(ਸਮਾਜ ਵੀਕਲੀ)
ਐਤਵਾਰ ਦਾ ਦਿਨ ਸੀ। ਦਲਜੀਤ ਘਰ ਦੀ ਸਫਾਈ ਕਰ ਰਹੀ ਸੀ ਕਿਉਂਕਿ ਦੀਵਾਲੀ ਨੇੜੇ ਆ ਰਹੀ ਹੈ ਅੱਜ ਛੁੱਟੀ ਹੋਣ ਕਰਕੇ, ਨਾਸ਼ਤਾ ਕਰਨ ਵਿਚ ਏਨੀ ਕਾਹਲ ਨਹੀਂ ਸੀ। ਦਲਜੀਤ ਦੇ ਬੇਟਾ ਅਤੇ ਬੇਟੀ ਵੀ ਆਪਣੀ ਮਾਂ ਦੇ ਨਾਲ ਹੱਥ ਵਟਾ ਰਹੇ ਸਨ। ਏਨੇ ਨੂੰ ਗੇਟ ਖੜਕਿਆ , ਦਲਜੀਤ ਦਾ ਬੇਟਾ ਦਰਵਾਜਾ ਖੋਲ੍ਹਣ ਲਈ ਗਿਆ,
ਬੰਤਾ ਚਾਚਾ ਜੀ ਅੰਦਰ ਆ ਗਏ। ਦਲਜੀਤ ਨੇ ਉਹਨਾਂ ਨੂੰ ਬੈਠਣ ਲਈ ਕੁਰਸੀ ਦਿੱਤੀ। ਚਾਚਾ ਜੀ ਕਹਿਣ ਲੱਗੇ,”ਮੈਂ ਸੋਚਿਆ ਅੱਜ ਧੀ ਰਾਣੀ ਘਰ ਹੋਣੀ ਹੈ ਤੇ ਮੈਂ ਧੀ ਨੂੰ ਮਿਲ ਕੇ ਆਵਾਂ। ਲੱਗਦਾ ਧੀ ਰਾਣੀ ‘ਦੀਵਾਲੀ’ ਦੇ ਆਉਣ ਦੀਆਂ ਤਿਆਰੀਆਂ ਕਰ ਰਹੀ ਹੈ? ਉਨ੍ਹਾਂ ਨੇ ਆਪਣੀ ਗੱਲ ਦਾ ਆਪ ਹੀ ਉੱਤਰ ਦੇ ਦਿੱਤਾ।
ਦਲਜੀਤ ਉਨ੍ਹਾਂ ਲਈ ਰਸੋਈ ਵਿਚੋਂ ਚਾਹ ਬਣਾ ਕੇ ਲਿਆਈ, ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲੱਗੀ। ਚਾਚਾ ਜੀ ਕਹਿਣ ਲੱਗੇ ਮੈਂ ਖੇਤ ਵਿੱਚ ਗਿਆ ਸੀ, ਬੰਨੇ ਗੁੱਡ ਕੇ ਆਇਆ ਹਾਂ। ਕੱਲ ਦੀ ਦੀ ਮਿੰਦਰ ਨੇ ਖੇਤ ਨੂੰ ਅੱਗ ਲਾਈ ਸੀ। ਇਸ ਲਈ ਖੇਤ ਨੂੰ ਪਾਣੀ ਵੀ ਦਿੱਤਾ ਹੈ।
ਉਨ੍ਹਾਂ ਦੀ ਗੱਲ ਨੂੰ ਦਲਜੀਤ ਨੇ ਟੋਕਦਿਆਂ ਕਿਹਾ,”ਪਰਾਲੀ ਨੂੰ ਅੱਗ ਲਾਉਣਾ ਕਾਨੂੰਨੀ ਅਪਰਾਧ ਹੈ। ਇਸ ਨਾਲ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ ਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ।”
ਚਾਚਾ ਜੀ ਕਹਿਣ ਲੱਗੇ,”ਇਹ ਗੱਲ ਤਾਂ ਠੀਕ ਹੈ ਪਰ ਜਦੋਂ ਵਾਹਨਾਂ ਦਾ ਧੂੰਆਂ ਤੇ ਕਾਰਖਾਨਿਆਂ ਦਾ ਧੂੰਆਂ ਤੇ ਗੰਦਾ ਪਾਣੀ ਦਰਿਆਵਾਂ ਵਿਚ ਜਾਂਦਾ ਹੈ ਓਦੋਂ ਵਾਤਾਵਰਣ ਦੂਸ਼ਿਤ ਨਹੀਂ ਹੁੰਦਾ? ਨਾਲੇ ਹੁਣ ਦੀਵਾਲੀ ਵੀ ਆਉਣ ਵਾਲੀ ਹੈ ਦੇਸ਼ ਦੇ ਸਾਰੇ ਲੋਕਾਂ ਨੇ ਪਟਾਕੇ ਚਲਾਉਣੇ ਹਨ। ਵੱਡੇ ਵੱਡੇ ਪਟਾਕੇ ਠਾਹ ਠਾਹ ਦੀ ਆਵਾਜ ਨਾਲ ਪੂਰੇ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ। ਕੀ ਉਹ ਦੀਵਾਲੀ ਮਨਾਉਣ ਵਿੱਚ ਮਾਣ ਹੁੰਦਾ ਹੈ?
ਜਦੋਂ ਚਾਚਾ ਜੀ ਦੇ ਮੂੰਹੋਂ ਇਹ ਸ਼ਬਦ ਸੁਣੇ ਤਾਂ ਦਲਜੀਤ ਅਤੇ ਉਸਦੇ ਬੱਚੇ ਸੋਚਾਂ ਵਿੱਚ ਪੈ ਗਏ। ਥੋੜ੍ਹੀ ਦੇਰ ਚੁੱਪ ਰਹਿਣ ਪਿੱਛੋਂ ਉਹ ਕਹਿਣ ਲੱਗੇ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ।
ਦਿਲਜੀਤ ਪੂਰੇ ਵਿਸ਼ਵਾਸ ਨਾਲ ਕਹਿਣ ਲੱਗੀ ਕਿ ਚਾਚਾ ਜੀ ਅਸੀਂ ਇਸ ਵਾਰ ‘ਗਰੀਨ ਦੀਵਾਲੀ’ ਮਨਾਵਾਂਗੇ।
“ਧੀਏ ‘ਗਰੀਨ ਦਿਵਾਲੀ’ਕੀ ਹੁੰਦੀ ਹੈ?”, ਚਾਚਾ ਜੀ ਨੇ ਦਲਜੀਤ ਨੂੰ ਪੁੱਛਿਆ। ਦਲਜੀਤ ਕਹਿਣ ਲੱਗੀ,”ਦੀਵਾਲੀ ਵਾਲੇ ਦਿਨ ਪਰਿਵਾਰ ਦੇ ਮੈਂਬਰ ਮਿਲ ਕੇ ਆਪਣੇ ਘਰ ਪੌਦੇ ਜਾਂ ਫੁੱਲਾਂ ਦੇ ਬੂਟੇ ਲਗਾਉਣਗੇ। ਕੈਮਿਕਲ ਪਟਾਕਿਆਂ ਦੀ ਵਰਤੋਂ ਬਿਲਕੁਲ ਨਹੀਂ ਕਰਾਂਗੇ। ਰਾਤ ਨੂੰ ਕੋਠੇ ਦੀ ਛੱਤ ਤੇ ਦੀਵੇ ਜਾਂ ਮੋਮਬੱਤੀਆਂ ਜਗਾ ਕੇ ਪੂਰੇ ਘਰ ਦੀ ਜਗਮਗ ਕਰਾਂਗੇ।”
ਇਹ ਸੁਣ ਕੇ ਚਾਚਾ ਜੀ ਮੁਸਕਰਾਏ। ਕੁਰਸੀ ਤੋਂ ਉੱਠਣ ਲੱਗੇ ਕਹਿਣ ਲੱਗੇ,”ਚੰਗਾ ਫਿਰ,ਮੈਂ ਵੀ ਏਸ ਵਾਰ ‘ਗਰੀਨ ਦੀਵਾਲੀ’ ਮਨਾਵਾਂਗਾ। ਖੇਤ ਵਿੱਚ ਛਾਂਦਾਰ ਤੇ ਫ਼ਲਾਂ ਦੇ ਬੂਟੇ ਲਗਾਵਾਂਗਾ ,ਤੇ ਰਹਿੰਦੇ ਖੇਤਾਂ ਦੀ ਪਰਾਲੀ ਨਹੀਂ ਸਾੜਾਂਗਾ, ਨਾ ਹੀ ਦੀਵਾਲੀ ਵਾਲੇ ਦਿਨ ਕੈਮੀਕਲ ਪਟਾਕਿਆਂ ਦੀ ਵਰਤੋਂ ਕਰਾਂਗਾ।”
ਦਲਜੀਤ ਤੇ ਉਸਦੇ ਬੱਚਿਆਂ ਦੇ ਮੂੰਹ ਤੇ ਮੁਸਕਾਨ ਫੈਲ ਗਈ , ਸਾਰੇ ਮਿਲ ਕੇ ਕਹਿਣ ਲੱਗੇ, ਇਸ ਵਾਰ ਅਸੀਂ ‘ਗਰੀਨ ਦੀਵਾਲੀ’ ਮਨਾਵਾਂਗੇ।
ਚਾਚਾ ਵੀ ਹੱਸਦੇ-ਹੱਸਦੇ ਘਰੋਂ ਬਾਹਰ ਚਲੇ ਗਏ।
ਸਰਿਤਾ ਦੇਵੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly