ਬਲਦੇਵ ਸਿੰਘ ”ਪੂਨੀਆਂ”
(ਸਮਾਜ ਵੀਕਲੀ) ਇੱਕ ਵਾਰੀ ਮੈ ਆਪਣੇ ਮੁਲਖ ਨੂੰ ਗਿਆ ਤੇ ਦੋ ਕੁ ਮਹੀਨੇ ਰਿਹਾ ਉਦੋਂ ਸਾਗ ਦਾ ਸੀਜ਼ਨ ਚੱਲ ਰਿਹਾ ਸੀ ਤੇ ਅਸੀਂ ਸਾਰਾ ਪਰਵਾਰ ਮੇਰੇ ਕਿੰਨਿਆਂ ਈ ਦੋਸਤਾਂ ਤੋਂ ਇਲਾਵਾ ਮੇਰੀਆਂ ਤਿੰਨੇ ਭੈਣਾਂ, ਨਾਨਕਿਆਂ ਅਤੇ ਸਹੁਰਿਆਂ ਦੇ ਘਰ .. ਅਤੇ ਹੋਰ ਸਕੇ ਸਬੰਧੀਆਂ ਦੇ ਘਰ ਰਾਤ ਦਾ ਖਾਣਾ ਖਾਣ ਜਾਂਦੇ ਰਹੇ।ਰਾਤ ਦੇ ਖਾਣੇ ਦੀ ਖ਼ਾਸ ਗੱਲ ਇਹ ਸੀ ਕਿ ਜਿਸ ਘਰ ਵੀ ਜਾਂਦੇ ਰਹੇ ਉੱਥੇ ਦਾਲ ਤੇ ਸਬਜ਼ੀ ਤੋਂ ਇਲਾਵਾ ਸਾਗ ਜ਼ਰੂਰ ਬਣਿਆ ਹੁੰਦਾ ਸੀ ਜੋ ਸਾਨੂੰ ਸਾਰਿਆਂ ਨੂੰ ਬਹੁਤ ਸੁਆਦ ਲੱਗਦਾ ਸੀ,ਮੇਰੇ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਬੱਚਿਆਂ ਦੀ ਝਾਈ ਨੂੰ ਤਾਂ ਬਾਹਲਾ ਈ ਸੁਆਦੀ ਲੱਗਦਾ ਹੁੰਦਾ ਸਾਗ।
ਮੇਰੇ ਬੱਚਿਆਂ ਦੀ ਝਾਈ ਨੂੰ ਇੱਕ ਵਧੀਆ ਆਦਤ ਇਹ ਹੈ ਕਿ ਕਿਸੇ ਵੀ ਘਰ ਖਾਣਾ ਖਾਣ ਤੋਂ ਬਾਅਦ ਇੱਕ ਗੱਲ ਜ਼ਰੂਰ ਆਖਦੀ ਹੁੰਦੀ ਹੈ ਕਿ ”ਵਾਹ ਜੀ ਵਾਹ, ਖਾਣਾ ਬੜਾ ਸੁਆਦੀ ਬਣਾਇਆ ਤੁਸੀਂ”। ਉਦੋਂ ਅਸੀਂ ਜਿਸ ਘਰ ਵੀ ਰਾਤ ਦਾ ਖਾਣਾ ਖਾਣ ਜਾਣਾ ਤਾਂ ਖਾਣਾ ਖਾਣ ਤੋਂ ਬਾਅਦ ਮੇਰੇ ਬੱਚਿਆਂ ਦੀ ਝਾਈ ਨੇ ਆਖਣਾ,”ਸਾਰਾ ਕੁਛ ਈ ਬੜਾ ਸੁਆਦ ਬਣਾਇਆ ਤੁਸੀਂ ਪਰ ਸਾਗ ਬਣਾਉਣ ਆਲੇ ਤਾਂ ਵੱਟ ਈ ਕੱਢ ‘ਤੇ ਤੁਸੀਂ.. ਢਿੱਡ ਭਾਵੇਂ ਖੂਬ ਭਰ ਗਿਆ ਹੈ ਪਰ ਦਿਲ ਕਰਦਾ ਖਾਈ ਹੀ ਜਾਵਾਂ”। ਫਿਰ ਅਗਲੇ ਨੇ ਏਨਾ ਖੁਸ਼ ਹੋਣਾ ਕਿ ਤੁਰਨ ਲੱਗਿਆਂ ਨੂੰ ਡੋਲੂ ਸਾਗ ਦਾ ਭਰ ਦੇਣਾ ਸਾਨੂੰ,ਫਿਰ ਉਸ ਸਾਗ ਨੂੰ ਅਸੀਂ ਦੋ ਤਿੰਨ ਦਿਨ ਤੜਕ ਤੜਕ ਕੇ ਖਾਈ ਜਾਣਾ।
ਦੋ ਮਹੀਨਿਆਂ ਵਿਚ ਸਾਡੇ ਘਰ ਦੀ ਰਸੋਈ ਵਿਚ 12-13 ਕੁ ਖਾਲੀ ਡੋਲੂ ਇਕੱਠੇ ਹੋ ਗਏ ਸਨ ਤੇ ਫਿਰ ਜਦੋਂ ਕਿਸੇ ਰਿਸ਼ਤੇਦਾਰ ਜਾਂ ਦੋਸਤਾਂ ਨੇ ਮਿਲਣ ਗਿਲਣ ਆਉਣਾ ਤਾਂ ਮੇਰੇ ਬੱਚਿਆਂ ਦੀ ਝਾਈ ਨੇ ਉਹਨੂੰ ਰਸੋਈ ਵਿਚ ਲੈ ਜਾਣਾ ਤੇ ਆਖਣਾ,”ਆਪਣਾ ਡੋਲੂ ਪਛਾਣ ਕੇ ਲੈ ਜਾਵੋ”..ਤੇ ਬਚੇ ਹੋਏ ਛੇ ਡੋਲੂ ਅਜੇ ਵੀ ਸਾਡੀ ਰਸੋਈ ਵਿਚ ਸਜੇ ਹੋਏ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly