰਦਾ ਹੈ| ਕ੍ਰਿਸ਼ਨਾ ਤਾਂ ਟਰੈਕਿੰਗ ਤੇ ਆਈਆਂ ਗੋਰੀਆਂ ਨਾਲ ਹਮਬਿਸਤਰ ਹੋਣ ਨੂੰ ਹੈਪੀ ਐਂਡਿੰਗ ਕਹਿੰਦਾ ਹੈ| ਜਦੋਂ ਉਹ ਕਹਿੰਦਾ ਹੈ ਕਿ ਏਕ ਹੀ ਬਿਸਤਰ ਪੇ ਸੋਣੇ ਸੇ ਹੈਪੀ ਐਂਡਿੰਗ ਹੀ ਹੋਗਾ ਔਰ ਕਿਆ ਹੋਗਾ|
ਪੁਸਤਕ ਦੀਆਂ ਕਹਾਣÎਆਂ ‘ਤੁਖ਼ਮ’ ਅਤੇ ‘ਤਪਸ਼’ ਵਿੱਚ ਇਕ ਚੀਜ ਸ਼ਾਂਝੀ ਮਿਲਦੀ ਹੈ ਕਿ ਮੂਲ ਨਾਲੋਂ ਵਿਆਜ਼ ਪਿਆਰਾ ਹੁੰਦਾ ਹੈ| ‘ਤਪਸ਼’ ਵਿੱਚ ਪੁੱਤਰ ਦੀ ਆਪਣੇ ਪਿਓ ਨਾਲ ਨਾ ਬਣਨ ਕਰਕੇ ਪਿਓ ਲੋਕਾਂ ਨੂੰ ਜਾਲ ਵਿੱਚ ਫਸਾ ਕੇ ਹਾਸਲ ਕੀਤੀ ਜ਼ਮੀਨ ਪੋਤੇ ਦੇ ਨਾਂ ਕਰਵਾਉਂਦਾ ਹੈ ਕਿਉਂਕਿ ਉਹ ਅਜੇ ਛੋਟਾ ਹੈ ਤੇ ਦੂਜੇ ਪਾਸੇ ‘ਤੁਖ਼ਮ’ ਵਿੱਚ ਫੌਜੀ ਦਾਦਾ ਵੀ ਪੋਤੇ ਦੇ ਨਾਂ ਜ਼ਮੀਨ ਕਰਵਾਉਣਾ ਚਾਹੁੰਦਾ ਹੈ| ‘ਤੁਖ਼ਮ’ ਕਹਾਣੀ ਵਿੱਚ ਮਨਜੀਤ ਕੌਰ ਦਾ ਘਰ ਵਾਲਾ ਨਸ਼ੇੜੀ ਤੇ ਨਾਮਰਦ ਹੋਣ ਕਰਕੇ ਉਸ ਦੀ ਸੱਸ ਤੇ ਧੀ ਜੋ ਘਰ ਦਾ ਜਵਾਈ ਨੱਛਤਰ ਸਿੰਘ ਨਾਲ ਮਨਜੀਤ ਕੌਰ ਹਮਬਿਸਤਰ ਹੋ ਕੇ ਘਰ ਦਾ ਚਿਰਾਗ਼ ਹਾਸਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਪਰ ਮਨਜੀਤ ਕੌਰ ਨਹੀਂ ਮੰਨਦੀ| ਮਨਜੀਤ ਕੌਰ ਦਾ ਸਹੁਰਾ ਜੋ ਫੌਜੀ ਹੈ ਉਸ ਦੇ ਹੱਕ ਵਿੱਚ ਹੈ ਅਤੇ ਆਪਣੀ ਪੈਨਸ਼ਨ ’ਚੋਂ ਪੈਸੇ ਦੇ ਕੇ ਹਸਪਤਾਲ ਤੋਂ ਸੀਮਨ ਰੱਖਵਾ ਕੇ ਬੱਚਾ ਪੈਦਾ ਕਰਨ ਲਈ ਕਹਿੰਦਾ ਹੈ ਅਤੇ ਪਾਤਰ ਚੇਤਨ ਦਾ ਜਨਮ ਮਨਜੀਤ ਕੌਰ ਦੀ ਕੁੱਖ ਵਿੱਚੋਂ ਹੁੰਦਾ ਹੈ| ਤਰਾਸਦੀ ਇਹ ਹੈ ਕਿ ਭੂਆ ਨੂੰ ਆਪਣਾ ਭਤੀਜਾ ਪਿਆਰਾ ਨਹੀਂ ਹੈ ਸਗੋਂ ਜ਼ਮੀਨ ਪਿਆਰੀ ਹੈ ਅਤੇ ਉਹ ਉਸ ਦੇ ਹਿੱਸੇ ਦੀ ਜ਼ਮੀਨ ਆਪਣੇ ਨਾਂ ਕਰਵਾ ਲੈਂਦੀ ਹੈ ਕਿਉਂਕਿ ਉਹ ਚੇਤਨ ਨੂੰ ਆਪਣਾ ਭਤੀਜਾ ਨਾ ਮੰਨ ਕੇ ਕਿਸੇ ਹੋਰ ਅਣਜਾਣ ਵਿਅਕਤੀ ਦਾ ਪੁੱਤ ਮੰਨਦੀ ਹੈ| ਪਰ ਚੇਤਨ ਨੂੰ ਇਹ ਦੁੱਖ ਨਹੀਂ ਕਿ ਉਸ ਦੀ ਭੂਆ ਨੇ ਉਸਦੇ ਹਿੱਸੇ ਦੀ ਜ਼ਮੀਨ ਲੈ ਲਈ ਹੈ ਸਗੋਂ ਇਸ ਕਰਕੇ ਦੁੱਖੀ ਹੈ ਕਿ ਉਸ ਨੂੰ ਕਿਸੇ ਹੋਰ ਦੀ ਔਲਾਦ ਸਮਝਦੀ ਹੈ|
ਕਹਾਣੀ ‘ਤਪਸ਼’ ਵਿਚ ਮਾਸਟਰ ਦਾ ਪਿਉ ਕਿਸੇ ਵੀ ਹੀਲੇ ਮਾੜੇ ਬੰਦਿਆਂ ਦੀ ਜ਼ਮੀਨ ਹਥਿਆਉਣ ਦਾ ਲਾਲਚ ਕਰਦਾ ਹੈ| ਕੈਲੂ ਦੇ ਮੁੰਡੇ ਨੂੰ ਨਸ਼ੇੜੀ ਬਣਾ ਕੇ ਉਸ ਦੀ ਕੈ ਦੀ ਜ਼ਮੀਨ ਲੈ ਕੇ ਆਪਣੇ ਪੋਤੇ ਰਾਜੇ ਦੇ ਨਾਂ ਕਰਵਾਉਂਦਾ ਹੈ| ਪਰ ਮਾਸਟਰ ਜੀ ਸੋਚ ਦਾ ਸਹੀ ਹੋਣ ਕਰਕੇ ਉਸ ਨੂੰ ਇਸ ਗੱਲ ਦੀ ਤਪਸ਼ ਰਹਿੰਦੀ ਹੈ| ‘ਕਹਾਣੀ’ ਦੂਜੀ ਦੇਹ ਵਿੱਚ ਪਾਤਰ ਮੇਸ਼ੀ ਆਪਣੇ ਚਾਚੇ ਨਾਜਰ ਦਾ ਮੁੰਡਾ ਹੈ ਪਰ ਉਹ ਦਿਖਾਵੇ ਦੇ ਤੌਰ ਤੇ ਦੇਸੇ ਦਾ ਮੁੰਡਾ ਹੀ ਜਾਣਿਆ ਜਾਂਦਾ ਹੈ ਅਤੇ ਤੇਜੀ ਨਾਜਰ ਦਾ ਅਸਲ ਮੁੰਡਾ ਹੈ| ਜਿਸ ਵਿੱਚ ਨਾਜਰ ਤੇ ਜੀਤੋ ਦੇ ਸਬੰਧ ਪ੍ਰਗਟ ਹੁੰਦੇ ਹਨ| ਮੇਸ਼ੀ ਨਾਜਰ ਦੀ ਮੌਤ ਤੋਂ ਬਾਅਦ ਹਰ ਸਮੇਂ ਸੁੰਨ ਹੋੋਇਆ ਦਿਖਾਇਆ ਹੈ| ਫਿਰ ਜੀਤੋ ਆਪਣੀ ਨੂੰਹ ਬੰਸੋ ਨੂੰ ਮੇਸ਼ੀ ਨਾਲ ਸਬੰਧ ਕਾਇਮ ਕਰਨ ਲਈ ਆਖਦੀ ਹੈ ਜਿਵੇ ਜੀਤੋ ਨੇ ਨਾਜਰ ਨਾਲ ਕੀਤਾ ਸੀ| ਪਰ ਦੁੱਧ ਲੈ ਕੇ ਆਈ ਭਾਬੀ ਬੰਸੋ ਨੂੰ ਚਾਹੁੰਦੇ ਹੋਏ ਵੀ ਉਹ ਨਾ ਛੂਹ ਸਕਿਆ ਕਿਉਂਕਿ ਉਸ ਸਾਹਮਣੇ ਪਈ ਚਾਚੇ ਨਾਜਰ ਦੀ ਫੋਟੋ ਵੇਖ ਕੇ ਲਗਿਆ ਜਿਵੇਂ ਦੇਹ ਪਲਟ ਕੇ ਚਾਚਾ ਉਸ ਦਾ ਰੂਪ ਧਾਰਨ ਕਰ ਗਿਆ ਹੋਵੇ ਅਤੇ ਉਸ ਦੀ ਚੰਗਿਆੜ ਨਿਕਲ ਜਾਂਦੀ ਹੈ ਜਦੋਂ ਉਹ ਕਹਿੰਦਾ ਹੈ‘‘ਹਾਏ ਨੀ ਬੀਬੀਏ ਮੈਥੋਂ ਨਹੀਂ ਇਹ ਜੂਲਾ ਪਵਾਇਆ ਜਾਣਾ|
ਪੁਸਤਕ ਦੀ ਅਸਲ ਕਹਾਣੀ ‘ਲਾਲ ਰੱਤਾ’ ਸਭ ਤੋਂ ਲੰਬੀ ਕਹਾਣੀ ਕਰੀਬ 25 ਪੰਨਿਆਂ ਤੇ ਵਿੱਛੀ ਹੋਈ ਹੈ| ਇਸ ਕਹਾਣੀ ਵਿੱਚ ਇਕ ਹੋਰ ਦਰਦ ਭਰੀ ਕਹਾਣੀ ਸ਼ਾਮਲ ਹੈ ਜਿਹੜੀ ਉਹਨਾਂ ਕਾਲਿਆਂ ਦਿਨਾਂ ਦੀ ਯਾਦ ਕਰਵਾਉਂਦੀ ਹੈ ਜਿਹੜੇ ਪੰਜਾਬ ਦੇ ਲੋਕਾਂ ਨੇ ਬੜੇ ਔਖੇ ਹੋ ਕੇ ਸਹੇ ਹਨ| ਅਮ੍ਰਿਤਸਰ ਕੰਮ ਕਰਦੇ ਸਹਿਕਰਮੀ ਕਮਲ ਅਤੇ ਜਮੀਲ ਦੀ ਇੱਕ ਵਿਆਹ ਲਈ ਕਸ਼ਮੀਰ ਜਾਂਦੇ ਹਨ ਤੇ ਉੱਥੇ ਇੱਕ ਬਜ਼ੁਰਗ ਰਸੀਦਾ ਨਾਲ ਮੁਲਾਕਾਤ ਹੁੰਦੀ ਹੈ| ਉਸ ਦੀ ਕਹਾਣੀ ਦਰਦਨਾਕ ਹੈ| ਰਸੀਦਾ ਅਤੇ ਉਸ ਦਾ ਪਿਓ ਬਸ਼ੀਰਾ ਕਸ਼ਮੀਰੀ ਲੋਈਆਂ ਆਦਿ ਪੰਜਾਬ ਵੇਚਣ ਆਉਂਦੇ ਹਨ| ਬਸ਼ੀਰਾ ਇਸ ਕੰਮ ਦੇ ਨਾਲ ਪੁਲਿਸ ਦਾ ਖ਼ੁਫ਼ੀਆ ਬਣ ਜਾਂਦਾ ਹੈ| ਫਿਰ ਥਾਣੇਦਾਰ ਲਹਿੰਬਰ ਸਿੰਘ ਦੇ ਕਹਿਣ ਤੇ ਰਸੀਦਾ ਨੂੰ ਵੀ ਇਸ ਕੰਮ ਨਾਲ ਜਬਰੀ ਜੋੜ ਲੈਂਦਾ ਹੈ| ਥਾਣੇਦਾਰ ਰਸੀਦਾ ਨੂੰ ਨੰਬਰਦਾਰ ਜਿਉਣ ਸਿੰਘ ਦੇ ਘਰ ਆਪਣੇ ਮਕਸਦ ਤਹਿਤ ਕੰਮ ਤੇ ਰਖਵਾ ਕੇ ਉਸ ਤੋਂ ਉਸ ਕੋਲ ਆਉਂਦੇ ਬੰਦਿਆਂ ਦੇ ਆਉਣ ਦੀ ਸੂਹ ਲੈਂਦਾ ਹੈ| ਉੱਧਰ ਜਿਉਣ ਸਿੰਘ ਦੀ ਧੀ ਤਾਰੋ ਰਸੀਦਾ ਨੰ ਸਵੈਟਰ ਬਣ ਕੇ ਦਿੰਦੀ ਹੈ ਤੇ ਆਪਣੇ ਲਈ ਕੁਝ ਮੰਗਦੀ ਹੈ| ਰਸੀਦਾ ਉਸ ਨੂੰ ਲਾਲ ਸ਼ਾਲ ਦੇਣੀ ਚਾਹੁੰਦਾ ਹੈ ਪਰ ਪੁਲਿਸ ਮੁਕਾਬਲੇ ਵਿੱਚ ਬੰਦਿਆਂ ਦੇ ਨਾਲ ਜਿਉਣ ਸਿੰਘ ਦਾ ਪਰਿਵਾਰ ਵੀ ਮਰ ਜਾਂਦਾ ਹੈ ਜਿਸ ਵਿਚ ਤਾਰੋ ਵੀ ਸ਼ਾਮਲ ਹੈ| ਇਹ ਸਦਮਾ ਰਸੀਦਾ ਨੂੰ ਵੀ ਲੈ ਡੁਬਦਾ ਹੈ| ਉਹ ਕਮਲ ਨੂੰ ਉਹ ਲਾਲ ਸ਼ਾਲ ਤਾਰੋ ਦੀ ਮੜ•ੀ ਤੇ ਰੱਖਣ ਲਈ ਦਿੰਦਾ ਹੈ|
ਪੁਸਤਕ ਵਿੱਚ ਥਾਣੇਦਾਰ ਦੇ ਤਾਂ ਪਹਿਲਾਂ ਹੀ ਸਟਾਰ ਲੱਗੇ ਹੁੰਦੇ ਹਨ ਫਿਰ ਇਹ ਕਹਿਣਾ ਕਿ ‘ਇਕ ਸਟਾਰ ਲੱਗ ਜਾਵੇਗਾ’ ਦਾ ਕੀ ਅਰਥ ਹੋ ਸਕਦਾ ਹੈ? ਪਿਆਰ ਮੁਹੱਬਤ ਵਿੱਚ ਸ਼ਬਦ ਕਹਿਣ ਦੀ ਲੋੜ ਨਹੀਂ ਹੁੰਦੀ-ਸਹੀ ਹੈ| ਕਹਾਣੀ ਦੇ ਪੰਨਾ ਨੰਬਰ 101 ਤੇ ਗਾਲ ਸਿੱਧੀ ਨਹੀਂ ਲਿਖਣੀ ਚਾਹੀਦੀ ਸੀ ਸਿਰਫ ‘ਭੈਣ—’ ਲਿਖ ਦੇਣਾ ਚਾਹੀਦਾ ਸੀ| ਉਂਝ ਕਹਾਣੀਆਂ ਬਹੁਤ ਵਧੀਆ ਹਨ| ਸਾਰੀਆਂ ਕਹਾਣੀਆਂ ਜ਼ਮੀਨੀ ਯਥਾਰਥ ਨਾਲ ਜੁੜੀਆਂ ਹੋਈਆਂ ਹਨ| ਪੁਸਤਕ ਦਾ ਸਵਾਗਤ ਹੈ|
ਸਾਬਕਾ ਏ.ਐਸ. ਪੀ ਨੈਸ਼ਨਲ ਐਵਾਰਡੀ
ਸੰਪਰਕ ਨੰ : 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



