ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਸਿੱਖਿਆ ਵਿਭਾਗ ਦਾ ਵਧੀਆ ਉਪਰਾਲਾ

ਮਾਸਟਰ ਜਸਵਿੰਦਰ ਸਿੰਘ

(ਸਮਾਜ ਵੀਕਲੀ)

ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵੱਖ-ਵੱਖ ਜਨਤਕ ਥਾਵਾਂ ਤੇ ਸਟਾਲਾਂ ਲਗਾ ਕੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਕਿਤਾਬਾਂ ਦੇ ‘ਲਾਇਬਰੇਰੀ ਲੰਗਰ’ ਲਗਾਏ ਗਏ ਅਤੇ ਵਿਦਿਆਰਥੀਆਂ ਦੇ ਘਰ-ਘਰ ਜਾ ਕੇ ਉਹਨਾਂ ਨੂੰ ਕਿਤਾਬਾਂ ਵੰਡੀਆਂ ਗਈਆਂ। ਇਸ ਮੌਕੇ ਵਿਦਿਆਰਥੀਆਂ ਵਿੱਚ ਕਿਤਾਬਾਂ ਪ੍ਰਾਪਤ ਕਰਨ ਲਈ ਬਹੁਤ ਭਾਰੀ ਉਤਸ਼ਾਹ ਪਾਇਆ ਗਿਆ।

ਸਿੱਖਿਆ ਵਿਭਾਗ ਵੱਲੋਂ ਹਰ ਬੱਚੇ ਦੇ ਹੱਥ ਵਿੱਚ ਕਿਤਾਬ ਪਹੁੰਚਾਉਣ ਦੇ ਉਦੇਸ਼ ਨਾਲ਼ ਲਾਇਬ੍ਰੇਰੀ ਲੰਗਰ ਦੀ ਮੁਹਿੰਮ ਅਰੰਭ ਕੀਤੀ ਗਈ ਹੈ ਤਾਂ ਕਿ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਹੋ ਸਕੇ ਅਤੇ ਵਿਦਿਆਰਥੀਆਂ ਨੂੰ ਚੰਗੇ ਸਾਹਿਤ ਨਾਲ ਜੋੜਿਆ ਜਾ ਸਕੇ। ਸਾਹਿਤਕ ਪੁਸਤਕਾਂ ਪੜ੍ਹਨੀਆਂ ਕੇਵਲ ਬੱਚਿਆਂ, ਅਧਿਆਪਕਾਂ ਲਈ ਹੀ ਨਹੀਂ ਸਗੋਂ ਹਰ ਮਨੁੱਖ ਲਈ ਜ਼ਰੂਰੀ ਹਨ। ਆਪ ਚੁੱਪ ਰਹਿਣ ਵਾਲੀਆਂ ਕਿਤਾਬਾਂ ਇਸਨੂੰ ਪੜ੍ਹਨ ਵਾਲੇ ਨੂੰ ਬੋਲਣਾ ਸਿਖਾਉਂਦੀਆਂ ਹਨ, ਮਨੁੱਖ ਨੂੰ ਉਸਦੇ ਹੱਕਾਂ ਅਤੇ ਫ਼ਰਜ਼ਾਂ ਪ੍ਰਤੀ ਚੇਤੰਨ ਰਹਿਣ ਦਾ ਸਬਕ ਪੜ੍ਹਾਉਂਦੀਆਂ ਹਨ। ਇਸ ਲਈ ਆਪਣੇ ਸਰਵਪੱਖੀ ਵਿਕਾਸ ਲਈ ਹਰ ਮਨੁੱਖ ਨੂੰ ਕਿਤਾਬਾਂ ਨਾਲ਼ ਸਾਂਝ ਪਾਉਣੀ ਚਾਹੀਦੀ ਹੈ।

ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਮਨੁੱਖ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਉਸ ਦੀ ਬੁੱਧੀ ਦਾ ਵਿਕਾਸ ਵੀ ਹੁੰਦਾ ਹੈ। ਕਿਤਾਬਾਂ ਸਾਡੇ ਸਾਰੇ ਵਿਚਾਰਾਂ ਨੂੰ ਬਦਲ ਕੇ ਰੱਖ ਦਿੰਦੀਆਂ ਹਨ । ਕਿਤਾਬਾਂ ਚੰਗੀ ਅਧਿਆਪਕ ਦੀ ਤਰ੍ਹਾਂ ਹੁੰਦੀਆਂ ਹਨ, ਜੋ ਸਾਡਾ ਉਮਰ ਭਰ ਸਾਥ ਦਿੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਸਾਨੂੰ ਜ਼ਿੰਦਗੀ ਜਿਉਣ ਲਈ ਚੰਗੀ ਸੇਧ ਮਿਲਦੀ ਹੈ । ਚੰਗੀਆਂ ਕਿਤਾਬਾਂ ਸਾਨੂੰ ਤਰੋ ਤਾਜ਼ਾ ਕਰ ਦਿੰਦੀਆਂ ਹਨ ।

ਹਰ ਚੰਗੀ ਕਿਤਾਬ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਜੋ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦਾ ਹੈ। ਕਿਤਾਬਾਂ ਪੜ੍ਹਨ ਵਾਲਾ ਬੰਦਾ ਕਦੇ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਉਹ ਘਰ ਬੈਠਿਆਂ ਹੀ ਕਿਤਾਬਾਂ ਰਾਹੀਂ ਵਿਦੇਸ਼ਾਂ ਦੀ ਸੈਰ ਕਰ ਲੈਂਦਾ ਹੈ । ਕਿਤਾਬਾਂ ਪੜ੍ਹਨ ਨਾਲ ਤੁਸੀਂ ਇੱਕ ਵਧੀਆ ਲੇਖਕ ਵੀ ਬਣ ਜਾਂਦੇ ਹੋ । ਇਸ ਰਾਹੀਂ ਬਹੁਤ ਸਾਰੇ ਵਿਚਾਰ ਦਿਮਾਗ ਵਿੱਚ ਆਉਂਦੇ ਹਨ। ਵਧੀਆ ਵਿਚਾਰ ਦਿਮਾਗ ਵਿੱਚ ਆਉਣ ਨਾਲ ਤੁਸੀਂ ਵਧੀਆ ਲੇਖ ਵੀ ਬਣ ਸਕਦੇ ਹੋ ।

ਅਜੌਕੇ ਸਮੇਂ ਵਿੱਚ ਤਾਂ ਕਿਤਾਬਾਂ ਪੜ੍ਹਨ ਦੀ ਆਦਤ ਖਤਮ ਹੀ ਹੋ ਚੁੱਕੀ ਹੈ। ਵਿਦਿਆਰਥੀ ਅੱਜ ਕੱਲ੍ਹ ਵਟਸਐਪ ,ਫੇਸਬੁੱਕ ਜਾਂ ਹੋਰ ਸਾਈਟਸ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ । ਅੱਜ ਇੰਨੇ ਸਾਧਨ ਹੋਣ ਦੇ ਬਾਵਜੂਦ ਵੀ ਕਿਤਾਬਾਂ ਪੜ੍ਹਨ ਦਾ ਰੁਝਾਨ ਘੱਟ ਰਿਹਾ ਹੈ । ਜਿਸ ਤਰ੍ਹਾਂ ਆਮ ਕਿਹਾ ਵੀ ਜਾਂਦਾ ਹੈ ਕਿ ਚੋਰ ਚਾਹੇ ਜੋ ਮਰਜ਼ੀ ਚੋਰੀ ਕਰਕੇ ਲੈ ਜਾਵ ਪਰ ਜੋ ਇਹ ਕਿਤਾਬੀ ਗਿਆਨ ਹੈ, ਇਸ ਨੂੰ ਚੋਰੀ ਨਹੀਂ ਕਰ ਸਕਦਾ। ਜੇ ਮਾਂ ਬਾਪ ਘਰ ਵਿੱਚ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦੇਣਗੇ ਤਾਂ ਉਨ੍ਹਾਂ ਦੀ ਦੇਖਾ ਦੇਖੀ ਵਿੱਚ ਬੱਚਿਆਂ ਵਿੱਚ ਆਪਣੇ ਆਪ ਦਿਲਚਸਪੀ ਪੈਦਾ ਹੋਵੇਗੀ ।

ਅਕਸਰ ਆਮ ਪਰਿਵਾਰਾਂ ਵਿੱਚ ਦੇਖਿਆ ਜਾਂਦਾ ਹੈ ਕਿ ਘਰ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਹਨ ਪਰ ਘਰ ਵਿੱਚ ਇੱਕ ਮਿੰਨੀ ਲਾਇਬ੍ਰੇਰੀ ਤੱਕ ਨਹੀਂ ਹੁੰਦੀ। ਲਾਕਡਾਊਨ ਦੌਰਾਨ ਬੱਚਿਆਂ ਕੋਲ ਬਹੁਤ ਸਮਾਂ ਸੀ । ਜੇ ਉਹ ਇਹ ਸਮਾਂ ਚੰਗੀਆਂ ਕਿਤਾਬਾਂ ਪੜ੍ਹਨ ਵਿੱਚ ਗੁਜ਼ਾਰਦੇ ਤਾਂ ਉਨ੍ਹਾਂ ਨੂੰ ਇਕੱਲਾਪਣ ਮਹਿਸੂਸ ਨਾ ਹੁੰਦਾ । ਸੁਣਨ ਵਿੱਚ ਵੀ ਆਇਆ ਹੈ ਕਿ ਕਈ ਬੱਚਿਆਂ ਨੇ ਕੋਸ਼ਿਸ਼ ਵੀ ਕੀਤੀ ਹੈ ਜੇ ਉਹ ਕੋਸ਼ਿਸ਼ ਕਰਨਗੇ ਤਾਂ ਆਪਣੇ ਆਪ ਉਨ੍ਹਾਂ ਦਾ ਕਿਤਾਬਾਂ ਵੱਲ ਦਿਲਚਸਪੀ ਜ਼ਿਆਦਾ ਵਧੇਗੀ। ਜਿੱਥੇ ਵੀ ਪੁਸਤਕ ਮੇਲਾ ਲੱਗਦਾ ਹੈ ਉਸ ਪੁਸਤਕ ਮੇਲੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਜਾਣ ।ਜਿਹੜੀ ਵੀ ਉੱਥੇ ਪੁਸਤਕ ਪਸੰਦ ਆਉਂਦੀ ਹੈ ਉਸ ਨੂੰ ਘਰ ਲੈ ਕੇ ਆਉਣ । ਦੇਖਣ ਵਿੱਚ ਆਉਂਦਾ ਹੈ ਕਿ ਜੋ ਬੱਚਿਆਂ ਦੇ ਸਿਲੇਬਸ ਵਿੱਚ ਹੁੰਦਾ ਹੈ, ਬੱਚੇ ਉਹੀ ਕਿਤਾਬਾਂ ਪੜ੍ਹਦੇ ਹਨ । ਲਾਇਬ੍ਰੇਰੀਆਂ ਵਿੱਚ ਤਾਂ ਬੱਚੇ ਬਿਲਕੁਲ ਵੀ ਨਹੀਂ ਜਾਂਦੇ ।

ਲਾਇਬ੍ਰੇਰੀਆਂ ਵਿੱਚ ਕਈ ਕਿਤਾਬਾਂ ਇੰਝ ਹੀ ਪਈਆਂ ਰਹਿੰਦੀਆਂ ਹਨ। ਜੋ ਵਿਦਿਆਰਥੀ ਕਿਤਾਬਾਂ ਬਿਲਕੁਲ ਵੀ ਨਹੀਂ ਪੜ੍ਹਦੇ, ਜੇ ਕਿਤੇ ਮੌਕਾ ਉਨ੍ਹਾਂ ਨੂੰ ਮਿਲ ਜਾਵੇ ਕਿ ਤੁਸੀਂ ਪੰਜ ਮਿੰਟ ਬੋਲਣਾ ਹੈ ਤਾਂ ਉਹ ਬੋਲ ਨਹੀਂ ਸਕਦੇ। ਅਜਿਹੇ ਵਿਦਿਆਰਥੀ ਫਿਰ ਮੁਕਾਬਲੇ ਦੀ ਪ੍ਰੀਖਿਆਵਾਂ ਨੂੰ ਵੀ ਪਾਸ ਨਹੀਂ ਕਰ ਸਕਦੇ ।ਆਮ ਲਾਇਬ੍ਰੇਰੀਆਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਦੱਖਣ ਭਾਰਤ ਦੇ ਵਿਦਿਆਰਥੀ ਬਹੁਤ ਸਮਾਂ ਕਿਤਾਬਾਂ ਪੜ੍ਹਨ ਨੂੰ ਦਿੰਦੇ ਹਨ ।

ਸਾਡੇ ਪੂਰੇ ਭਾਰਤ ਵਿੱਚ ਦੱਖਣ ਭਾਰਤ ਦੇ ਵਿਦਿਆਰਥੀ ਜ਼ਿਆਦਾ ਮਿਹਨਤੀ ਮੰਨੇ ਜਾਂਦੇ ਹਨ ।ਮੁਕਾਬਲੇ ਦੀ ਪ੍ਰੀਖਿਆਵਾਂ ਵਿੱਚ ਤਕਰੀਬਨ ਟਾਪਰ ਦੱਖਣ ਭਾਰਤ ਦੇ ਵਿਦਿਆਰਥੀ ਹੀ ਹੁੰਦੇ ਹਨ। ਸਾਨੂੰ ਅਜਿਹੇ ਵਿਦਿਆਰਥੀਆਂ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਸਾਡੇ ਵਿਦਿਆਰਥੀਆਂ ਦੀ ਦਿਲਚਸਪੀ ਕਿਤਾਬਾਂ ਵੱਲ ਜ਼ਿਆਦਾ ਹੋਵੇ ।

ਮਾਸਟਰ ਜਸਵਿੰਦਰ ਸਿੰਘ
ਸਾਇੰਸ ਅਧਿਆਪਕ
9815864433
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਜ਼ਿਲ੍ਹਾ ਸੰਗਰੂਰ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਬ ਦਾ ਜਨਮ ਦਿਨ
Next articlePM apprises floor leaders of both houses on govt response to Covid